ਕਿਸ਼ਨਗੜ੍ਹ— ਅਜੋਕੇ ਯੁੱਗ 'ਚ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ, ਉਨ੍ਹਾਂ ਲਈ ਕਰਾਰੀ ਚੁਣੌਤੀ ਅਤੇ ਮਿਸਾਲ ਬਣ ਕੇ ਉਭਰੀ ਹੈ ਪਦਾਰਥਵਾਦੀ ਯੁੱਗ 'ਚ ਬਿਆਸ ਪਿੰਡ ਦੀ ਸਤਬੀਰ ਕੌਰ, ਜੋ ਆਪਣੇ ਬਜ਼ੁਰਗ ਅਤੇ ਬੀਮਾਰ ਪਿਤਾ ਅਤੇ ਮਾਤਾ ਦੀ ਘਰ ਗ੍ਰਹਿਸਥੀ ਦੇ ਨਾਲ-ਨਾਲ ਸੇਵਾ ਕਰਦਿਆਂ ਉਨ੍ਹਾਂ ਨੂੰ ਕਦੇ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦੇ ਰਹੀ । ਪ੍ਰਾਪ ਬਿਆਸ ਪਿੰਡ ਦੇ ਭਾਗ ਸਿੰਘ ਅਤੇ ਉਸਦੀ ਧਰਮ ਪਤਨੀ ਕੁਲਦੀਪ ਕੌਰ ਦੀ 18 ਸਾਲਾ ਲੜਕੀ ਸਤਵੀਰ ਕੌਰ ਨੂੰ ਆਪਣੇ ਪਿੰਡ ਤੋਂ ਮੰਡੀ 'ਚ ਖੁਦ ਟਰੈਕਟਰ -ਟਰਾਲੀ ਚਲਾ ਕੇ ਫਸਲ ਵੇਚਣ, ਬੀਮਾਰ ਮਾਤਾ-ਪਿਤਾ ਦੀ ਦਵਾ-ਦਾਰੂ ਲਿਆਉਣ ਵਾਸਤੇ ਬੁਲੇਟ ਮੋਟਰਸਾਈਕਲ ਚਲਾਉਦਿਆਂ, ਝੋਨੇ ਦੀ ਪੱਕੀ ਫਸਲ ਨੂੰ ਕੰਬਾਈਨ ਨਾਲ ਕਟਾਈ ਕਰਦੇ ਅਤੇ ਫਸਲ ਕੱਟਣ ਉਪਰੰਤ ਖੇਤਾਂ ਦੀ ਟਰੈਕਟਰ ਨਾਲ ਵਾਹੀ ਕਰਦੇ ਅਕਸਰ ਦੇਖਿਆ ਜਾ ਸਕਦਾ ਹੈ। ਜਿਸ ਨੇ ਦ੍ਰਿੜ ਇਰਾਦੇ ਤੇ ਆਤਮ ਵਿਸ਼ਵਾਸ ਨਾਲ ਇਹ ਸਾਬਤ ਕਰ ਦਿੱਤਾ ਕਿ ਹੌਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ਅਤੇ ਹੁਣ ਲੜਕੀਆਂ ਵੀ ਲੜਕਿਆਂ ਨਾਲੋਂ ਕਿਸੇ ਪਾਸਿਓਂ ਘੱਟ ਨਹੀਂ ਹਨ। ਸਤਵੀਰ ਕੌਰ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀਆਂ ਤਿੰਨਾਂ ਧੀਆਂ ਸਨ ਜਿਨ੍ਹਾਂ 'ਚ ਵੱਡੀ ਦਾ ਵਿਆਹ ਹੋ ਗਿਆ । ਸਭ ਤੋਂ ਛੋਟੀ ਲੜਕੀ ਜਿਸ ਦੀ ਉਮਰ ਕਰੀਬ 10-11 ਸਾਲ ਦੀ ਹੀ ਹੋਈ ਸੀ ਅਚਾਨਕ ਉਸ ਦੀ ਵੀ ਮੌਤ ਹੋ ਗਈ। ਉਸ ਦਾ ਪਤੀ ਭਾਗ ਸਿੰਘ ਸਿੰਘ ਪਿਛਲੇ ਕਰੀਬ 20-21 ਸਾਲਾਂ ਤੋਂ ਬੀਮਾਰ ਚਲਿਆ ਆ ਰਿਹਾ ਹੈ ਜੋ ਕਿ ਕੰਮਕਾਜ ਦੇ ਸਮਰੱਥ ਨਹੀਂ ਹੈ।
ਸਤਵੀਰ ਦੇ ਦਾਦੀ-ਦਾਦੇ  ਦੀ ਵੀ ਮੌਤ ਹੋ ਜਾਣ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਹੋ ਗਿਆ। ਕਈ ਵਾਰ ਸਤਬੀਰ ਦੀ ਮਾਤਾ ਨੇ ਜ਼ਮੀਨ ਠੇਕੇ 'ਤੇ ਦੇਣ ਦਾ ਮੰਨ ਬਣਾਇਆ ਪ੍ਰੰਤੂ ਉਸਦੀ ਵਿਚਕਾਰਲੀ ਲੜਕੀ ਸਤਬੀਰ ਕੌਰ ਜੋ ਉਸ ਸਮੇਂ ਪੰਜਵੀਂ  ਜਮਾਤ 'ਚ ਪੜ੍ਹਦੀ ਸੀ। ਉਸ ਨੇ ਟਰੈਕਟਰ ਚਲਾਉਣਾ ਸਿੱਖ ਲਿਆ। ਹੌਲੀ-ਹੌਲੀ ਉਸ ਨੇ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦਾ ਹਰ ਕੰਮ ਆਪਣੇ ਹੱਥੀਂ ਕਰਨਾ ਸਿੱਖ ਲਿਆ। ਅੱਜ ਸਾਨੂੰ ਸਾਡੀ ਇਸ ਲਾਡਲੀ ਤੇ ਮਾਣਮੱਤੀ ਧੀ ਨੇ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਡਾ ਕੋਈ ਪੁੱਤ ਨਹੀਂ ਹੈ।
ਜ਼ਿਕਰਯੋਗ ਹੈ ਕਿ  ਸਤਵੀਰ ਪੜ੍ਹਨ 'ਚ ਬਹੁਤ ਹੁਸ਼ਿਆਰ ਸੀ ਜਿਸ ਨੇ 12 ਵੀਂ ਪ੍ਰੀਖਿਆ ਚੰਗੇ ਨੰਬਰਾਂ 'ਚ ਪਾਸ ਕੀਤੀ ਫਿਰ ਪਰਿਵਾਰਿਕ ਜ਼ਿੰਮੇਵਾਰੀਆਂ ਕਰਕੇ ਪੜ੍ਹਾਈ ਅੱਗੇ ਜਾਰੀ ਨਹੀਂ ਰੱਖ ਸਕੀ । ਸਤਬੀਰ ਨੂੰ ਚੰਗੇ ਬੀਜਾਂ, ਖਾਦਾਂ, ਫਸਲਾਂ ਦੀ ਮਾਰਕੀਟਿੰਗ ਦਾ ਪੂਰਾ-ਪੂਰਾ ਗਿਆਨ ਹੈ । ਕੁਲ ਮਿਲਾ ਕੇ ਅੱਜ ਦੀਆਂ ਲੜਕੀਆਂ ਲਈ ਪ੍ਰੇਰਣਾਸਰੋਤ ਹੈ ਸਤਵੀਰ ਕੌਰ ਜੋ ਸੰਘਰਸ਼ਸ਼ੀਲ ਜੀਵਨ 'ਚ ਬੀਮਾਰ ਮਾਤਾ-ਪਿਤਾ ਲਈ ਸਰਵਣ ਪੁੱਤ ਦੀਆਂ ਸੇਵਾਵਾਂ ਨਿਭਾ ਰਹੀ ਹੈ।