ਲਾਹੌਰ(PTI)—  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਕਿ ਆਪਣੇ ਵਫਦ ਨਾਲ ਪਾਕਿਸਤਾਨ ਦੌਰੇ 'ਤੇ ਹਨ, ਨੇ ਆਪਣੀ ਫੇਰੀ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਪਾਕਿਸਤਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਆਪਣੀ ਇਸ ਫੇਰੀ ਦੌਰਾਨ ਕੁਝ ਸਮ੍ਹਾ ਕੱਢ ਉਹ ਲਾਹੌਰ ਦੀ ਸੈਰ ਨੂੰ ਨਿਕਲੇ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਣੇ ਹੋਰ ਮੈਂਬਰ ਲਾਹੌਰ ਦੀ ਮਸ਼ਹੂਰ ਫੂਡ ਸਟਰੀਟ 'ਚ ਪੁੱਜੇ ਜਿੱਥੇ ਉਨ੍ਹਾਂ ਨੇ ਗੋਲ-ਗੱਪਿਆਂ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਉਨ੍ਹਾਂ ਨੇ ਵੈਜੀਟੇਬਲ ਬਿਰੀਆਨੀ, ਪਨੀਰ ਸਾਗ, ਹਰਿਆਲੀ ਵੈਜ਼ੀਟੇਬਲ,ਅਤੇ ਗਰਮਾਗਰਮ ਪੂਰੀ-ਛੋਲਿਆਂ ਦਾ ਵੀ ਸਵਾਦ ਚੱਖਿਆ। ਉਪ ਮੁੱਖ ਮੰਤਰੀ ਲਾਹੌਰ ਦੀ ਇਸ ਫੂਡ ਸਟਰੀਟ ਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਜੋ ਕਿ ਉਨ੍ਹਾਂ ਦੇ ਵਫਦ ਦੇ ਨਾਲ ਸਨ, ਨੂੰ ਸਲਾਹ ਦਿੱਤੀ ਕਿ ਅੰਮ੍ਰਿਤਸਰ 'ਚ ਵੀ ਇਸੇ ਤਰ੍ਹਾਂ ਦੀ ਫੂਡ ਸਟਰੀਟ ਬਣਾਈ ਜਾਵੇ।  ਲਾਹੌਰ ਦੇ ਸਿੱਖਿਆ ਮੰਤਰੀ ਮਨਜ਼ੈਮ ਕਾਦਰੀ ਨੇ ਸੁਖਬੀਰ ਨੂੰ ਦੱਸਿਆ ਕਿ ਇਸ ਸਟਰੀਟ ਦੀ ਇਤਿਹਾਸਕ ਦਿੱਖ ਲਈ ਸਰਕਾਰ ਸਮੇਂ-ਸਮੇਂ 'ਤੇ ਕਈ ਕਦਮ ਚੁੱਕਦੀ ਰਹੀ ਹੈ।