ਮਿਸ ਪੂਜਾ ਦੇ ਰਾਜਨੀਤੀ ਵਿੱਚ ਆਉਣ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਰੋਸ 
* ਇੱਕ ਅਕਾਲੀ ਨੇਤਰੀ ਨੇ ਵੀ ਭਾਜਪਾਈਆਂ ਨੂੰ ਝਾੜਿਆ
ਜਲੰਧਰ, 19 ਦਸੰਬਰ - ਭਾਜਪਾ ਨੇ ਸੋਮਵਾਰ ਨੂੰ ਗਾਇਕਾ ਮਿਸ ਪੂਜਾ ਨੂੰ ਪਾਰਟੀ ਵਿੱਚ ਸ਼ਾਮਲ ਤਾਂ ਕਰਵਾ ਲਿਆ, ਪ੍ਰੰਤੂ ਉਸ ਨੂੰ ਇਸ ਮਾਮਲੇ ਵਿੱਚ ਕਾਫੀ ਵਿਰੋਧ ਸਹਿਣਾ ਪੈ ਰਿਹਾ ਹੈ। ਉਸ ਦੇ ਹੁਸ਼ਿਆਰਪੁਰ ਸੰਸਦੀ ਸੀਟ ਤੋਂ ਸੰਭਾਵਤ ਉਮੀਦਵਾਰ ਹੋਣ ਕਾਰਨ ਭਾਜਪਾ ਵਰਕਰ ਪਾਰਟੀ ਦੇ ਇਸ ਰਵੱਈਏ ਤੋਂ ਪ੍ਰੇਸ਼ਾਨ ਹਨ ਤੇ ਸੰਗਠਨ ਦੀ ਭੂਮਿਕਾ ‘ਤੇ ਸਵਾਲ ਉਠਣ ਲੱਗੇ ਹਨ। ਇਸ ਮਾਮਲੇ ਵਿੱਚ ਕੁਝ ਅਕਾਲੀ ਦਲ ਦੇ ਨੇਤਾ ਵੀ ਨਾ ਕੇਵਲ ਭਾਜਪਾ ਨੂੰ ਕੋਸ ਰਹੇ ਹਨ, ਬਲਕਿ ਭਾਜਪਾ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਚੁਟਕੀਆਂ ਵੀ ਲੈ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਚੰਡੀਗੜ੍ਹ ਦਫਤਰ ਵਿੱਚ ਮਿਸ ਪੂਜਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਵੇਲੇ ਭਾਜਪਾਈਆਂ ਦੇ ਚਮਕ ਰਹੇ ਚਿਹਰੇ ਕੱਲ੍ਹ ਸਾਰਾ ਦਿਨ ਚਰਚਾ ਦਾ ਵਿਸ਼ਾ ਰਹੇ। ਚਰਚਾ ਰਹੀ ਕਿ ਭਾਜਪਾ ਦੇ ਜੋ ਨੇਤਾ ਦਿਨ, ਵਾਰ ਤਰੀਕ ਦੇਖ ਕੇ ਸ਼ੇਵ ਕਰਾਉਂਦੇ ਸਨ, ਉਹ ਵੀ ਸੋਮਵਾਰ ਨੂੰ ਸਵੇਰੇ ਸਜੇ-ਧਜੇ ਦਿਖਾਈ ਦਿੱਤੇ। ਇਹੀ ਨਹੀਂ ਮਿਸ ਪੂਜਾ ਜਿਸ ਗੱਡੀ ਵਿੱਚ ਪਾਰਟੀ ਦਫਤਰ ਪਹੁੰਚੀ, ਉਸੇ ਵਿੱਚ ਕਿਸੇ ਸਮੇਂ ਚਰਚਿਤ ਚਿਹਰਾ ਰਹੇ ਜਿੰਮੀ ਕਾਲੀਆ ਨੂੰ ਦੇਖਿਆ ਗਿਆ। ਉਂਝ ਰਾਜਨੀਤੀ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਪੂਜਾ ਨੂੰ ਪਾਰਟੀ ਵਿੱਚ ਲਿਆਉਣ ਵਿੱਚ ਜਿੰਮੀ ਕਾਲੀਆ ਦਾ ਕੀ ਯੋਗਦਾਨ ਸੀ। ਇਸ ਗੱਲ ਨੂੰ ਲੈ ਕੇ ਫਿਲਹਾਲ ਖੁਲਾਸਾ ਨਹੀਂ ਹੋਇਆ, ਪਰ ਜਿੰਮੀ ਦੀ ਮੌਜੂਦਗੀ ਨੇ ਕਈ ਸਵਾਲ ਖੜੇ ਕਰ ਦਿੱਤੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮਿਸ ਪੂਜਾ ਦੇ ਪਤੀ ਤੇ ਜਿੰਮੀ ਦੀ ਆਪੋ ਵਿੱਚ ਕੁਝ ਜਾਣ-ਪਛਾਣ ਹੈ। ਜਿੰਮੀ ਦਾ ਮੌਜੂਦ ਰਹਿਣਾ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਛੇੜ ਗਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਵਿੱਚ ਪੰਜਾਬੀ ਗਾਇਕਾ ਨੂੰ ਭਜਾਪਾ ਵਿੱਚ ਸ਼ਾਮਲ ਕਰਾਉਣ ‘ਤੇ ਕਈ ਪ੍ਰਕਾਰ ਦੀ ਚਰਚਾ ਹੈ। ਅਕਾਲੀ ਦਲ ਦੇ ਕਈ ਨੇਤਾ ਇਹ ਵੀ ਵਿਅੰਗ ਕੱਸ ਰਹੇ ਹਨ ਕਿ ਭਾਜਪਾ ਕੋਲ ਹੁਣ ਚੋਣਾਂ ਵਿੱਚ ਖੜੇ ਕਰਨ ਲਈ ਨੇਤਾ ਨਹੀਂ ਰਹੇ। ਇੱਕ ਮਹਿਲਾ ਅਕਾਲੀ ਨੇਤਰੀ ਨੇ ਕਪੂਰਥਲਾ ਵਿੱਚ ਭਾਜਪਾ ਨੇਤਾਵਾਂ ਨੂੰ ਸਿੱਧੇ ਉਨ੍ਹਾਂ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਇਹ ਤੁਸੀਂ ਕੀ ਕਰ ਰਹੇ ਹੋ। ਕੀ ਤੁਹਾਡੇ ਕੋਲ ਕੋਈ ਉਮੀਦਵਾਰ ਹੀ ਨਹੀਂ ਬਚਿਆ, ਜਿਸ ‘ਤੇ ਭਰੋਸਾ ਕਰ ਸਕੋ।