ਵਾਸ਼ਿੰਗਟਨ(PTI)- ਅਮਰੀਕਾ ਦੇ ਪੂਰਬੀ ਤੱਟ 'ਤੇ ਪਿਛਲੇ ਹਫਤੇ ਆਏ ਤੂਫਾਨ 'ਸੈਂਡੀ' ਦੀ ਭਿਆਨਕਤਾ ਵੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਨਹੀਂ ਰੋਕ ਸਕੀ। ਅਮਰੀਕਾ ਦੇ ਪੂਰਬੀ ਤੱਟ 'ਤੇ ਪਿਛਲੇ ਹਫਤੇ ਆਏ ਭਿਆਨਕ ਤੂਫਾਨ 'ਸੈਂਡੀ' ਦੀ ਲਪੇਟ ਵਿਚ ਆਉਣ ਨਾਲ ਅਮਰੀਕਾ ਅਤੇ ਕੈਨੇਡਾ ਦੇ ਸੈਂਕੜੇ ਲੋਕ ਮਾਰੇ ਗਏ ਸਨ ਅਤੇ ਅਰਬਾਂ ਦੀ ਸੰਪਤੀ ਦਾ ਵੀ ਨੁਕਸਾਨ ਹੋਇਆ ਸੀ।
ਸੈਂਡੀ ਤੂਫਾਨ ਤੋਂ ਬਾਅਦ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਨਜਿੱਠਣ ਕਾਰਣ ਬਰਾਕ ਓਬਾਮਾ ਨੂੰ ਚੋਣਾਂ ਵਿਚ ਕਾਫੀ ਫਾਇਦਾ ਮਿਲਦਾ ਹੋਇਆ ਨਜ਼ਰ ਆਇਆ ਸੀ।
ਇਨ੍ਹਾਂ ਚੋਣਾਂ ਦੌਰਾਨ ਲਗਭਗ 12 ਕਰੋੜ ਅਮਰੀਕੀਆਂ ਨੇ ਵੋਟ ਪਾਈ। ਚੋਣਾਂ ਤੋਂ ਪਹਿਲਾਂ ਦੋਵਾਂ ਉਮੀਦਵਾਰਾਂ ਵਿਚਕਾਰ ਚੱਲੀ ਲੰਬੀ ਪ੍ਰਚਾਰ ਮੁਹਿੰਮ ਦੌਰਾਨ ਤਿੱਖੀਆਂ ਬਹਿਸਾਂ ਹੋਈਆਂ।
ਚੱਕਰਵਾਤੀ ਤੂਫਾਨ 'ਸੈਂਡੀ' ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਦੇ ਸ਼ਹਿਰ ਨਿਊਜਰਸੀ ਅਤੇ ਨਿਊਯਾਰਕ ਵਿਚ ਰਾਸ਼ਟਰਪਤੀ ਚੋਣਾਂ ਦੇ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਤੂਫਾਨ ਨੇ ਸਭ ਤੋਂ ਵਧ ਤਬਾਹੀ ਮਚਾਈ ਸੀ।
ਸੂਬੇ ਵਿਚ ਲੋਕਾਂ ਨੂੰ ਈ ਮੇਲ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਸੀ ਅਤੇ ਵੋਟ ਪਾਉਣ ਦਾ ਸਮਾਂ ਵੀ ਵਧਾ ਕੇ ਮੰਗਲਵਾਰ ਰਾਤ 8 ਵਜੇ ਤੱਕ ਕਰ ਦਿੱਤਾ ਗਿਆ ਸੀ। ਇਹ ਧਿਆਨ ਰੱਖਿਆ ਗਿਆ ਕਿ ਤੂਫਾਨ ਦੇ ਕਾਰਣ ਬੇਘਰ ਹੋਏ ਅਤੇ ਆਪਣਾ ਸ਼ਹਿਰ ਛੱਡਣ ਵਾਲੇ ਲੋਕ ਵੋਟ ਪਾਉਣ ਤੋਂ ਵਾਂਝੇ ਨਾ ਰਹਿ ਜਾਣ।
ਉੱਥੇ ਹੀ ਨਿਊਯਾਰਕ ਵਿਚ ਆਪਣੇ ਘਰ ਤੋਂ ਦੂਰ ਜਾਂ ਅਲੱਗ ਰਹਿ ਰਹੇ 1,40,000 ਤੋਂ ਵਧ ਲੋਕਾਂ ਲਈ 60 ਤੋਂ ਜ਼ਿਆਦਾ ਮਤਦਾਨ ਕੇਂਦਰਾਂ ਦੀ ਜਗ੍ਹਾ ਬਦਲੀ ਗਈ ਸੀ।
'ਸੈਂਡੀ' ਨੇ ਇਸ ਤੋਂ ਪਹਿਲਾਂ ਕੈਰੇਬੀਆਈ ਟਾਪੂਆਂ 'ਤੇ ਵੀ ਕਹਿਰ ਢਾਹਿਆ ਸੀ, ਜਿਸ ਨਾਲ 69 ਲੋਕਾਂ ਦੀ ਮੌਤ ਹੋ ਗਈ ਸੀ। ਹੈਤੀ ਵਿਚ ਲਗਭਗ 54 ਅਤੇ ਕਿਊਬਾ ਵਿਚ 11 ਵਿਅਕਤੀ ਮਾਰੇ ਗਏ ਸਨ। ਤੂਫਾਨ ਦੇ ਕਾਰਨ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ ਹੈ।