ਵਾਸ਼ਿੰਗਟਨ(PTI)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਬਰਾਕ ਓਬਾਮਾ ਨੇ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਅਮਰੀਕੀ ਰਾਸ਼ਟਰਪਤੀ ਬਣਨ ਲਈ 270 ਇਲੈੱਕਟੋਰਲ ਵੋਟਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਓਬਾਮਾ ਨੂੰ 303 ਵੋਟਾਂ ਹਾਸਲ ਹੋਈਆਂ ਹਨ। ਡੈਮੋਕਰੇਟ ਬਰਾਕ ਓਬਾਮਾ ਨੇ ਵੋਟਾਂ ਦੀ ਗਿਣਤੀ ਵਿਚ ਪਹਿਲਾਂ ਤੋਂ ਹੀ ਲੀਡ ਹਾਸਲ ਕੀਤੀ ਹੋਈ ਸੀ। ਜਿੱਤ ਤੋਂ ਬਾਅਦ ਓਬਾਮਾ ਨੇ ਟਵੀਟ ਕੀਤਾ ਹੈ ਕਿ ਅਗਲੇ 4 ਸਾਲ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਕੁਰਸੀ ਮਿਲ ਗਈ ਹੈ। ਓਬਾਮਾ ਨੇ ਜਿੱਤ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਓਬਾਮਾ ਨੇ ਟਵਿੱਟਰ 'ਤੇ ਲਿਖਿਆ, ''ਚਾਰ ਸਾਲ ਹੋਰ।''
ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਲਿਖਿਆ, ''ਇਸ ਸਭ ਵਿਚ ਅਸੀਂ ਸਾਰੇ ਇਕੱਠੇ ਹਾਂ। ਅਸੀਂ ਜਿਸ ਤਰ੍ਹਾਂ ਚੋਣ ਮੁਹਿੰਮ ਚਲਾਈ ਅਤੇ ਅਸੀਂ ਜੋ ਹਾਂ... ਉਸ ਸਭ ਵਿਚ ਅਸੀਂ ਇਕੱਠੇ ਹਾਂ। ਸ਼ੁਕਰੀਆ।''
ਓਬਾਮਾ ਦੇ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਉੱਥੇ ਦੂਜੇ ਪਾਸੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੂੰ 206 ਇਲੈਕਟੋਰਲ ਵੋਟ ਹਾਸਲ ਹੋਏ।
ਓਬਾਮਾ ਸਮਰਥਕਾਂ ਨੇ ਕੀਤੀ ਆਤਿਸ਼ਬਾਜ਼ੀ
ਅਮਰੀਕਾ ਦੀਆਂ 57ਵੀਆਂ ਰਾਸ਼ਟਰਪਤੀ ਚੋਣਾਂ ਕਾਫੀ ਉੱਥਲ-ਪੁੱਥਲ ਭਰੀਆਂ ਰਹੀਆਂ। ਕਈ ਵਾਰ ਓਬਾਮਾ ਦਾ ਪੱਲੜਾ ਭਾਰੀ ਰਿਹਾ ਅਤੇ ਕਈ ਵਾਰ ਰੋਮਨੀ ਅੱਗੇ ਚੱਲ ਰਹੇ ਸਨ। ਚੋਣ ਤੋਂ ਬਾਅਦ ਓਬਾਮਾ ਸਮਰਥਕਾਂ ਨੇ ਭਾਰੀ ਆਤਿਸ਼ਬਾਜ਼ੀ ਕਰ ਕੇ ਜਿੱਤ ਦਾ ਜਸ਼ਨ ਮਨਾਇਆ।
ਜਿੱਤ ਬਾਰੇ ਪਤਾ ਲੱਗਣ ਦੇ ਨਾਲ ਹੀ ਓਬਾਮਾ ਸਮਰਥਕ ਸੜਕ 'ਤੇ ਆ ਕੇ ਜਸ਼ਨ ਮਨਾਉਣ ਲੱਗੇ। ਸ਼ਿਕਾਗੋ ਵਿਚ ਓਬਾਮਾ ਦੀ ਪ੍ਰਚਾਰ ਮੁਹਿੰਮ ਦੇ ਹੈੱਡਕੁਆਟਰ ਦੇ ਸਾਹਮਣੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਸ਼ਿਕਾਗੋ ਤੋਂ ਲੈ ਕੇ ਨਿਊਯਾਰਕ ਦੇ ਟਾਈਮ ਸਕੁਏਅਰ ਤੱਕ ਲੋਕ ਝੂਮਦੇ ਹੋਏ ਨਜ਼ਰ ਆਏ।

ਕੈਲਫੋਰਨੀਆ 'ਚ ਜਿੱਤ ਰਹੀ ਅਹਿਮ
ਕੈਲਫੋਰਨੀਆ ਵਿਚ ਸਭ ਤੋਂ ਵਧ 55 ਇਲੈੱਕਟੋਰਲ ਵੋਟਾਂ ਹਨ ਅਤੇ ਇੱਥੇ ਭਾਰੀ ਜਿੱਤ ਨਾਲ ਹੀ ਓਬਾਮਾ ਦਾ ਦੁਬਾਰਾ ਰਾਸ਼ਟਰਪਤੀ ਬਣਨਾ ਤੈਅ ਹੋਇਆ। ਕੈਲਫੋਰਨੀਆ ਦੇ ਨਤੀਜੇ ਆਉਣ ਤੋਂ ਪਹਿਲਾਂ ਰੋਮਨੀ ਨੇ ਓਬਾਮਾ 'ਤੇ ਲੀਡ ਹਾਸਲ ਕੀਤੀ ਹੋਈ ਸੀ।
ਇਸ ਤੋਂ ਇਲਾਵਾ ਲੋਰਿਡਾ ਵਿਚ ਵੀ ਦੋਹਾਂ ਵਿਚਕਾਰ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਕੁੱਲ 29 ਇਲੈੱਕਟੋਰਲ ਵੋਟਾਂ ਹਨ।

ਕਿਧਰੇ ਖੁਸ਼ੀ ਅਤੇ ਕਿਧਰੇ ਗਮ
ਖਬਰਾਂ ਦੇ ਚੈਨਲਾਂ 'ਤੇ ਓਬਾਮਾ ਦੀ ਜਿੱਤ ਐਲਾਨ ਕੀਤੇ ਜਾਣ ਤੋਂ ਬਾਅਦ ਬੋਸਟਨ ਵਿਚ ਮਿਟ ਰੋਮਨੀ ਦਾ ਪ੍ਰਚਾਰ ਮੁਹਿੰਮ ਹੈੱਡਕੁਆਟਰ ਵਿਚ ਗਮ ਵਿਚ ਡੁੱਬ ਗਿਆ। ਰੋਮਨੀ ਦਾ ਦੂਜਾ ਘਰ ਕਹੇ ਜਾਣ ਵਾਲੇ ਨਿਊ ਹੈਂਪਸ਼ਾਇਰ ਅਤੇ ਵਿਸਕਾਂਸਿਨ ਵਿਚ ਮਿਲੀ ਹਾਰ ਨਾਲ ਰੀਪਬਲੀਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।


ਰੋਮਨੀ ਨੇ ਓਬਾਮਾ ਨੂੰ ਦਿੱਤੀ ਵਧਾਈ
ਮਿਟ ਰੋਮਨੀ ਨੇ ਬਰਾਕ ਓਬਾਮਾ ਨੂੰ ਦੁਬਾਰਾ ਰਾਸ਼ਟਰਪਤੀ ਬਣਨ 'ਤੇ ਵਧਾਈ ਦਿੱਤੀ ਹੈ। ਰੋਮਨੀ ਨੇ ਅਮਰੀਕਾ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਮੈਂ ਰਾਸ਼ਟਰਪਤੀ ਓਬਾਮਾ ਨੂੰ ਵਧਾਈ ਦੇਣ ਲਈ ਹੁਣੇ ਫੋਨ ਕੀਤਾ। ਮੈਂ ਉਨ੍ਹਾਂ ਨੂੰ, ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਨੂੰ ਵਧਾਈ ਦਿੱਤੀ।''
ਰੋਮਨੀ ਨੇ ਕਿਹਾ ਕਿ ਇਹ ਔਖੀਆਂ ਚੁਣੌਤੀਆਂ ਦਾ ਸਮਾਂ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰਾਸ਼ਟਰਪਤੀ ਓਬਾਮਾ ਸਾਡੇ ਦੇਸ਼ ਦੀ ਅਗਵਾਈ ਕਰਨ ਵਿਚ ਸਫਲ ਰਹਿਣ।