ਵਾਸ਼ਿੰਗਟਨ (ਪੀ. ਐਮ. ਆਈ.) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੀਤੇ ਦਿਨ ਭਾਰਤ
ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਫੋਨ 'ਤੇ ਗੱਲਬਾਤ ਕੀਤੀ
ਅਤੇ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ 'ਤੇ ਮਨਮੋਹਣ ਸਿੰਘ ਵੱਲੋਂ ਦਿੱਤੀ ਗਈ ਵਧਾਈ ਲਈ
ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ
ਵਿਸ਼ਵ ਦੇ ਸਾਹਮਣੇ ਮੌਜੂਦ ਗੰਭੀਰ ਚੁਣੌਤੀਆਂ ਦਾ ਹੱਲ ਕਰਨਗੇ। ਇਸ ਦੇ ਨਾਲ ਹੀ ਓਬਾਮਾ ਨੇ
ਵਿਸ਼ਵ ਦੇ ਦਰਜਨ ਭਰ ਹੋਰ ਨੇਤਾਵਾਂ ਨੂੰ ਵੀ ਫੋਨ ਕਰ ਕੇ ਇਸੇ ਤਰ੍ਹਾਂ ਗੱਲਬਾਤ ਕੀਤੀ। ਵ੍ਹਾਈਟ
ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ''ਓਬਾਮਾ ਨੂੰ ਦੂਜੀ ਵਾਰ ਰਾਸ਼ਟਰਪਤੀ
ਚੁਣੇ ਜਾਣ 'ਤੇ ਦੁਨੀਆ ਭਰ ਦੇ ਨੇਤਾਵਾਂ ਤੋਂ ਵਧਾਈ ਸੰਦੇਸ਼ ਮਿਲੇ ਹਨ। ਓਬਾਮਾ ਨੇ
ਇਨ੍ਹਾਂ ਸਾਰੇ ਸੁਨੇਹਿਆਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਵਿਸ਼ਵ ਦੇ ਸਾਹਮਣੇ
ਪੇਸ਼ ਗੰਭੀਰ ਚੁਣੌਤੀਆਂ ਦੇ ਹੱਲ ਲਈ ਆਪਣੇ ਹਮਰੁਤਬਾ ਵਿਸ਼ਵ ਨੇਤਾਵਾਂ ਨਾਲ ਮਿਲ ਕੇ
ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ।''ਬਿਆਨ
ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਡਾ. ਮਨਮੋਹਣ ਸਿੰਘ ਸਮੇਤ ਕੁਝ ਨੇਤਾਵਾਂ ਨੂੰ
ਨਿੱਜੀ ਤੌਰ 'ਤੇ ਫੋਨ ਕਰ ਕੇ ਜਵਾਬ ਦਿੱਤਾ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।
ਰਾਸ਼ਟਰਪਤੀ ਨੇ ਇਨ੍ਹਾਂ ਨੇਤਾਵਾਂ ਨਾਲ ਮਿਲ ਕੇ ਅੱਗੇ ਵਧਣ ਲਈ ਉਨ੍ਹਾਂ ਨਾਲ ਗੂੜ੍ਹੇ
ਸਹਿਯੋਗ ਰਾਹੀਂ ਕੰਮ ਕਰਨ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ
ਨੇਤਾਵਾਂ ਨੂੰ ਓਬਾਮਾ ਨੇ ਫੋਨ ਕਰ ਕੇ ਧੰਨਵਾਦ ਕੀਤਾ, ਉਨ੍ਹਾਂ ਵਿਚ ਡਾ. ਮਨਮੋਹਨ ਸਿੰਘ
ਤੋਂ ਇਲਾਵਾ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ, ਬ੍ਰਾਜ਼ੀਲ ਦੇ ਰਾਸ਼ਟਰਪਤੀ
ਦਿਲਮਾ ਰੌਸਫ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਫਰਾਂਸ ਦੇ ਰਾਸ਼ਟਰਪਤੀ ਐੱਫ.
ਹੋਲਾਂਦ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੈਵਿਡ
ਕੈਮਰੂਨ ਵੀ ਸ਼ਾਮਲ ਹਨ।
|
No comments:
Post a Comment