ਗੁਰਦਾਸਪੁਰ— ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਚੌਥੇ ਪਰਲਜ਼ ਵਿਸ਼ਵ ਕੱਬਡੀ ਕੱਪ ਵਿਚ ਵਿਦੇਸ਼ਾਂ ਤੋਂ ਆਈਆਂ ਟੀਮਾਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਬਹੁਤ ਖਫ਼ਾ ਦਿਖਾਈ ਦੇ ਰਹੀਆਂ ਹਨ। ਕਬੱਡੀ ਕੱਪ ਵਿਚ ਹਿੱਸਾ ਲੈ ਰਹੀ ਇੰਗਲੈਂਡ ਦੀ ਕੁੜੀਆਂ ਦੇ ਟੀਮ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਜਿੰਨੇ ਪੈਸੇ ਖਰਚ ਕੇ ਕਬੱਡੀ ਕੱਪ ਵਿਚ ਹਿੱਸਾ ਲੈਣ ਲਈ ਭਾਰਤ ਆਏ ਹਨ, ਓਨੇ ਪੈਸੇ ਉਹ ਇੱਥੋਂ ਕਮਾ ਨਹੀਂ ਸਕਦੇ। ਬੁੱਧਵਾਰ ਨੂੰ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਵਿਚ ਚੌਥੇ ਵਿਸ਼ਵ ਕਬੱਡੀ ਕੱਪ ਦੇ ਤਿੰਮ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪਾਕਿਸਤਾਨ, ਸਿਅਰਾ ਲਿਓਨ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਆਪੋ-ਆਪਣੇ ਮੁਕਾਬਲੇ ਜਿੱਤ ਲਏ। ਇਸ ਮੌਕੇ ਇੰਗਲੈਂਡ ਦੀ ਕੁੜੀਆਂ ਦੀ ਟੀਮ ਦੇ ਮੈਨੇਜਰ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਪਿੱਛਲੇ 4 ਸਾਲਾਂ ਤੋਂ ਵਿਸ਼ਵ ਕਬੱਡੀ ਕੱਪ ਕਰਵਾ ਰਹੀ ਹੈ ਪਰ ਅਜੇ ਵੀ ਵਿਦੇਸ਼ਾਂ 'ਤੋਂ ਆਏ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਕਾਫੀ ਕਮੀਆਂ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਹੈ, ਜਿਸ ਅਨੁਸਾਰ ਸੁਰੱਖਿਆ ਕਾਰਣਾਂ ਕਰਕੇ ਵਿਦੇਸ਼ੀ ਟੀਮਾਂ ਦੇ ਖਿਡਾਰੀਆਂ ਦੇ ਪੰਜਾਬ ਵਿਚ ਘੁੰਮਣ-ਫਿਰਨ 'ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੌਰਾਨ ਖਿਡਾਰੀਆਂ ਲਈ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਟੀਮਾਂ ਨੂੰ ਓਨਾਂ ਖਰਚ ਜ਼ਰੂਰ ਹੀ ਦੇਣਾ ਚਾਹੀਦਾ ਹੈ, ਜਿੰਨਾ ਖਰਚ ਕਰਕੇ ਉਹ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਭਾਰਤ ਆਈਆਂ ਹਨ, ਤਾਂ ਜੋ ਇਸ ਮੁਕਾਬਲੇ ਨੂੰ ਲੈ ਕੇ ਵਿਦੇਸ਼ੀ ਖਿਡਾਰੀਆਂ ਵਿਚ ਉਤਸ਼ਾਹ ਬਣਿਆ ਰਹੇ ਅਤੇ ਕਬੱਡੀ ਤਰੱਕੀ ਕਰਦੀ ਰਹੇ।