ਨਵੀਂ ਦਿੱਲੀ- ਦਿੱਲੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੋ ਅੰਕੜਾ ਸਾਰਿਆਂ ਦੇ ਸਾਹਮਣੇ ਆਇਆ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਹਾਲਾਂਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਏ ਚੋਣ ਨਤੀਜਿਆਂ 'ਚ ਭਾਜਪਾ 32 ਸੀਟਾਂ ਲੈ ਕੇ ਵੱਡੀ ਪਾਰਟੀ ਦੇ ਰੂਪ 'ਚ ਸਾਹਮਣੇ ਆਈ ਹੈ ਪਰ ਅੰਕੜਿਆਂ ਦੇ ਜਾਲ 'ਚ ਭਾਜਪਾ ਬੁਰੀ ਤਰ੍ਹਾਂ ਫਸ ਗਈ ਹੈ। ਸਰਕਾਰ ਬਣਾਉਣ ਲਈ ਜੋ ਅੰਕੜਾ ਚਾਹੀਦਾ ਹੈ ਭਾਜਪਾ ਉਸ ਨੂੰ ਹਾਸਲ ਕਰਨ ਤੋਂ ਖੁੰਝ ਗਈ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ 28 ਸੀਟਾਂ ਹਾਸਲ ਕਰ ਲਈਆਂ ਹਨ ਅਤੇ ਅਰਵਿੰਦਰ ਕੇਜਰੀਵਾਲ ਨੇ ਸਾਫ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਨੂੰ ਆਪਣਾ ਬਹੁਮਤ ਨਹੀਂ ਦੇਵੇਗੀ ਅਤੇ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ ਜਦੋਂਕਿ 2 ਸੀਟਾਂ ਹੋਰਨਾਂ ਪਾਰਟੀਆਂ ਨੂੰ ਹਾਸਲ ਹੋਈਆਂ ਹਨ। ਜੇਕਰ 2 ਸੀਟਾਂ ਦਾ ਬਹੁਮਤ ਵੀ ਭਾਜਪਾ ਨੂੰ ਮਿਲ ਜਾਏ ਤਾਂ ਵੀ ਉਸ ਕੋਲ ਲੋੜੀਂਦਾ ਅੰਕੜਾ ਨਹੀਂ ਹੋਵੇਗਾ ਜਿਸ ਕਾਰਨ ਭਾਜਪਾ ਦਿੱਲੀ 'ਚ ਸਰਕਾਰ ਨਹੀਂ ਬਣਾ ਸਕੇਗੀ। ਹੁਣ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ 'ਚ ਦੁਬਾਰਾ ਚੋਣਾਂ ਹੋਣ ਵਾਲੀ ਸਥਿਤੀ ਪੈਦਾ ਹੋ ਗਈ ਹੈ। ਅੰਕੜਿਆਂ ਦੇ ਜਾਲ 'ਚ ਫਸੀ ਭਾਜਪਾ ਹੁਣ ਕਤੂਸੀ ਸਥਿਤੀ 'ਚ ਫਸੀ ਹੋਈ ਜਾਪ ਰਹੀ ਹੈ। ਹਾਲਾਂਕਿ ਭਾਜਪਾ ਦੇ ਡਾ. ਹਰਸ਼ਵਰਧਨ ਨੇ ਖੁਦ ਨੂੰ ਵਿਰੋਧੀ ਧਿਰ ਦੀ ਭੂਮਿਕਾ 'ਤੇ ਰੱਖ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਪਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਗਠਬੰਧਨ ਤੋਂ ਸਾਫ ਇਨਕਾਰ ਕਰ ਦਿੱਤਾ।
ਡਾ. ਹਰਸ਼ਵਰਧਨ ਨੇ ਕਿਹਾ ਕਿ ਮੈਂ ਦਿੱਲੀ ਦੀ ਜਨਤਾ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਪਰ ਸ਼ਾਇਦ ਇਸ ਅਸ਼ੀਰਵਾਦ ਵਿਚ ਥੋੜ੍ਹੀ ਕਮੀ ਰਹਿ ਗਈ ਜਿਸ ਕਾਰਨ ਉਹ ਸਰਕਾਰ ਬਣਾਉਣ 'ਚ ਅਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਮਜਬੂਰ ਹਾਂ ਕਿਉਂਕਿ ਲੋੜੀਂਦੇ ਅੰਕੜੇ ਨਾ ਮਿਲਣ ਕਾਰਨ ਹੁਣ ਸਰਕਾਰ ਬਣਾਉਣਾ ਮੁਸ਼ਕਿਲ ਜਾਪ ਰਿਹਾ ਹੈ। ਦੁਬਾਰਾ ਚੋਣਾਂ  ਬਾਰੇ ਪੁੱਛੇ ਜਾਣ 'ਤੇ ਡਾ. ਹਰਸ਼ਵਰਧਨ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਦਿੱਲੀ ਦੀ ਜਨਤਾ ਲਈ ਕੁਝ ਕੀਤਾ ਜਾਏ ਅਤੇ ਉਨ੍ਹਾਂ ਲਈ ਅਸੀਂ ਕਈ ਯੋਜਨਾਵਾਂ ਤਿਆਰ ਕੀਤੀਆਂ ਸਨ ਪਰ ਲੋਕਤੰਤਰ 'ਚ ਆਖਰੀ ਫੈਸਲਾ ਜਨਤਾ ਦੇ ਹੱਥਾਂ 'ਚ ਹੁੰਦਾ ਹੈ ਇਸ ਲਈ ਜਨਤਾ ਨੇ ਜੋ ਫੈਸਲਾ ਕੀਤਾ ਹੈ ਉਸ ਨੂੰ ਉਹ ਸਿਰ ਮੱਥੇ ਸਵੀਕਾਰ ਕਰਦੇ ਹਨ।