ਹਲਵਾਰਾ— ਪਿਛਲੇ ਕਾਫੀ ਸਮੇਂ ਤੋਂ ਹਲਵਾਰਾ ਦੇ ਨੇੜਲੇ ਪਿੰਡ ਐਤੀਆਣਾ ਦੀ ਸਟਾਫ ਨਰਸ ਰਣਜੀਤ ਕੌਰ ਦੀ ਦਰਦ ਭਰੀ ਕਹਾਣੀ ਰੌਂਗਟੇ ਖੜੇ ਕਰਨ ਵਾਲੀ ਹੈ, ਜਿਸ 'ਤੇ ਇਨਸਾਫ ਦੇਣ ਵਾਲੀ ਪੁਲਿਸ ਨੇ ਵੀ ਜ਼ੁਲਮ ਢਾਹੇ। ਸਿੱਟੇ ਵੱਜੋਂ ਪੀੜਤ ਨਰਸ ਹੁਣ ਇਨਸਾਫ ਲੈਣ ਲਈ ਹਾਈਕੋਰਟ ਦਾ ਬੂਹਾ ਖੜਕਾਏਗੀ। ਪੀੜਤਾ ਨੇ ਦੱਸਿਆ ਕਿ ਉਸ ਨੇ 2011 ਵਿੱਚ ਦੋਰਾਹਾ ਦੇ ਸਿੱਧੂ ਹਸਪਤਾਲ ਵਿੱਚ ਸਟਾਫ ਨਰਸ ਦੀ ਨੌਕਰੀ ਸ਼ੁਰੂ ਕੀਤੀ ਜਿਸ ਦੌਰਾਨ ਉਕਤ ਹਸਪਤਾਲ 'ਚ 2012 ਨੂੰ ਇੱਕ ਸਾਬਕਾ ਫੌਜੀ ਆਪਣੀ ਪਤਨੀ ਨੂੰ ਇਲਾਜ ਲਈ ਲੈ ਕੇ ਆਇਆ, ਜਿਸ ਕੋਲ ਈ.ਸੀ.ਐਚ. ਕਾਰਡ ਨਾਂ ਹੋਣ ਕਰਕੇ ਡਾ. ਨੇ ਉਸ ਨੂੰ ਆਪਣਾ ਕਾਰਡ ਲੈ ਕੇ ਆਉਣ ਨੂੰ ਕਿਹਾ। ਫੌਜੀ ਆਪਣੇ ਪਿੰਡ ਕਾਰਡ ਲੈਣ ਚਲਾ ਗਿਆ। ਇਸ ਤੋਂ ਬਾਅਦ ਡਾ: ਨੇ ਇਹ ਕਿਹਾ ਕਿ ਇਲਾਜ ਅਧੀਨ ਔਰਤ ਨੂੰ ਸਿਰਫ ਬੈਡ ਦਿੱਤਾ ਜਾਵੇ, ਇਲਾਜ ਕਾਰਡ ਆਉਣ ਤੇ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਸਟਾਫ ਨਰਸ ਦੀ ਡਿਊਟੀ ਖਤਮ ਹੋ ਗਈ ਤੇ ਉਹ ਆਪਣੇ ਕੁਆਟਰ ਵਿੱਚ ਚਲੀ ਗਈ। ਇਸ ਤੋਂ ਬਾਅਦ ਫੌਜੀ ਦੀ ਪਤਨੀ ਦੀ ਹਸਪਤਾਲ ਅੰਦਰ ਮੌਤ ਹੋ ਗਈ, ਰਾਤ ਨੂੰ ਹੀ ਉਸ ਨੂੰ ਡਾ. ਨੇ ਬੁਲਾ ਕੇ ਇਲਾਜ 'ਚ ਕੁਤਾਹੀ ਕਰਨ ਦੇ ਦੋਸ਼ ਲਗਾਏ ਤੇ ਬੁਰਾ ਭਲਾ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ। ਇਸ ਗੱਲ ਦਾ ਫਾਇਦਾ ਹਸਪਤਾਲ ਦੇ ਸੁਪਰਵਾਈਜ਼ਰ ਹਰਜਿੰਦਰ ਸਿੰਘ ਉਰਫ ਬੰਟੀ ਨੇ ਲਿਆ। ਜਿਸ ਨੇ ਉਸ ਨੂੰ ਕਿਹਾ ਕਿ ਤੇਰੇ ਤੇ ਕਤਲ ਦਾ ਕੇਸ ਦਰਜ ਹੋ ਗਿਆ ਹੈ ਤੇ ਬੰਟੀ ਨੇ ਉਸ ਨੂੰ ਦੋਰਾਹਾ ਵਿਖੇ ਪ੍ਰਾਈਵੇਟ ਕਮਰਾ ਲੈ ਦਿੱਤਾ ਜਿੱਥੇ ਉਹ ਉਸ ਨੂੰ ਰੋਟੀ ਪਾਣੀ ਦਿੰਦਾ ਰਿਹਾ ਅਤੇ ਨਾਲ ਹੀ ਉਸ ਦਾ ਸਰੀਰਕ ਸ਼ੋਸ਼ਣ ਵੀ ਕਰਦਾ ਰਿਹਾ ਅਤੇ ਘਰਦਿਆਂ ਨਾਲ ਗੱਲਬਾਤ ਕਰਨ ਤੋਂ ਮਨਾ ਕਰ ਦਿੱਤਾ। ਬੰਟੀ ਨੇ 5 ਮਾਰਚ ਨੂੰ ਉਸ ਦੇ ਮੋਬਾਈਲ ਦਾ ਸਿੰਮ ਕਾਰਡ ਤੋੜ ਦਿੱਤਾ ਤੇ ਮੋਬਾਈਲ ਕਬਜੇ 'ਚ ਲੈ ਲਿਆ। ਉਸ ਤੋਂ ਬਾਅਦ ਉਸ ਨੂੰ ਚੰਡੀਗੜ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਨੌਕਰੀ ਤੇ ਲਗਵਾ ਦਿੱਤਾ। ਉਧਰ ਮਾਪਿਆਂ ਵਲੋਂ ਆਪਣੀ ਲਾਪਤਾ ਲੜਕੀ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਹਰਜਿੰਦਰ ਸਿੰਘ ਬੰਟੀ ਮਾਪਿਆਂ ਨੂੰ ਲਾਰੇ ਲਾਉਂਦਾ ਰਿਹਾ। ਲੜਕੀ ਦੀ ਉੱਘ ਸੁੱਘ ਨਾ ਮਿਲਣ ਤੇ ਕੁਲਦੀਪ ਕੌਰ ਵਲੋਂ ਇਸ ਸਬੰਧੀ ਇੱਕ ਸ਼ਿਕਾਇਤ ਐਸ.ਐਸ.ਪੀ. ਖੰਨਾ ਨੂੰ ਕੀਤੀ। ਦੋਰਾਹਾ ਥਾਣੇ ਪੀੜਤ ਪਰਿਵਾਰ ਹਲਕਾ ਵਿਧਾਇਕ ਰਾਏਕੋਟ ਗੁਰਚਰਨ ਸਿੰਘ ਬੋਪਾਰਾਏ ਨਾਲ ਮਿਲੇ। ਪੁਲਿਸ ਵਲੋਂ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਪੀੜਤਾ ਦਾ ਪਰਿਵਾਰ ਇਸ ਸਬੰਧੀ ਸੀ.ਪੀ.ਐਮ.(ਆਈ) ਆਗੂ ਸੰਤੋਖ ਗਿੱਲ ਨੂੰ ਮਿਲੇ ਜਿਨਾਂ ਨੇ ਤੁਰੰਤ ਇਸ ਮਾਮਲੇ ਨੂੰ ਡੀ.ਜੀ.ਪੀ. ਪੰਜਾਬ ਅਤੇ ਪੁਲਿਸ ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਵਾਈ, ਉਪਰੰਤ ਪੁਲਸ ਹਰਕਤ ਵਿੱਚ ਆਈ ਅਤੇ ਕੁਲਦੀਪ ਕੌਰ ਦੇ ਬਿਆਨਾਂ 'ਤੇ 21 ਨਵੰਬਰ ਨੂੰ ਥਾਣਾ ਦੋਰਾਹਾ ਵਿਖੇ ਕਥਿਤ ਦੋਸ਼ੀ ਹਰਜਿੰਦਰ ਬੰਟੀ ਦੇ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ। ਪੁਲਿਸ ਵਲੋਂ  22 ਨਵੰਬਰ ਨੂੰ ਚੰਡੀਗੜ ਤੋਂ ਬਰਾਮਦ ਕਰ ਲਿਆ ਗਿਆ। ਪੁਲਿਸ ਨੇ ਸੀ.ਆਈ.ਏ.ਸਟਾਫ ਖੰਨਾ ਵਿਖੇ ਰਾਤ ਰੱਖਿਆ ਜਿੱਥੇ ਅਧਿਕਾਰੀਆਂ ਨੇ ਉਸ ਨੂੰ ਜਲੀਲ਼ ਕੀਤਾ ਤੇ ਬਦਤਮੀਜੀ ਨਾਲ ਪੇਸ਼ ਆਏ ਅਤੇ ਨਾਲ ਹੀ ਹਰਜਿੰਦਰ ਉਰਫ ਬੰਟੀ ਦੇ ਹੱਕ 'ਚ ਬਿਆਨ ਦੇਣ ਨੂੰ ਮਜਬੂਰ ਕੀਤਾ। ਧੱਕੇ ਨਾਲ ਪੁਲਿਸ ਨੇ ਅਦਾਲਤ ਵਿੱਚ ਬਿਆਨ ਦਿਵਾਏ। ਜਦੋਂ ਉਕਤ ਮਾਮਲਾ ਪਿੰਡ ਦੀ ਪੰਚਾਇਤ ਦੇ ਸਰਪੰਚ ਗੁਰਮੀਤ ਸਿੰਘ ਐਤੀਆਣਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਇੱਕ ਸ਼ਿਕਾਇਤ ਪੰਚਾਇਤ ਵਲੋਂ ਪੁਲਸ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਦਰਜ ਕਰਵਾਈ। ਪੰਚਾਇਤ ਤੇ ਸੀ.ਪੀ.ਐਮ.ਆਗੂ ਸੰਤੋਖ ਗਿੱਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਜਾਵੇਗੀ ਜਿਸ ਨਾਲ ਪੀੜਤਾ ਨੂੰ ਇਨਸਾਫ ਮਿਲ ਸਕੇ।ਦੋਰਾਹਾ ਸਿੱਧੂ ਹਸਪਤਾਲ ਦੇ ਡਾਕਟਰ ਰਵਿੰਦਰ ਸਿੰਘ ਸਿੱਧੂ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਸਟਾਫ ਨਰਸ ਰਣਜੀਤ ਕੌਰ ਦਾ ਕੰਮ ਵੱਲ ਧਿਆਨ ਨਾ ਹੋਣ ਕਰਕੇ  ਉਹ 2012 ਵਿਚ ਖੁਦ ਅਸਤੀਫਾ ਦੇ ਕੇ ਚਲੀ ਗਈ ਸੀ ਅਤੇ ਉਸ ਦੇ ਬਿਆਨ ਵਿਚ ਕੋਈ ਸੱਚਾਈ ਨਹੀਂ ਹੈ। ਸੁਪਰਵਾਈਜ਼ਰ ਹਰਜਿੰਦਰ ਸਿੰਘ ਹਸਪਤਾਲ ਵਿਚੋਂ ਨੌਕਰੀ ਛੱਡ ਗਿਆ ਹੈ।ਐੱਸ. ਐੱਸ. ਪੀ. ਖੰਨਾ ਸੁਸ਼ੀਲ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਲੜਕੀ ਨੇ ਜੋ ਸੀ. ਆਈ. ਏ. ਰੱਖਣ ਦੇ ਦੋਸ਼ ਲਗਾਏ ਹਨ, ਉਹ ਸੰਬੰਧੀ ਐੱਸ. ਪੀ. ਡੀ.  ਖੰਨਾ ਜਾਂਚ ਕਰ ਰਹੇ ਹਨ। ਸੱਚਾਈ ਸਾਹਮਣੇ ਆਉਣ 'ਤੇ ਦੋਸ਼ੀ ਅਧਿਕਾਰੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਰਜਿੰਦਰ ਸਿੰਘ ਉਰਫ ਬੰਟੀ ਨੇ ਗੱਲ ਕਰਦਿਆਂ ਕਿਹਾ ਕਿ ਉਸ 'ਤੇ ਜੋ ਦੋਸ਼ ਲਗਾਏ ਹਨ, ਉਹ ਬੇਬੁਨਿਆਦ ਹਨ। ਪੀੜਤ ਲੜਕੀ ਦੀ ਮਾਤਾ ਕੁਲਦੀਪ ਕੌਰ ਨਾਲ  ਸੰਪਰਕ ਕਰਨ'ਤੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਬੰਟੀ ਵਲੋਂ ਫੋਨ 'ਤੇ ਉਨ੍ਹਾਂ ਨੂੰ ਧਮਕੀਆਂ ਭਰੀ ਰਿਕਾਰਡਿੰਗ ਵਿਚ ਲੜਕੀ ਨੂੰ ਭੁੱਲ ਜਾਣ ਬਾਰੇ ਕਹਿੰਦਾ ਹੈ, ਜੋ ਉਨ੍ਹਾਂ ਕੋਲ ਮੌਜੂਦ ਹੈ। ਜਿਸ ਦੀ ਕਾਪੀ ਅਤੇ ਸੀ. ਡੀ. ਜਾਂਚ ਦੌਰਾਨ ਪੁਲਸ ਅਧਿਕਾਰੀਆਂ ਨੂੰ ਦੇ ਦਿਤੀ ਸੀ।