ਪੰਜਾਬ ਦੀ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਜਨਵਰੀ 'ਚ – ਸੁਖਬੀਰ ਸਿੰਘ ਬਾਦਲ
- ਪੰਜਾਬ ਵੈਟ ਅਦਾ ਕਰਨ ਵਾਲਿਆਂ ਦੀ ਦਰਜਾਬੰਦੀ ਕਰੇਗਾ
- ਸਨਅਤਕਾਰਾਂ ਦੇ ਵੱਖ ਵੱਖ ਬਕਾਇਆਂ ਦੇ ਯਕਮੁਸ਼ਤ ਨਿਪਟਾਰੇ ਦਾ ਪ੍ਰਸਤਾਵ
- ਹੋਟਲਾਂ, ਰੀਅਲ ਅਸਟੇਟ ਅਤੇ ਹਸਪਤਾਲਾਂ ਨੂੰ ਮਿਲੇਗਾ ਸਨਅਤੀ ਦਰਜਾ
- ਕੰਡੀ ਅਤੇ ਨੀਮ ਪਹਾੜੀ ਖੇਤਰਾਂ 'ਚ ਸਨਅਤੀ ਕਲਸਟਰਾਂ ਦੀ ਸਥਾਪਨਾ ਦਾ ਪ੍ਰਸਤਾਵ
- ਮੈਡੀਸਿਟੀ, ਐਜੂਸਿਟੀ ਅਤੇ ਐਂਟਰਟੇਨਮੈਂਟ ਸਿਟੀ ਨਿਵੇਸ਼ ਲਈ ਨਵੇਂ ਕੇਂਦਰਾਂ ਵਜੋਂ ਉਭਰਣਗੇ
- ਵਾਹਘਾ ਸਰਹੱਦ ਦੇ ਖੁਲ੍ਹਣ ਨਾਲ ਪੰਜਾਬ ਦੱਖਣੀ ਪੂਰਬੀ ਏਸ਼ੀਆ ਦਾ ਪਸੰਦੀਦਾ ਨਿਵੇਸ਼ ਕੇਂਦਰ ਬਣੇਗਾ
- 3561 ਕਰੋੜ ਰੁਪਏ ਦਾ ਮਿਸ਼ਨ ਲੁਧਿਆਣਾ ਪੰਜਾਬ ਦੇ ਮਾਨਚੈਸਟਰ ਦੀ ਬਦਲੇਗਾ ਨੁਹਾਰ
ਅੱਜ ਇਥੇ ਇਹ ਐਲਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ
ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਵਲੋਂ ਤਿਆਰ ਕੀਤੇ ਰੋਡ ਸ਼ੋਅ
'ਡੈਸਟੀਨੇਸ਼ਨ ਪੰਜਾਬ' ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਸ. ਬਾਦਲ
ਨੇ ਕਿਹਾ ਕਿ ਉਨ੍ਹਾਂ ਵਲੋਂ ਵੱਡੇ ਸਨਅਤਕਾਰਾਂ ਦੇ ਇਕ ਕੋਰ ਗਰੁਪ ਦੇ ਗਠਨ ਤੋਂ ਇਲਾਵਾ
ਵੱਖ ਵੱਖ ਖੇਤਰਾਂ ਲਈ ਉਨ੍ਹਾਂ ਦੀ ਅਗਵਾਈ ਹੇਠ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਜੋ ਸਨਅਤੀ
ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਨੂੰ
ਅੰਤਮ ਛੋਹਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰ ਗਰੁਪ ਦੀਆਂ ਸਿਫਾਰਿਸ਼ਾਂ ਮੁਤਾਬਕ
ਕਾਨੂੰਨਾਂ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਨਵਰੀ 2013 ਤੱਕ
ਢੁੱਕਵੀਂ ਕਾਨੂੰਨੀ ਵਿਵਸਥਾ ਨਾਲ ਲੈਸ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਰਾਜ ਵਿਚ ਲਾਗੂ
ਹੋ ਜਾਵੇਗੀ।
ਉਨ੍ਹਾਂ ਅਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੰਡੀ ਅਤੇ ਨੀਮ ਪਹਾੜੀ ਖੇਤਰਾਂ
ਅੰਦਰ ਸਨਅਤ ਅਧਾਰਤ ਸਨਅਤੀ ਕਲਸਟਰ ਸਥਾਪਤ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਐਕੁਆਇਰ
ਕੀਤੀ ਜਾਣ ਵਾਲੀ ਜਮੀਨ ਦੀ ਸਨਾਖਤ ਵੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਪੈਟਰਨ
'ਤੇ ਸਨਅਤਕਾਰਾਂ ਨੂੰ ਜਮੀਨ ਦੀ ਪੇਸ਼ਕਸ਼ ਕੀਤੀ ਜਾਵੇਗੀ।
ਆਪਣਾ ਵੈਟ ਸਹੀ ਸਮੇਂ 'ਤੇ ਅਦਾ ਕਰਨ ਵਾਲੇ ਕਰਦਾਤਾਵਾਂ ਨੂੰ ਪਹਿਲ ਦੇ ਅਧਾਰ
'ਤੇ ਵੈਟ ਰਿਫੰਡ ਕਰਨ ਬਾਰੇ ਆਬਕਾਰੀ ਅਤੇ ਕਰ ਵਿਭਾਗ ਦੀ ਨਵੀਂ ਨੀਤੀ ਦਾ ਐਲਾਨ ਕਰਦਿਆਂ
ਸ. ਬਾਦਲ ਨੇ ਕਿਹਾ ਕਿ ਵੈਟ ਅਦਾ ਕਰਨ ਵਾਲਿਆਂ ਦੀ ਏ, ਬੀ ਅਤੇ ਸੀ ਕੈਟਾਗਰੀ ਵਿਚ
ਦਰਜਾਬੰਦੀ ਹੋਵੇਗੀ ਅਤੇ ਏ ਕੈਟਾਗਰੀ ਵਾਲਿਆਂ ਨੂੰ ਪਹਿਲ ਦੇ ਅਧਾਰ 'ਤੇ ਵੈਟ ਰਿਫੰਡ
ਮਿਲੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਮੁਕੰਮਲ ਕੰਪਿਊਟਰੀਕਰਨ ਜ਼ਰੀਏ 100 ਫੀਸਦੀ
ਪਾਰਦਰਸ਼ਤਾ ਦਾ ਯੁਗ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਕਰ ਦਾਤਾਵਾਂ ਨੂੰ ਆਪਣੀ ਰਿਟਰਨਾਂ
ਭਰਨ ਵਿਚ ਵੱਡੀ ਸੌਖ ਹੋਵੇਗੀ।
ਹੋਟਲ, ਰੀਅਲ ਅਸਟੇਟ ਅਤੇ ਸਿਹਤ ਖੇਤਰਾਂ ਲਈ ਵੱਡੇ ਗੱਫੇ ਦਾ ਐਲਾਨ ਕਰਦਿਆਂ ਸ.
ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਖੇਤਰਾਂ ਵਿਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ
ਛੇਤੀ ਹੀ ਇਨ੍ਹਾਂ ਨੂੰ ਸਨਅਤੀ ਦਰਜਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਲਾਂਪੁਰ
ਨੇੜੇ ਮੈਡੀਸਿਟੀ, ਮੋਹਾਲੀ ਵਿਖੇ ਐਜੂਸਿਟੀ ਅਤੇ ਸਾਹਨੇਵਾਲ ਨੇੜੇ ਐਂਟਰਟੇਨਮੈਂਟ ਸਿਟੀ
ਭਵਿੱਖ ਦੇ ਨਿਵੇਸ਼ ਲਈ ਪ੍ਰਮੁੱਖ ਕੇਂਦਰਾਂ ਵਜੋਂ ਉਭਰ ਕੇ ਸਾਹਮਣੇ ਆਉਣਗੇ। ਸ. ਬਾਦਲ ਨੇ
ਕਿਹਾ ਕਿ ਸਾਹਨੇਵਾਲ ਨੇੜੇ 500 ਏਕੜ ਜਮੀਨ ਐਕੁਆਇਰ ਕਰਨ ਨਾਲ ਸਾਹਨੇਵਾਲ ਹਵਾਈ ਪੱਟੀ ਦੇ
ਵਿਸਥਾਰ ਦੇ ਕੰਮ ਵਿਚ ਤੇਜ਼ੀ ਆਵੇਗੀ ਤੇ ਇਸ ਵਿਸਥਾਰ ਉਪਰੰਤ ਰਾਤ ਸਮੇਂ ਵੀ ਵੱਡੇ ਬੋਇੰਗ
ਜਹਾਜ ਲੁਧਿਆਣਾ ਵਿਖੇ ਉਤਰ ਸਕਣਗੇ।
ਬੇਹਤਰ ਹਵਾਈ ਸੰਪਰਕ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ
ਬਠਿੰਡਾ ਏਅਰਪੋਰਟ ਉਦਘਾਟਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਪ੍ਰਵਾਨਗੀ ਦੀ ਉਡੀਕ ਕਰ
ਰਿਹਾ ਹੈ ਜਦੋਂ ਕਿ ਮਾਛੀਵਾੜਾ ਇੰਟਰਨੈਸ਼ਨਲ ਏਅਰਪੋਰਟ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ
ਮੰਤਰਾਲੇ ਵਲੋਂ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਮਵਰ
ਬੁਨਿਆਦੀ ਢਾਂਚਾ ਵਿਕਾਸ ਕੰਪਨੀ ਐਲ ਐਂਡ ਟੀ ਵਲੋਂ ਮੋਹਾਲੀ ਕੌਮਾਂਤਰੀ ਹਵਾਈਅੱਡੇ ਦੀ
ਉਸਾਰੀ ਪਹਿਲਾਂ ਹੀ ਆਰੰਭ ਕੀਤੀ ਜਾ ਚੁੱਕੀ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰਬੀ ਪੰਜਾਬ ਨਾਲ ਦੁਵੱਲੇ ਵਪਾਰਕ ਅਤੇ
ਸਨਅਤੀ ਸਬੰਧਾਂ ਵਿਚ ਸੁਧਾਰ ਲਿਆਉਣ ਲਈ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਘਾ
ਸਰਹੱਦ ਦੇ ਵਪਾਰ ਲਈ ਖੁੱਲ੍ਹਣ ਨਾਲ ਸਾਨੂੰ ਪੰਜਾਬ ਨੂੰ ਦੱਖਣੀ ਪੂਰਬੀ ਏਸ਼ੀਆ ਦਾ ਸਨਅਤੀ
ਨਿਵੇਸ਼ ਬਨਾਉਣ ਲਈ ਇਕ ਨਵਾਂ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਹੀ
ਪਾਕਿਸਤਾਨ ਵਲੋਂ ਕਰਾਚੀ ਬੰਦਰਗਾਹ ਦੀ ਤਰਜ 'ਤੇ ਵਾਹਘਾ ਤੋਂ 6000 ਵਸਤਾਂ ਦੀ ਬਰਾਮਦ ਅਤੇ
ਦਰਾਮਦ ਦੀ ਆਗਿਆ ਦਿੱਤੀ ਜਾ ਰਹੀ ਹੈ ਜਦੋਂ ਕਿ ਇਸ ਵੇਲੇ ਇਥੋਂ ਸਿਰਫ 137 ਵਸਤਾਂ ਦਾ ਹੀ
ਵਪਾਰ ਹੋ ਰਿਹਾ ਹੈ।
ਸ. ਬਾਦਲ ਨੇ ਦੱਸਿਆ ਕਿ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ
ਮਿਸ਼ਨ ਲੁਧਿਆਣਾ ਤਹਿਤ 3561 ਕਰੋੜ ਰੁਪਏ ਦੇ ਸੰਗਠਤ ਵਿਕਾਸ ਪ੍ਰੋਜੈਕਟ ਨਾਲ ਭਾਰਤ ਦੇ
ਮੈਨਚੈਸਟਰ ਲੁਧਿਆਣਾ ਦੀ ਨੁਹਾਰ ਬਦਲ ਜਾਵੇਗੀ ਅਤੇ ਇਹ ਰਾਜ ਦਾ ਬਹੁ-ਹਜਾਰ ਕਰੋੜੀ ਸੰਗਠਤ
ਵਿਕਾਸ ਯੋਜਨਾ ਵਾਲਾ ਪਹਿਲਾ ਸ਼ਹਿਰ ਹੋਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਤਰਜੀਹ ਜਲ
ਸਪਲਾਈ ਅਤੇ ਸੀਵਰੇਜ ਵਿਵਸਥਾ ਤੋਂ ਵਾਂਝੀਆਂ ਥਾਵਾਂ 'ਤੇ ਇਹ ਸਹੂਲਤਾਂ ਪ੍ਰਦਾਨ ਕਰਨ ਨੂੰ
ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਰਫ ਇਕ ਕੰਪਨੀ ਨੂੰ ਹੀ ਅਗਲੇ 10 ਸਾਲਾਂ ਲਈ
ਇਨ੍ਹਾਂ ਸਮੂਹ ਪ੍ਰੋਜੈਕਟਾਂ ਦੀ ਦੇਖ-ਰੇਖ ਦੀ ਜਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ
ਦੱਸਿਆ ਕਿ 779 ਟਿਊਬਵੈਲਾਂ ਜ਼ਰੀਏ 1639 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਸਪਲਾਈ ਦੇ
ਨੈਟਵਰਕ ਨੂੰ ਚਲਾਇਆ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ 17 ਫੀਸਦੀ ਹਿੱਸੇ ਲਈ ਕੰਮ ਸ਼ੁਰੂ
ਹੋ ਚੁੱਕਾ ਹੈ। ਇਸ ਤੋਂ ਇਲਾਵਾ 182 ਕਿਲੋਮੀਟਰ ਮੁੱਖ ਸੀਵਰ ਅਤੇ 1279 ਕਿਲੋਮੀਟਰ ਬਰਾਂਚ
ਸੀਵਰ ਰਾਹੀਂ 87 ਫੀਸਦੀ ਲੁਧਿਆਣਾ ਸ਼ਹਿਰ ਨੂੰ ਕਵਰ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ
ਰਹਿੰਦੇ 13 ਫੀਸਦੀ ਖੇਤਰ ਲਈ ਨਵੇਂ ਮਿਸ਼ਨ ਤਹਿਤ ਵਿਵਸਥਾ ਕੀਤੀ ਜਾ ਰਹੀ ਹੈ। ਇਸ ਤੋਂ
ਪਹਿਲਾਂ ਵੱਖ ਵੱਖ ਸਨਅਤਕਾਰਾਂ ਨੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਉਪ ਮੁੱਖ ਮੰਤਰੀ
ਨੂੰ ਜਾਣੂ ਕਰਵਾਇਆ ਜਿਨ੍ਹਾਂ ਪਹਿਲ ਦੇ ਅਧਾਰ 'ਤੇ ਹਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਬਿਕਰਮ ਸਿੰਘ ਮਜੀਠੀਆ, ਮਾਲ ਮੰਤਰੀ,
ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ, ਲੋਕ ਨਿਰਮਾਣ ਮੰਤਰੀ ਅਤੇ ਸ਼੍ਰੀ ਮਹੇਸ਼ ਇੰਦਰ ਸਿੰਘ
ਗਰੇਵਾਲ, ਸਲਾਹਕਾਰ/ਮੁੱਖ ਮੰਤਰੀ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
No comments:
Post a Comment