ਸਰਕਾਰ ਦੀ ਸਖਤੀ ਤੋਂ ਬਾਅਦ ਸੋਨੇ ਦੀ ਸਮੱਗਲਿੰਗ ਵਧੀ
ਸਰੀਰ ਦੇ ਅੰਗ ਫਾੜ ਕੇ ਲਿਆਂਦਾ ਜਾ ਰਿਹਾ ਹੈ ਭਾਰਤ ਵਿਚ ਸੋਨਾ
ਮੁੰਬਈ-ਭਾਰਤ ਵਿਚ ਸੋਨੇ ਦੇ ਸਮਗਲਰਾਂ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਸੋਨੇ ਦੀ ਦਰਾਮਦ 'ਤੇ ਲਾਏ ਗਏ 10 ਫੀਸਦੀ ਦਰਾਮਦ ਟੈਕਸ ਦੇ ਚੱਲਦਿਆਂ ਸੋਨੇ ਦੀ ਸਮੱਗਲਿੰਗ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਸੋਨੇ ਦੀ ਸਮੱਗਲਿੰਗ  ਲਈ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਜਿਹੜੇ ਅਕਸਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਅਪਣਾਏ ਜਾਂਦੇ ਹਨ। ਸੋਨੇ ਦੇ ਇਹ ਸਮੱਗਲਰ ਇੰਪੋਰਟੈਂਟ ਗੱਡੀਆਂ ਦੀ ਦਰਾਮਦ ਕਰਕੇ ਉਨ੍ਹਾਂ ਵਿਚ ਸੋਨਾ ਲੁਕਾਉਣ ਤੋਂ ਇਲਾਵਾ ਅਜਿਹੇ ਵਿਅਕਤੀਆਂ ਦਾ ਇਸਤੇਮਾਲ ਕਰ ਰਹੇ ਹਨ ਜਿਹੜੇ ਸੋਨੇ ਨੂੰ ਆਪਣੇ ਸਰੀਰ ਦੇ ਅੰਗ ਫਾੜ ਕੇ ਲੁਕੋ ਲੈਂਦੇ ਹਨ ਅਤੇ ਏਅਰਪੋਰਟ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਤੋਂ ਬਚ ਨਿਕਲਦੇ ਹਨ। ਵਪਾਰ ਘਾਟੇ ਤੋਂ ਜੂਝ ਰਹੀ ਭਾਰਤ ਸਰਕਾਰ ਨੇ ਵਿਦੇਸ਼ ਤੋਂ ਸੋਨਾ ਮੰਗਵਾਉਣ 'ਤੇ 10 ਫੀਸਦੀ ਦਰਾਮਦ ਟੈਕਸ ਲਗਾਇਆ ਹੈ ਜਦੋਂਕਿ ਸੋਨੇ ਦੇ ਗਹਿਣੇ ਲਿਆਉਣ 'ਤੇ ਟੈਕਸ ਦੀ ਇਹ ਦਰ 15 ਫੀਸਦੀ ਹੈ। ਰਵਾਇਤੀ ਤੌਰ 'ਤੇ ਦੁਬਈ ਤੋਂ ਹੀ ਸੋਨੇ ਦੀ ਤਸਕਰੀ ਕੀਤੀ ਜਾਂਦੀ ਸੀ ਪਰ ਹਾਲ ਹੀ ਵਿਚ ਸ਼੍ਰੀਲੰਕਾ, ਥਾਈਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਤੋਂ ਵੀ ਭਾਰਤ ਵਿਚ ਸੋਨੇ ਦੀ ਸਮੱਗਲਿੰਗ ਹੋ ਰਹੀ ਹੈ। ਮੁੰਬਈ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀ ਕਿਰਨ ਕੁਮਾਰ ਕਰੀਅੱਪੂ ਨੇ ਦੱਸਿਆ ਕਿ ਸੋਨਾ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਦੋ ਵੱਖਰੇ-ਵੱਖਰੇ ਸਿੰਡੀਕੇਟ ਹਨ ਪਰ ਇਨ੍ਹੀਂ ਦਿਨੀਂ ਸੋਨੇ ਦੀ ਸਮੱਗਲਿੰਗ ਵਿਚ ਜ਼ਿਆਦਾ ਫਾਇਦਾ ਨਜ਼ਰ ਆਉਂਦਾ ਹੈ ਅਤੇ ਇਹ ਅੱਜਕਲ ਨਵਾਂ ਟ੍ਰੈਂਡ ਬਣ ਰਿਹਾ ਹੈ। ਸਰਕਾਰ ਵਲੋਂ ਸੋਨੇ ਦੀ ਦਰਾਮਦ 'ਤੇ ਲਾਈਆਂ ਗਈਆਂ ਸ਼ਰਤਾਂ ਅਤੇ ਟੈਕਸ ਤੋਂ ਬਾਅਦ ਸੋਨੇ ਦੀ ਸਮੱਗਲਿੰਗ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਕਾਬਲੇ ਕਈ ਗੁਣਾ ਵਾਧਾ ਹੋ ਗਿਆ ਹੈ। ਭਾਰਤ ਵਿਚ ਹਰ ਸਾਲ ਕਰੀਬ 900 ਟਨ ਸੋਨੇ ਦੀ ਮੰਗ ਹੁੰਦੀ ਹੈ ਅਤੇ ਵਿਸ਼ਵ ਗੋਲਡ ਕੌਂਸਲ ਨੂੰ ਇਸ ਸਾਲ ਭਾਰਤ ਵਿਚ 150 ਤੋਂ 200 ਟਨ ਸੋਨਾ ਸਮੱਗਲਿੰਗ ਜ਼ਰੀਏ ਲਿਆਉਣ ਦਾ ਖਦਸ਼ਾ ਹੈ। ਭਾਰਤ ਵਿਚ ਵਧਦੀ ਸੋਨੇ ਦੀ ਸਮੱਗਲਿੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਦੇ 6 ਮਹੀਨਿਆਂ ਵਿਚ ਪਿਛਲੇ ਸਾਲ ਦੀ ਇਸੇ ਛਮਾਹੀ ਮੁਕਾਬਲੇ ਸਮੱਗਲਰਾਂ ਪਾਸੋਂ ਦੁੱਗਣਾ ਸੋਨਾ ਬਰਾਮਦ ਕੀਤਾ ਗਿਆ ਹੈ। ਨਾਮ ਨਾ ਛਾਪਣ ਦੀ ਸ਼ਰਤ 'ਤੇ ਖੁਫੀਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਮੱਗਲਿੰਗ ਰਾਹੀਂ ਲਿਆਏ ਜਾਣ ਵਾਲੇ ਕੁੱਲ ਸੋਨੇ ਦਾ ਸਿਰਫ ਇਕ ਜਾਂ ਦੋ ਫੀਸਦੀ ਹੀ ਫੜਿਆ ਜਾਂਦਾ ਹੈ। ਮਾਲ ਵਿਭਾਗ ਦੇ ਖੁਫੀਆ ਅਧਿਕਾਰੀਆਂ ਮੁਤਾਬਕ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਲਈ ਫਿਲਹਾਲ ਦੁਬਈ ਹੀ ਪਸੰਦੀਦਾ ਦੇਸ਼ ਬਣਿਆ ਹੋਇਆ ਹੈ, ਹਾਲਾਂਕਿ ਹੌਲੀ-ਹੌਲੀ ਸਿੰਗਾਪੁਰ ਅਤੇ ਸ਼੍ਰੀਲੰਕਾ ਰਸਤੇ ਵੀ ਸੋਨੇ ਦੀ ਸਮੱਗਲਿੰਗ ਹੋ ਰਹੀ ਹੈ।