ਨਵੀਂ ਦਿੱਲੀ(PTI)-  ਸਹਿਵਾਗ ਇੰਗਲੈਂਡ ਦੇ ਖਿਲਾਫ 15 ਨਵੰਬਰ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਕਿਉਂਕਿ ਉਸ ਨੂੰ 100 ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ 'ਚ ਸ਼ਾਮਲ ਹੋਣ ਤੋਂ ਇਲਾਵਾ ਭਾਰਤ ਦੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ। ਹੁਣ ਤੱਕ 98 ਟੈਸਟ ਮੈਚ ਖੇਡਣ ਵਾਲੇ ਸਹਿਵਾਗ ਨੇ ਮੰਨਿਆ ਹੈ ਕਿ ਉਹ 100ਵਾਂ ਟੈਸਟ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ।
ਸਹਿਵਾਗ ਨੇ ਕਿਹਾ ਕਿ ਮੇਰਾ ਪਹਿਲਾ ਸੁਪਨਾ ਦੇਸ਼ ਵਲੋਂ ਖੇਡਣਾ ਸੀ। ਉਸ ਤੋਂ ਬਾਅਦ ਮੈਂ 100 ਟੈਸਟ ਮੈਚ ਖੇਡਣ ਦਾ ਸੁਪਨਾ ਦੇਖਣ ਲੱਗਿਆ। ਮੈਨੂੰ ਖੁਸ਼ੀ ਹੈ ਕਿ ਇਹ ਪਲ ਛੇਤੀ ਆਵੇਗਾ। ਭਾਰਤ ਵਲੋਂ ਹੁਣ ਤੱਕ 8 ਕ੍ਰਿਕਟਰਾਂ ਨੇ 100 ਤੋਂ ਵਧ ਟੈਸਟ ਮੈਚ ਖੇਡੇ ਹਨ। ਇੰਗਲੈਂਡ ਦੇ ਖਿਲਾਫ 4 ਟੈਸਟ ਮੈਚਾਂ ਦੀ ਲੜੀ ਦੌਰਾਨ ਸਹਿਵਾਗ ਤੋਂ ਇਲਾਵਾ ਹਰਭਜਨ ਸਿੰਘ ਵੀ 100 ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ 'ਚ ਸ਼ਾਮਲ ਹੋ ਸਕਦਾ ਹਨ। ਹਰਭਜਨ ਨੇ ਵੀ ਹੁਣ ਤੱਕ 98 ਟੈਸਟ ਮੈਚ ਖੇਡੇ ਹਨ।
ਸਹਿਵਾਗ ਨੇ ਕਿਹਾ ਕਿ ਵਧੀਆ ਕ੍ਰਿਕਟ ਖੇਡਣਾ ਸਾਡੇ ਲਈ ਮਹੱਤਵਪੂਰਨ ਹੈ। ਬਦਲਾ ਲੈਣ ਵਰਗੀਆਂ ਗੱਲਾਂ ਮੀਡੀਆ ਕਰਦੀ ਹੈ। ਸਾਡੇ ਲਈ ਉਨ੍ਹਾਂ ਨੂੰ ਹਰਾਉਣਾ ਮਹੱਤਵਪੂਰਨ ਹੈ।