ਮੁੰਬਈ(PTI)—ਦੀਵਾਲੀ ਦੇ ਮੌਕੇ 'ਤੇ ਅਜੇ ਦੇਵਗਨ ਦੀ 'ਸਨ ਆਫ ਸਰਦਾਰ' ਅਤੇ ਸ਼ਾਹਰੁਖ ਖਾਨ ਦੀ 'ਜਬ ਤਕ ਹੈ ਜਾਨ' ਫਿਲਮ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਫਿਲਮਾਂ ਸੰਬੰਧੀ ਲਗਾਤਾਰ ਵਿਵਾਦ ਜਾਰੀ ਹਨ। ਇਨ੍ਹਾਂ ਵਿਵਾਦਾਂ ਖਿਲਾਫ ਬੋਲਦੇ ਹੋਏ ਸ਼ਾਹਰੁਖ ਨੇ ਕਿਹਾ ਕਿ ਫਿਲਮੀ ਦੁਨੀਆ ਦਾ ਬਜ਼ਾਰ ਇਕ ਸੁਤੰਤਰ ਬਜ਼ਾਰ ਹੈ ਅਤੇ ਇਸ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਏਕ ਥਾ ਟਾਈਗਰ' ਦੇ ਰਿਲੀਜ਼ ਹੋਣ ਸਮੇਂ ਯਸ਼ਰਾਜ ਫਿਲਮਜ਼ ਨੇ ਸਿੰਗਲ ਸਕਰੀਨ ਸਿਨੇਮਾ ਘਰਾਂ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਅਧੀਨ 'ਜਬ ਤਕ ਹੈ ਜਾਨ' ਫਿਲਮ ਨੂੰ ਦਿਖਾਏ ਜਾਣ ਦੀ ਸ਼ਰਤ ਸੀ। ਇਸ ਸ਼ਰਤ ਕਾਰਨ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ' ਨੂੰ ਘੱਟ ਸਿਨੇਮਾ ਘਰ ਮਿਲਣਗੇ। ਅਜੇ ਇਸ ਮਾਮਲੇ ਨੂੰ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਤੱਕ ਵੀ ਲੈ ਗਏ। ਅਜੇ ਨੇ ਯਸ਼ਰਾਜ ਫਿਲਮਜ਼ 'ਤੇ ਦੋਸ਼ ਲਗਾਇਆ ਕਿ ਉਹ ਆਪਣੀ ਫਿਲਮ ਦੀ ਵਧੇਰੇ ਸਕਰੀਨਾਂ 'ਤੇ ਪ੍ਰਦਰਸ਼ਨ ਲਈ ਆਪਣੇ ਰੁਤਬੇ ਦੀ ਗਲਤ ਵਰਤੋਂ ਕਰ ਰਹੇ ਹਨ, ਹਾਲਾਂਕਿ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਨੇ ਅਜੇ ਦੀ ਸ਼ਿਕਾਇਤ ਰੱਦ ਕਰ ਦਿੱਤੀ ਹੈ।
ਇਸ ਸੰਬੰਧੀ ਸ਼ਾਹਰੁਖ ਨੇ ਕਿਹਾ, ''ਇਹ ਫਾਲਤੂ ਦਾ ਝਗੜਾ ਹੈ ਅਤੇ ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿਵੇਂ ਸੁਲਝਾਇਆ ਜਾਵੇ। ਕੀ ਹੁਣ ਮੈਨੂੰ ਫਿਲਮ ਰਿਲੀਜ਼ ਕਰਨ ਲਈ ਕਿਸੇ ਦੀ ਇਜਾਜ਼ਤ ਲੈਣੀ ਪਵੇਗੀ।''