www.sabblok.blogspot.com
• ਪੰਜਾਬ ਸਰਕਾਰ ਸਾਰੇ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਖਤਰੇ ਦੀ ਸਮੀਖਿਆ ਕਰੇਗੀ
• ਥਰਮਲ ਪਲਾਂਟਾਂ ਵਿਚ ਕੋਇਲੇ ਦੀ ਕੋਈ ਕਮੀ ਨਹੀਂ
ਅੰਮ੍ਰਿਤਸਰ, 26 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਹੈ ਕਿ
ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਾਜੁਕ ਮੁੱਦੇ 'ਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸੰਸਦ ਵਿਚ ਵੋਟਾਂ ਪਾਏ ਜਾਣ ਤੋਂ ਭੱਜ ਰਹੀ ਹੈ
ਕਿਉਂਕਿ ਉਸ ਨੂੰ ਇਹ ਖਦਸ਼ਾ ਹੈ ਕਿ ਇਸ ਲੋਕ ਵਿਰੋਧੀ ਮੁੱਦੇ 'ਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੀ ਉਸ ਦੀ ਹਮਾਇਤ ਨਹੀਂ ਕਰਨਗੀਆਂ।
ਅੱਜ ਇਥੇ ਪੰਜਾਬ ਦੇ
ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਪਹੁੰਚੇ ਸ. ਬਾਦਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ
ਕਿਹਾ ਕਿ ਐਨ.ਡੀ.ਏ ਦੇ ਨਾਲ ਨਾਲ ਸਮੂਹ ਵਿਰੋਧੀ ਪਾਰਟੀਆਂ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਨ
ਵਾਲੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਧਾਰਾ 184 ਤਹਿਤ ਵੋਟਾਂ ਪਾਏ ਜਾਣ ਦੀ ਮੰਗ ਕਰ ਰਹੀਆਂ ਹਨ ਪ੍ਰੰਤੂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ
ਸਰਕਾਰ ਜਮਹੂਰੀਅਤ ਦੇ ਮੰਦਰ-ਸੰਸਦ ਦੀ ਅੰਣਦੇਖੀ ਕਰਕੇ ਆਪਣੇ ਇਸ ਫੈਸਲੇ ਨੂੰ ਲਾਗੂ ਕਰਵਾਉਣਾ
ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਨ.ਡੀ.ਏ
ਦਾ ਇਹ ਠੋਸ ਵਿਚਾਰ ਹੈ ਕਿ ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਮੁੱਦੇ 'ਤੇ ਸਾਰੀਆਂ ਸਬੰਧਤ ਧਿਰਾਂ ਜਿਵੇਂ ਕਿ ਪਰਚੂਨ ਵਿਕਰੇਤਾਵਾਂ, ਕਿਸਾਨਾਂ, ਸਿਆਸੀ ਪਾਰਟੀਆਂ ਅਤੇ ਵਪਾਰੀਆਂ ਨੂੰ ਭਰੋਸੇ ਵਿਚ
ਲਿਆ ਜਾਣਾ ਚਾਹੀਦਾ ਸੀ ਪ੍ਰੰਤੂ ਯੂ.ਪੀ.ਏ ਸਰਕਾਰ ਇੱਕ ਤਾਨਾਸ਼ਾਹ ਵਾਂਗ ਆਪਣਾ ਫੈਸਲਾ ਥੋਪਣਾ
ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਥੋਕ
ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹਮਾਇਤ ਕੀਤੀ ਸੀ ਕਿਉਂਕਿ ਉਹ ਇਹ ਮਹਿਸੂਸ ਕਰਦਾ ਹੈ ਕਿ ਇਸ ਨਾਲ
ਵਿਚੋਲਿਆਂ ਦੇ ਖਤਮ ਹੋਣ ਨਾਲ ਪਰਚੂਨ ਵਿਕਰੇਤਾਵਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਪ੍ਰੰਤੂ ਪਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼
ਨਾਲ ਗੱਲੀਆਂ ਮੁਹੱਲਿਆਂ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਚਲਾ ਰਹੇ ਕਰੋੜਾਂ ਪਰਚੂਨ ਵਿਕਰੇਤਾਵਾਂ
ਦੀ ਹੋਂਦ 'ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ।
ਇੱਕ ਹੋਰ ਸਵਾਲ ਦੇ
ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਨਵੀਂ ਦਿੱਲੀ ਦੇ ਇੱਕ ਫਾਰਮ ਹਾਊਸ 'ਤੇ ਗੋਲੀ ਚੱਲਣ ਦੀ ਘਟਨਾ ਉਪਰੰਤ ਉਹਨਾਂ ਸੁਰੱਖਿਆ ਛਤਰੀ ਪ੍ਰਾਪਤ ਸਮੂਹ ਵਿਅਕਤੀਆਂ ਨੂੰ
ਦਰਪੇਸ਼ ਖਤਰੇ ਦੀ ਸਮੀਖਿਆ ਕਰਨ ਦੇ ਪਹਿਲਾਂ ਹੀ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਕਮੇਟੀ ਦੀ ਛੇਤੀ ਹੀ ਇੱਕ ਮੀਟਿੰਗ ਕਰਕੇ ਹਰ ਸੁਰੱਖਿਆ ਪ੍ਰਾਪਤ
ਵਿਅਕਤੀ ਨੂੰ ਦਰਪੇਸ਼ ਖਤਰੇ ਅਨੁਸਾਰ ਉਸ ਦੀ ਸੁਰੱਖਿਆ ਵਿਚ ਵਾਧਾ ਜਾਂ ਕਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਛਤਰੀ ਨੂੰ ਦਿਖਾਵੇ
ਵਜੋਂ ਵਰਤਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਮੈਟਰੋ
ਕੈਸ਼ ਐਂਡ ਕੈਰੀ ਦੇ ਐਮ.ਡੀ. ਸ਼੍ਰੀ ਰਾਕੇਸ਼ ਬਖਸ਼ੀ ਨਾਲ ਪਹੁੰਚੇ ਸ. ਬਾਦਲ ਨੇ ਇਸ ਨਵੇਂ ਕੇਂਦਰ ਦਾ
ਉਦਘਾਟਨ ਕਰਦਿਆਂ ਦੱਸਿਆ ਕਿ ਰਾਜ ਅੰਦਰ ਇਹ ਕੰਪਨੀ ਦਾ ਇਹ ਚੌਥਾ ਅਤੇ ਦੇਸ਼ ਅੰਦਰ 14ਵਾਂ ਸਟੋਰ ਹੈ ਜੋ ਵਪਾਰਕ ਖਪਤਕਾਰਾਂ ਨੂੰ 10,000 ਤੋਂ ਵੱਧ ਖੁਰਾਕੀ ਅਤੇ ਗੈਰ-ਖੁਰਾਕੀ ਉਤਪਾਦ ਥੋਕ ਕੀਮਤ 'ਤੇ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਅਜਿਹੇ ਸਟੋਰ ਥੋਕ ਵਪਾਰ ਦੇ
ਆਦਰਸ਼ ਮਾਡਲ ਹਨ ਕਿਉਂਕਿ ਇਥੇ 90 ਫੀਸਦੀ ਤੋਂ ਵੱਧ ਉਤਪਾਦ ਦੇਸ਼ ਅੰਦਰ
ਤਿਆਰ ਹੋਣ ਵਾਲੇ ਮਿਲਦੇ ਹਨ ਅਤੇ ਇਨ੍ਹਾਂ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ
ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਲ੍ਹੇ ਦੇ 300 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਅਤੇ ਅਸਿੱਧਾ
ਰੋਜ਼ਗਾਰ ਮਿਲਆ ਹੈ।
ਇਸ ਮੌਕੇ ਹੋਰਨਾਂ ਤੋਂ
ਇਲਾਵਾ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸਕੱਤਰ ਸ਼੍ਰੀ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਕੇਂਦਰੀ ਮੰਤਰੀ ਸ਼੍ਰੀ ਬਲਵੰਤ ਸਿੰਘ ਰਾਮੂਵਾਲੀਆ, ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਰਾਮ ਸਿੰਘ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
No comments:
Post a Comment