jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 17 November 2012

ਗ਼ਦਰ ਲਹਿਰ ਦਾ ਬਾਲ-ਜਰਨੈਲ : ਕਰਤਾਰ ਸਿੰਘ ਸਰਾਭਾ

www.sabblok.blogspot.com


ਸ਼ਹੀਦ  ਕਰਤਾਰ ਸਿੰਘ ਸਰਾਭਾ 
16 ਨਵੰਬਰ  ਸ਼ਹੀਦੀ ਦਿਨ 'ਤੇ ਵਿਸ਼ੇਸ਼

‘‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ’ਚੋਂ ਨਾ ਭੁਲਾ ਜਾਣਾ, ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਦੇਖਕੇ ਨਹੀਂ ਘਬਰਾ ਜਾਣਾ।’’
 ਅੱਜ ਤੋਂ ਠੀਕ 97 ਸਾਲ ਪਹਿਲਾਂ, 16 ਨਵੰਬਰ 1915 ਨੂੰ ਭਾਰਤ ਨੂੰ ਗ਼ੁਲਾਮ ਬਣਾਈ ਬੈਠੇ ਅੰਗਰੇਜ਼ ਹਾਕਮਾਂ ਨੇ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਦੇਸ਼ਭਗਤਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ’ਚ ਪੈਦਾ ਹੋਇਆ ਕਰਤਾਰ ਸਿੰਘ, ਗ਼ਦਰ ਪਾਰਟੀ ਦੇ ਚੋਟੀ ਦੇ ਆਗੂਆਂ ਵਿਚੋਂ ਇਕ ਸੀ। ਗ਼ਦਰੀ ਦੇਸ਼ਭਗਤਾਂ ਨੇ ਅਮਰੀਕਾ ਤੇ ਕੈਨੇਡਾ ਦੀ ਧਰਤੀ ਉੱਪਰ ਆਪਣੇ ਵਤਨ ਭਾਰਤ ਨੂੰ ਅੰਗਰੇਜ਼ ਧਾੜਵੀਆਂ ਤੋਂ ਆਜ਼ਾਦ ਕਰਾਉਣ ਦੀ ਯੋਜਨਾ ਬਣਾਕੇ ਗ਼ਦਰ ਲਹਿਰ ਚਲਾਈ ਸੀ ਅਤੇ ਅੰਗਰੇਜ਼ ਹਕੂਮਤ ਨਾਲ਼ ਆਜ਼ਾਦੀ ਦੀ ਜੰਗ ਲੜਕੇ ਮਹਾਨ ਕੁਰਬਾਨੀਆਂ ਦਿੱਤੀਆਂ ਸਨ। ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਹਨਾਂ ਸੂਰਮਿਆਂ ਦੀ ਸ਼ਹਾਦਤ ਦਾ ਦਿਨ ਸਾਡੇ ਲਈ ਗੰਭੀਰਤਾ ਨਾਲ਼ ਇਹ ਸੋਚਣ-ਵਿਚਾਰਨ ਦਾ ਦਿਨ ਹੈ ਕਿ ਇਹ ਮਹਾਨ ਦੇਸ਼ਭਗਤ ਆਜ਼ਾਦੀ ਦੇ ਜਿਸ ਮਹਾਨ ਕਾਜ਼ ਵਾਸਤੇ ਸਿਰਾਂ ’ਤੇ ਕੱਫਣ ਬੰਨ੍ਹਕ ਜੂਝੇ ਸਨ, ਉਸ ਕਾਜ਼ ਦਾ ਕੀ ਬਣਿਆ?

ਗ਼ਦਰੀ ਇਨਕਲਾਬੀ ਕੌਣ ਸਨ?
ਦੁਨੀਆਂ ਦੇ ਇਕ ਤਾਕਤ ਰਾਜ ਬਰਤਾਨੀਆਂ ਨੇ ਭਾਰਤੀ ਰਾਜਜਿਆਂ ਦੀ ਆਪਸੀ ਫੁੱਟ, ਕਮਜ਼ੋਰ ਫ਼ੌਜੀ ਹਾਲਤ ਤੇ ਕੁਝ ਰਾਜਿਆਂ ਦੇ ਦੇਸ਼-ਧ੍ਰੋਹੀ ਕਿਰਦਾਰ ਜਹੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਕੇ ਸਹਿਜੇ-ਸਹਿਜੇ ਪੂਰੇ ਭਾਰਤ ਨੂੰ ਆਪਣਾ ਗ਼ੁਲਾਮ ਬਣਾ ਲਿਆ ਸੀ। ਹਕੂਮਤ ਨੇ ਦੇਸ਼ ਦੇ ਅਮੀਰ ਕੁਦਰਤੀ ਵਸੀਲਿਆਂ, ਦੌਲਤ ਤੇ ਮਿਹਨਤ-ਸ਼ਕਤੀ ਨੂੰ ਬੇਰਹਿਮੀ ਨਾਲ਼ ਲੁੱਟਕੇ ਦੇਸ਼ ਤੇ ਦੇਸ਼ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿੱਤਾ ਸੀ। ਹਕੂਮਤ ਦੀਆਂ ਧਾੜਵੀ ਨੀਤੀਆਂ ਦੇ ਸਿੱਟੇ ਵਜੋਂ, ਦੇਸ਼ ਅੰਦਰ ਲੱਖਾਂ ਲੋਕ ਆਏ ਸਾਲ ਕਾਲ ਤੇ ਪਲੇਗ ਦੇ ਭਿਆਨਕ ਹੱਲਿਆਂ ਮੂਹਰੇ ਲਾਚਾਰ ਹੋ ਕੇ ਮਰ ਰਹੇ ਸਨ। ਇਸੇ ਤਰ੍ਹਾਂ ਹਕੂਮਤ ਤੇ ਇਸ ਦੇ ਜੁੱਟੀਚੱਟ ਜਗੀਰਦਾਰਾਂ-ਰਜਵਾੜਿਆਂ ਵੱਲੋਂ ਕੀਤੀ ਜਾਂਦੀ ਲੁੱਟ ਨੇ ਪੰਜਾਬ ਦੀ ਕਿਸਾਨੀ ਨੂੰ ਵੀ ਬੁਰੀ ਤਰ੍ਹਾਂ ਉਜਾੜ ਦਿੱਤਾ ਸੀ। ਉਹਨਾਂ ਨੂੰ ਆਪਣਾ ਪੇਟ ਭਰਨ ਲਈ ਵਿਦੇਸ਼ਾਂ ’ਚ ਧੱਕੇ ਖਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ।

 ਪੰਜਾਬ ਦੇ ਕਈ ਹਿੱਸਿਆਂ ਦੇ ਕਿਸਾਨ ਇਸ ਸਮੇਂ ਦੌਰਾਨ ਆਪਣੀਆਂ ਜ਼ਮੀਨਾਂ ਗਹਿਣੇ ਧਰਕੇ ਜਾਂ ਵੇਚਕੇ ਕੈਨੇਡਾ-ਅਮਰੀਕਾ ਵਰਗੇ ਦੇਸ਼ਾਂ ’ਚ ਰੋਜ਼ੀ ਕਮਾਉਣ ਲਈ ਗਏ ਸਨ। ਪਰ ਉੱਥੇ ਵਿਦੇਸ਼ਾਂ ’ਚ ਭਾਰਤੀ ਲੋਕਾਂ ਨੂੰ ਚਿੱਟੀ ਚਮੜੀ ਵਾਲ਼ਿਆਂ ਲੋਕਾਂ ਹੱਥੋਂ ਜਿਸ ਤਰ੍ਹਾਂ ਪੈਰ-ਪੈਰ ’ਤੇ ਜ਼ਲੀਲ ਹੋਣਾ ਪੈਂਦਾ ਸੀ ਉਸ ਨੇ ਇਹਨਾਂ ਗ਼ੈਰਤਮੰਦ ਗਭਰੂਆਂ ਦੀ ਅਣਖ ਨੂੰ ਝੰਜੋੜ ਦਿੱਤਾ। ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਨੂੰ ਇਹ ਨਸਲੀ ਵਿਤਕਰਾ, ਜ਼ਲਾਲਤ ਤੇ ਧੱਕੇਸ਼ਾਹੀ ਇਸ ਕਰਕੇ ਝੱਲਣੀ ਪੈਂਦੀ ਹੈ, ਕਿਉਂਕਿ ਉਹ ਇਕ ਗ਼ੁਲਾਮ ਦੇਸ਼ ਦੇ ਵਸਨੀਕ ਹਨ। ਇਸ ਅਹਿਸਾਸ ਨੇ ਉਹਨਾਂ ਅੰਦਰ ਦੱਬੀ ਪਈ ਆਜ਼ਾਦੀ ਦੀ ਤਾਂਘ ਨੂੰ ਉਭਾਰਿਆ, ਉਹਨਾਂ ਨੇ ਮਹਿਸੂਸ ਕਰ ਲਿਆ ਕਿ ਸਾਡੇ ਦੇਸ਼ ਵਾਸੀਆਂ ਦੀ ਕੰਗਾਲੀ, ਦੁਰਦਸ਼ਾ ਤੇ ਜ਼ਲਾਲਤ ਲਈ ਅੰਗਰੇਜ਼ੀ ਰਾਜ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ; ਜਦੋਂ ਤੱਕ ਦੇਸ਼ ਨੂੰ ਇਹਨਾਂ ਵਿਦੇਸ਼ੀ ਧਾੜਵੀਆਂ ਤੋਂ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਦੁੱਖ-ਦਲਿੱਤਰ ਤੋਂ ਸਾਡੇ ਵਤਨ ਦੀ ਮੁਕਤੀ ਨਹੀਂ ਹੋ ਸਕਦੀ।

ਅਮਰੀਕਾ ’ਚ ਗ਼ਦਰ ਪਾਰਟੀ ਦੀ ਸਥਾਪਨਾ:
ਇਹਨਾਂ ਦੇਸ਼ਭਗਤਾਂ ਨੇ ਨਵੰਬਰ 1913 ਵਿਚ ਅਮਰੀਕਾ ਦੀ ਧਰਤੀ ’ਤੇ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਿਆ; ਜਿਸ ਦਾ ਮਨੋਰਥ ਹਥਿਆਰਬੰਦ ਗ਼ਦਰ (ਇਨਕਲਾਬ) ਰਾਹੀਂ ਹਿੰਦੁਸਤਾਨ ਨੂੰ ਅੰਗਰੇਜ਼ੀ ਰਾਜ ਦੀ ਗ਼ੁਲਾਮੀ ਦੇ ਪੰਜਿਆਂ ’ਚੋਂ ਆਜ਼ਾਦ ਕਰਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਨੀਂਹਾਂ ’ਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਸੀ। ਇਹ ਉਹ ਸਮਾਂ ਸੀ ਜਦੋਂ ਪਹਿਲੀ ਸੰਸਾਰ ਜੰਗ ਦੌਰਾਨ ਕਾਂਗਰਸ ਪਾਰਟੀ, ਅੰਗਰੇਜ਼ ਹਾਕਮਾਂ ਨੂੰ ਫ਼ੌਜੀ ਭਰਤੀ ਦੇ ਕੇ ਤੇ ਹੋਰ ਮਦਦ ਕਰਕੇ ਦੇਸ਼-ਧ੍ਰੋਹ ਕਮਾ ਰਹੀ ਸੀ,  ਜਦ ਕਿ ਦੂਜੇ ਪਾਸੇ ਮਹਾਨ ਗ਼ਦਰੀ ਦੇਸ਼ ਭਗਤ ਸਨ, ਜਿਹਨਾਂ ਨੇ ‘ਦਲੀਲਾਂ-ਅਪੀਲਾਂ’ ਦਾ ਭਰਮਾਊ ਰਾਹ ਰੱਦ ਕਰਕੇ ਹਥਿਆਰਬੰਦ ਲੜਾਈ ਰਾਹੀਂ ਅੰਗਰੇਜ਼ੀ ਰਾਜ ਦਾ ਖ਼ਾਤਮਾ ਕਰਨ ਦਾ ਜੂਝਾਰੂ ਰਾਹ ਅਪਣਾਇਆ ਸੀ। ਇਸ ਪਾਰਟੀ ਨੇ ਭਾਰਤੀ ਲੋਕਾਂ ਸਾਹਮਣੇ ਪਹਿਲੀ ਵਾਰ ਮੁਕੰਮਲ ਆਜ਼ਾਦੀ ਦਾ ਪ੍ਰੋਗਰਾਮ ਪੇਸ਼ ਕੀਤਾ ਸੀ। ਇਸ ਇਨਕਲਾਬੀ ਪਾਰਟੀ ਨੇ ਮਜ਼੍ਹਬਾਂ, ਫਿਰਕਿਆਂ ਦੇ ਝਗੜਿਆਂ ਤੋਂ ਉੱਪਰ ਉੱਠਕੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਭਾਵ ਸਮੁੱਚੇ ਦੇਸ਼-ਵਾਸੀਆਂ ਨੂੰ ਆਜ਼ਾਦੀ ਦੇ ਖ਼ਿਆਲਾਂ ਨਾਲ਼ ਰੌਸ਼ਨ ਕਰਨ ਦਾ ਬੀੜਾ ਚੁੱਕਿਆ ਸੀ ਤੇ ਆਜ਼ਾਦੀ ਦੀ ਲੜਾਈ ਦਾ ਐਲਾਨ ਕੀਤਾ ਸੀ। ਪਾਰਟੀ ਦੇ ਇਸ ਸੱਦੇ ’ਤੇ ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਦੇਸ਼ਭਗਤ ਆਪਣੀਆਂ ਨੌਕਰੀਆਂ, ਕਾਰੋਬਾਰਾਂ ਤੇ ਨਿੱਜੀ ਸੁੱਖ-ਸਹੂਲਤਾਂ ਨੂੰ ਲੱਤ ਮਾਰਕੇ ਦੇਸ਼ ਪਰਤ ਆਏ। ਥਾਂ-ਥਾਂ ਗ਼ਦਰੀਆਂ ਦੇ ਇਹ ਪੈਗ਼ਾਮ ਗੁੰਜਣ ਲੱਗੇ:
                                 ‘‘ਕਦੇ ਮੰਗਿਆਂ ਮਿਲਣ ਆਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ਼ ਨਾ ਰਾਜ ਲੋਕੋ।’’
‘ਗ਼ਦਰ’ ਅਖ਼ਬਾਰ ਛਾਪਿਆ ਜਾਣ ਲੱਗਿਆ। ਪਿੰਡਾਂ ਤੇ ਫ਼ੌਜੀ ਛਾਉਣੀਆਂ ’ਚ ਵੱਡੇ ਪੱਧਰ ’ਤੇ ਪ੍ਰ੍ਰਚਾਰ ਕਰਕੇ ਗ਼ਦਰ ਦੀ ਤਿਆਰੀ ਕੀਤੀ ਗਈ। ਪਰ ਪਾਰਟੀ ’ਚ ਘੁਸੇ ਸਰਕਾਰੀ ਏਜੰਟ ਕ੍ਰਿਪਾਲ ਵੱਲੋਂ ਗ਼ਦਰ ਦੀ ਖ਼ਬਰ ਹਕੂਮਤ ਨੂੰ ਪਹਿਲਾਂ ਹੀ ਪਹੁੰਚਾ ਦੇਣ ਕਾਰਨ ਸਰਕਾਰ ਚੁਕੰਨੀ ਹੋ ਗੲਂ। ਇੰਜ, ਗ਼ਦਰ ਦਾ ਯਤਨ ਅਸਫ਼ਲ ਹੋ ਗਿਆ। ਅਨੇਕਾਂ ਗ਼ਦਰੀ ਯੋਧੇ ਹਕੂਮਤ ਨੇ ਗ੍ਰਿਫ਼ਤਾਰ ਕਰ ਲਏ। ਬਹੁਤ ਸਾਰਿਆਂ ਨੂੰ ਫਾਂਸੀਆਂ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬਾਕੀਆਂ ਨੂੰ ਲੰਬੀਆਂ ਉਮਰ ਕੈਦ ਦੀਆਂ ਸਜ਼ਾਵਾਂ ਦੇ ਕੇ ਜੇਲ੍ਹਾਂ ’ਚ ਸੜਨ ਲਈ ਸੁੱਟ ਦਿੱਤਾ ਗਿਆ। ਭਾਵੇਂ ਇਹ ਗ਼ਦਰ ਅਸਫ਼ਲ ਹੋ ਗਿਆ, ਪਰ ਗ਼ਦਰੀ ਦੇਸ਼ਭਗਤਾਂ ਦੀਆਂ ਸ਼ਾਨਾਮੱਤੀਆਂ ਕੁਰਬਾਨੀਆਂ ਨੇ ਦੇਸ਼ ਵਾਸੀਆਂ ’ਚ ਆਜ਼ਾਦੀ ਦੀ ਰੂਹ ਫੂਕਣ ’ਚ ਵੱਡਾ ਯੋਗਦਾਨ ਪਾਇਆ। ਇਹ ਲਹਿਰ ਦੇਸ਼ ਵਾਸੀਆਂ ਵਾਸਤੇ ਆਜ਼ਾਦੀ ਦੀ ਲੜਾਈ ’ਚ ਕੁੱਦਣ ਲਈ ਬਹੁਤ ਵੱਡਾ ਪ੍ਰੇਰਣਾ-ਸਰੋਤ ਬਣੀ। ਜਿਹੜੇ ਗ਼ਦਰੀ ਹਕੂਮਤ ਦੇ ਕਹਿਰ ਤੋਂ ਬਚ ਗਏ ਸਨ ਤੇ ਜਿਹੜੇ ਜੇਲ੍ਹਾਂ ’ਚ ਰਿਹਾਅ ਹੋ ਕੇ ਆਏ ਉਹਨਾਂ ਨੇ ਬਬਰ ਅਕਾਲੀ ਲਹਿਰ ਤੇ ਫਿਰ ਕਿਰਤੀ (ਕਮਿਊਨਿਸਟ) ਪਾਰਟੀ ਦੀ ਲਹਿਰ ’ਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ।

 ਗ਼ਦਰ ਪਾਰਟੀ ਉਸਾਰਨ, ਗ਼ਦਰ ਅਖ਼ਬਾਰ ਕੱਢਣ ਤੇ ਬਗ਼ਾਵਤ ਦੀ ਤਿਆਰੀ ਕਰਨ ’ਚ ਨੌਜਵਾਨ ਕਰਤਾਰ ਸਿੰਘ ਸਰਾਭਾ ਦਾ ਵੱਡਾ ਯੋਗਦਾਨ ਸੀ। ਉਸ ਨੇ ਚੜ੍ਹਦੀ ਉਮਰੇ (19 ਸਾਲ) ’ਚ ਹੱਸਦਿਆਂ-ਹੱਸਦਿਆਂ ਫਾਂਸੀ ਦਾ ਫੰਦਾ ਗਲ਼ ’ਚ ਪਾ ਕੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਅਮਿੱਟ ਪੈੜਾਂ ਪਾਈਆਂ ਹਨ। ਦੂਜੇ ਪਾਸੇ, ਪੰਜਾਬ ਵਿਚ ਸਿੱਖ ਸੰਸਥਾਵਾਂ ’ਤੇ ਕਾਬਜ ਅਰੂੜ ਸਿੰਘ (ਸਿਮਰਨਜੀਤ ਸਿੰਘ ਮਾਨ ਦੇ ਨਾਨਾ) ਵਰਗੇ ਦੇਸ਼ ਦੇ ਗ਼ਦਾਰ ਵੀ ਸਨ ਜਿਹੜੇ ਗ਼ਦਰੀ ਦੇਸ਼ਭਗਤਾਂ ਨੂੰ ਪੰਥ ’ਚੋਂ ਛੇਕਣ ਦੇ ਹੁਕਮਨਾਮੇ ਜਾਰੀ ਕਰਕੇ ਅੰਗਰੇਜ਼ੀ ਰਾਜ ਦਾ ਟੋਡੀਪੁਣਾ ਕਰਦੇ ਰਹੇ।

ਭਗਤ-ਸਰਾਭੇ ਵਾਲ਼ੀ ਆਜ਼ਾਦੀ ਆਈ ਨਾ ਲੋਕੋ:
ਗ਼ਦਰ ਲਹਿਰ, ਬਬਰ ਅਕਾਲੀ ਲਹਿਰ, ਭਗਤ ਸਿੰਘ-ਚੰਦਰ ਸ਼ੇਖ਼ਰ ਆਜ਼ਾਦ-ਸੁਖਦੇਵ-ਭਗਵਤੀ ਚਰਨ ਵੋਹਰਾ-ਰਾਜਗੁਰੂ ਹੋਰਾਂ ਦੀ ਇਨਕਲਾਬੀ ਲਹਿਰ ਆਦਿ ਲਹਿਰਾਂ ’ਚ ਸਰਾਭੇ ਵਰਗੇ ਅਣਗਿਣਤ ਇਨਕਲਾਬੀ ਦੇਸ਼ਭਗਤਾਂ ਨੇ ਦੇਸ਼ ਦੇ ਗਲ਼ੋਂ ਗ਼ੁਲਾਮੀ ਦੇ ਸੰਗਲ਼ ਲਾਹੁਣ ਵਾਸਤੇ ਆਪਣੀਆਂ ਅਣਮੋਲ ਜ਼ਿੰਦਗੀਆਂ ਕੁਰਬਾਨ ਕੀਤੀਆਂ। ਵਤਨ ਦੀ ਆਜ਼ਾਦੀ, ਤਰੱਕੀ ਤੇ ਖ਼ੁਸ਼ਹਾਲੀ ਵਾਸਤੇ ਤਾਂਘਦੇ ਦੇਸ਼ ਵਾਸੀਆਂ ਨੂੰ ਇਹਨਾਂ ਇਨਕਾਬੀਆਂ ਨੇ ਆਜ਼ਾਦੀ ਦੀ ਸਹੀ ਲੜਾਈ ਵਿਚ ਜਥੇਬੰਦ ਕਰਨ ਲਈ ਵਾਰ-ਵਾਰ ਯਤਨ ਕੀਤੇ। ਜਦਕਿ ਗਾਂਧੀ ਵਰਗੇ ਕਾਂਗਰਸੀ ਆਗੂ ਭਾਰਤੀ ਲੋਕਾਂ ਨੂੰ ਅਹਿੰਸਾ ਦੀ ਅਫੀਮ ਖਵਾਕੇ ਆਜ਼ਾਦੀ ਦੀ ਲੜਾਈ ਨੂੰ ਠੰਡਾ ਕਰਨ ਦਾ ਕੰਮ ਕਰਦੇ ਰਹੇ ਤੇ ਇੰਜ ਅੰਗਰੇਜ਼ੀ ਰਾਜ ਪ੍ਰਤੀ ਵਫ਼ਾ ਪਾਲ਼ਦੇ ਰਹੇ। ਭਾਰਤੀ ਹਾਕਮਾਂ ਵੱਲੋਂ ਇਹਨਾਂ  ਨੂੰ ਆਜ਼ਾਦੀ ਦੇ ਮਹਾਨ ਘੁਲਾਟੀਏ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਗ਼ਦਰੀ ਇਨਕਲਾਬੀਆਂ ਵਰਗੇ ਅਸਲ ਦੇਸ਼ ਭਗਤਾਂ ਦੀ ਮਹਾਨ ਦੇਣ ਨੂੰ ਭਾਰਤੀ ਹਾਕਮ ਤੇ ਇਹਨਾਂ ਦੀਆਂ ਸਿਆਸੀ ਪਾਰਟੀਆਂ ਜਾਣ-ਬੁੱਝਕੇ ਅਣਗੌਲ਼ਿਆ ਕਰ ਰਹੀਆਂ ਹਨ। ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਬਾਰੇ ਹਨੇਰੇ ’ਚ ਰੱਖਿਆ ਜਾ ਸਕੇ।
 ਦੂਜੀ ਸੰਸਾਰ ਜੰਗ ਦੌਰਾਨ ਕਮਜ਼ੋਰ ਹੋਇਆ ਅੰਗਰੇਜ਼ੀ ਰਾਜ ਜਦੋਂ ਭਾਰਤੀ ਲੋਕਾਂ ਦੇ ਆਜ਼ਾਦੀ ਦੇ ਸੰਘਰਸ਼ਾਂ ਮੂਹਰੇ ਲੜਖੜਾ ਰਿਹਾ ਸੀ ਤਾਂ ਅੰਗਰੇਜ਼ਾਂ ਦੇ ਇਹਨਾਂ ਟੁੱਕੜਬੋਚਾਂ ਨੇ ਵਿਦੇਸ਼ੀ ਹਾਕਮਾਂ ਨਾਲ਼ ਅੰਦਰਖਾਤੇ ਸੌਦੇਬਾਜੀ ਕਰਕੇ ਵਿਦੇਸ਼ਾਂ ਦੇ ਅਸਿੱਧੇ ਕੰਟਰੋਲ ਵਾਲ਼ਾ ਰਾਜ ਪ੍ਰਬੰਧ ਚਲਾਉਣ ਦੀ ਜ਼ੁੰਮੇਵਾਰੀ ਸਾਂਭ ਲਈ। ਭਾਰਤ ਉੱਪਰ ਇੰਗਲੈਂਡ ਦੀ ਜਕੜ, ਉਹਨਾਂ ਦੇ ਲੋਟੂ ਕਾਰੋਬਾਰ ਤੇ ਸਰਮਾਇਆ ਸੁਰੱਖਿਅਤ ਬਣਾ ਦਿੱਤੇ ਗਏ। ਵਿਦੇਸ਼ੀ ਹਾਕਮ ਪਰਦੇ ਪਿੱਛੇ ਜਾ ਕੇ ਲੁੱਟ ਦਾ ਸਿਲਸਿਲਾ ਚਲਾਉਣ ਲੱਗੇ। ਇਸ ਨੂੰ ਆਜ਼ਾਦੀ ਦਾ ਨਾਂ ਦੇ ਕੇ ਲੋਕਾਂ ਨੂੰ ਭਰਮਾ ਲਿਆ ਗਿਆ।

   ਜਮਹੂਰੀਅਤ ਤੇ ਸਮਾਜਵਾਦ ਵਰਗੇ ਭਰਮਾਊ ਸ਼ਬਦਾਂ ਦੇ ਪਰਦੇ ਹੇਠ ਲੋਟੂ ਜਗੀਰਦਾਰਾਂ-ਸਰਮਾਏਦਾਰਾਂ ਦੀ ਸਿਆਸੀ ਪੁੱਗਤ ਸਥਾਪਤ ਕਰ ਦਿੱਤੀ ਗਈ। ਪਹਿਲਾਂ ਇਕੱਲਾ ਇੰਗਲੈਂਡ ਸਾਡੇ ਦੇਸ਼ ’ਤੇ ਕਾਬਜ ਸੀ। ਹੁਣ ਸਵੈ-ਨਿਰਭਰਤਾ ਦੇ ਨਾਂ ਹੇਠ ਅਮਰੀਕਾ, ਰੂਸ, ਜਰਮਨ, ਜਪਾਨ ਵਰਗੇ ਅਨੇਕਾਂ ਹੋਰ ਦੇਸ਼ਾਂ ਦੀ ਸਾਡੇ ਦੇਸ਼ ਉੱਪਰ ਜਕੜ ਬਣਾ ਦਿੱਤੀ ਗਈ। ਪਹਿਲੀਆਂ ਸਾਰੀਆਂ ਤੇ ਹੁਣ ਦੀਆਂ ਨਵੀਂਆਂ ਆਰਥਿਕ ਨੀਤੀਆਂ ਦੇ ਨਾਂ ਹੇਠ ਇਸ ਜਕੜ ਨੂੰ ਦਿਨੋ-ਦਿਨ ਹੋਰ ਮਜ਼ਬੂਤ ਤੇ ਵਿਆਪਕ ਬਣਾਇਆ ਜਾ ਰਿਹਾ ਹੈ। ਕਦੇ ਭਾਰਤ ਇਕ ਈਸਟ ਇੰਡੀਆ ਕੰਪਨੀ ਦਾ ਗ਼ੁਲਾਮ ਬਣਕੇ ਅੰਗਰੇਜ਼ ਧਾੜਵੀਆਂ ਦੀ ਲੁੱਟ ਦਾ ਸ਼ਿਕਾਰ ਹੋਇਆ ਸੀ ਅੱਜ 20,000 ਵਿਦੇਸ਼ੀ ਕੰਪਨੀਆਂ ਭਾਰਤ ਦੇ ਕੁਦਰਤੀ ਵਸੀਲੇ, ਦੌਲਤ ਤੇ ਮਿਹਨਤ ਨਿਚੋੜਦੀਆਂ ਹਨ।

  ਲੁੱਟ, ਬੇਕਾਰੀ, ਗਰੀਬੀ, ਜਬਰ ਦੀ ਸਤਾਈ ਵਿਸ਼ਾਲ ਮਿਹਨਤਕਸ਼ ਜਨਤਾ ਪਸ਼ੂਆਂ ਵਰਗੀ ਜੂਨ ਹੰਢਾ ਰਹੀ ਹੈ। ਕਰਜ਼ੇ ਦੇ ਮਕੜ ਜਾਲ ’ਚ ਫਸੇ ਕਿਸਾਨ ਤੇ ਹੋਰ ਪੇਂਡੂ ਮਿਹਨਤਕਸ਼ ਖ਼ੁਦਕੁਸ਼ੀਆਂ ਕਰ ਰਹੇ ਹਨ। ਲੱਕਤੋੜ ਮਹਿੰਗਾਈ ਨੇ ਮਿਹਨਤਕਸ਼ ਜਨਤਾ ਦਾ ਨੱਕ ’ਚ ਦਮ ਕਰ ਰੱਖਿਆ ਹੈ। ਵੋਟ ਪਾਰਟੀਆਂ ਵੋਟ ਸਿਆਸਤ ਦੀ ਮੱਕਾਰ ਚਾਲ ’ਚ ਉਲਝਾਕੇ ਲੁੱਟ-ਜਬਰ ਦੇ ਇਸ ਰਾਜ ਨੂੰ ਪੂਰੀ ਕਾਮਯਾਬੀ ਨਾਲ਼ ਚਲਾ ਰਹੀਆਂ ਹਨ। ਗੰਦੇ ਸਭਿਆਚਾਰ, ਅਸ਼ਲੀਲ ਸਾਹਿਤ ਤੇ ਨਸ਼ਿਆਂ ਰਾਹੀਂ ਦੇਸ਼ ਦੀ ਜਵਾਨੀ ਦੀ ਸੋਚ ਨੂੰ ਨਪੁੰਸਕ ਬਣਾਇਆ ਜਾਂ ਰਿਹਾ ਹੈ। ਉਹਨਾਂ ਨੂੰ ਇਨਕਲਾਬੀ ਲਹਿਰਾਂ ਦੇ ਮਹਾਨ ਵਿਰਸੇ ਬਾਰੇ ਅਣਜਾਣ ਰੱਖਕੇ ਇਨਕਲਾਬੀ ਸਿਆਸਲ ’ਚ ਸਰਗਰਮ ਭੂਮਿਕਾ ਨਿਭਾਉਣ ਤੋਂ ਦੂਰ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਜਾਗਰਿਤ ਹੋ ਕੇ ਇਸ ਜ਼ਾਲਮ ਲੋਟੂ ਰਾਜ ਲਈ ਚੁਣੌਤੀ ਨਾ ਬਣ ਸਕਣ।

ਸੱਚੀ ਆਜ਼ਾਦੀ ਦੀ ਲੜਾਈ ਅੱਜ ਵੀ ਜਾਰੀ ਹੈ:
ਇਸ ਦੇ ਬਾਵਜੂਦ ਸੱਚੀ ਆਜ਼ਾਦੀ ਲਈ ਭਾਰਤੀ ਲੋਕਾਂ ਦਾ ਸੰਗਰਾਮ ਅੱਜ ਵੀ ਜਾਰੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲੋਕ ਲੁੱਟ, ਬੇਇਨਸਾਫ਼ੀ, ਜਾਤਪਾਤੀ ਵਿਤਕਰੇ, ਧੱਕੇਸ਼ਾਹੀ ਤੇ ਹਰ ਤਰ੍ਹਾਂ ਦੇ ਜਬਰ ਵਿਰੁਧ ਜੂਝ ਰਹੇ ਹਨ।ਕਿਸਾਨ-ਮਜ਼ਦੂਰ ਤੇ ਆਦਿਵਾਸੀ ਲੋਕ ਇਨਕਲਾਬੀਆਂ ਦੀ ਅਗਵਾਈ ਹੇਠ ਮਾਣ-ਇੱਜ਼ਤ ਦੀ ਲੜਾਈ, ਰਾਜ ਸੱਤਾ, ਜੰਗਲ ਤੇ ਜ਼ਮੀਨ ਉੱਪਰ ਹੱਕਾਂ ਦੀ ਜਾਨ-ਹੂਲਵੀਂ ਲੜਾਈ ਲੜ ਰਹੇ ਹਨ। ਇਸ ਨਾਲ਼ ਝੂਠੀ ਆਜ਼ਾਦੀ ਦੀ ਅਸਲੀਅਤ ਦਿਨੋ-ਦਿਨ ਨੰਗੀ ਹੋ ਰਹੀ ਹੈ। ਬੀਤੇ 65 ਵਰ੍ਹਿਆਂ ਦੇ ਲੋਟੂ ਰਾਜ ਨੇ ਸਾਬਤ ਕਰ ਦਿਖਾਇਆ ਹੈ ਕਿ ਆਜ਼ਾਦੀ ਦੀ ਆੜ ਹੇਠ ਭਾਰਤੀ ਲੋਕਾਂ ਉੱਪਰ ਕਿਵੇਂ ਲੁਕਵੀਂ ਗ਼ੁਲਾਮੀ ਮੜ੍ਹੀ ਗਈ ਹੈ। ਇਹ ਝੂਠੀ ਆਜ਼ਾਦੀ ਕਰਤਾਰ ਸਿੰਘ ਸਰਾਭੇ, ਸ਼ਹੀਦ ਭਗਤ ਸਿੰਘ ਵਰਗੇ ਹਜ਼ਾਰਾਂ ਮਹਾਨ ਸ਼ਹੀਦਾਂ, ਦੇਸ਼ਭਗਤਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਹੈ।

 ਸ਼ਹੀਦਾਂ ਦੇ ਇਸ ਅਧੂਰੇ ਕਾਜ਼ ਨੂੰ ਨੇਪਰੇ ਚਾੜ੍ਹਨਾ, ਸਾਡਾ ਸ਼ਹੀਦਾਂ ਦੇ ਵਾਰਿਸਾਂ ਦਾ ਫਰਜ਼ ਹੈ। ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਹੋਰ ਸੰਗਰਾਮੀ ਸਾਥੀਆਂ ਦੇ ਸ਼ਹਾਦਤ ਦੇ ਦਿਹਾੜੇ ’ਤੇ ਉਹਨਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਪ੍ਰਣ ਕਰਨਾ,  ਸ਼ਹੀਦ ਸਰਾਭੇ ਤੇ ਉਹਨਾਂ ਦੇ ਗ਼ਦਰੀ ਸਾਥੀਆਂ ਦਾ ਆਜ਼ਾਦੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਬੀੜਾ ਚੁੱਕਣਾ , ਮਹਾਨ ਸ਼ਹੀਦਾਂ ਦੀ ਇਸ ਧਰਤੀ ਨੂੰ ਵਿਦੇਸ਼ੀ-ਦੇਸੀ ਲੋਟੂਆਂ ਤੋਂ ਮੁਕਤ ਕਰਾਕੇ ਸੱਚੀ ਆਜ਼ਾਦੀ ਲਈ ਜੁੱਟਨਾ, ਇਹੋ ਮਹਾਨ ਸ਼ਹੀਦ ਸਰਾਭੇ ਤੇ ਹੋਰ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਲੋਕਸਾਂਝ

No comments: