ਨਿਊਯਾਰਕ—ਅਮਰੀਕੀ ਸਿੱਖ ਸੰਸਥਾ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਸੋਧ ਕੀਤੀ ਹੋਈ ਪਟੀਸ਼ਨ ਦਾਇਰ ਕਰ ਦਿੱਤੀ ਹੈ। ਸੋਨੀਆ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਵੰਬਰ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀ ਕਾਂਗਰਸ ਨੇਤਾਵਾਂ ਦਾ ਬਚਾਅ ਕੀਤਾ ਅਤੇ ਉਨ੍ਹਾਂ ਨੂੰ ਸ਼ਰਨ ਦਿੱਤੀ।
ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਪਟੀਸ਼ਨ ਅਮਰੀਕੀ ਸੰਘੀ ਅਦਾਲਤ ਵਿਚ ਬੁੱਧਵਾਰ ਨੂੰ ਦਾਇਰ ਕੀਤੀ। 1984 ਦੇ ਦੰਗਾ ਪੀੜਤਾਂ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਦੇ ਅਧੀਨ ਇਹ ਮਾਮਲਾ ਅਮਰੀਕੀ ਅਦਾਲਤ ਦੇ ਅਧਿਕਾਰ ਖੇਤਰ ਦੇ ਅਧੀਨ ਆਉਂਦਾ ਹੈ। ਕੁੱਲ 38 ਪੇਜਾਂ ਦੀ ਪਟੀਸ਼ਨ ਵਿਚ ਸੋਨੀਆ ਦੇ ਖਿਲਾਫ ਸੁਣਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਣ-ਬੁੱਝ ਕੇ ਅਜਿਹੀਆਂ ਗਲਤੀਆਂ ਕੀਤੀਆਂ ਹਨ ਅਤੇ ਇਸ ਲਈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਐੱਸ. ਐੱਫ. ਜੇ. ਦੇ ਵਕੀਲ ਗੁਰਪਤਵੰਤ ਐੱਸ. ਪੁਨੂੰ ਦਾ ਕਹਿਣਾ ਹੈ ਕਿ ਇਸ ਪਟੀਸ਼ਨ ਦੇ ਜਵਾਬ ਵਿਚ ਸੋਨੀਆ ਗਾਂਧੀ 11 ਦਸੰਬਰ ਤੱਕ ਅਮਰੀਕੀ ਅਦਾਲਤ ਨੂੰ ਸੂਚਿਤ ਕਰਨਾ ਪਵੇਗਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਸ ਮਾਮਲੇ ਦਾ ਜਵਾਬ ਦੇਣਾ ਚਾਹੁੰਦੀ ਹੈ ਜਾਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੀ ਹੈ।