jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 17 November 2012

ਜ਼ਮਾਨਾ ਬਦਲ ਗਿਆ -ਪ੍ਰਿੰ. ਬਲਕਾਰ ਸਿੰਘ ਬਾਜਵਾ

www.sabblok.blogspot.com

ਬਾਬਾ ਆਪਣੇ ਕਮਰੇ `ਚ ਪੜ੍ਹ ਰਿਹਾ ਸੀ। ਸਵੇਰ ਦੇ ਗਿਆਰਾਂ ਵੱਜੇ ਹੋਏ ਸਨ। ਇੱਕ ਦਮ ਪੋਤਾ ਭੱਜਾ ਭੱਜਾ ਆਇਆ, 'ਬਾਬਾ ਮੈਂ ਚੱਲਿਆ ਹਾਂ, ਗੈਰਿਜ ਬੰਦ ਕਰ ਲਿਓ।'  ਜਿਸ ਫੁਰਤੀ ਨਾਲ ਗੱਲ ਕੰਨੀਂ ਪਈ, ਓਨੀ ਹੀ ਫੁਰਤੀ ਨਾਲ ਬਾਬਾ ਜੁੱਤੀ ਅੜਾਉਂਦਾ, ਸਾਫਾ ਸਿਰ `ਤੇ ਲਵੇਟਦਾ, ਮਗਰੇ ਉੱਠ ਭੱਜਿਆ। ਗੈਰਜ `ਚੋਂ ਦੀ ਬਾਹਰ ਨਿਕਲਿਆ। ਯੂਨੀਵਟਸਟੀ ਆਫ਼ ਵਾਟਰਲੂ `ਚ ਆਪਣੀ ਯੂਨੀਵਰਸਟੀ ਪੜ੍ਹਾਈ ਕਰਨ ਜਾ ਰਹੇ ਪੋਤੇ ਨੂੰ ਬਾਬਾ ਗਲਵਕੜੀ `ਚ ਲੈ ਆਪਣੀਆਂ ਸ਼ੁਭ-ਅਸੀਸਾਂ ਨਾਲ ਵਿਦਿਆ ਕਰਨਾ ਲੋਚਦਾ ਸੀ, ਪਰ ਕਰ ਨਾ ਸਕਿਆ। ਗੱਡੀ ਜਾ ਚੁੱਕੀ ਸੀ। ਡਰਾਈਵੇਅ ਖਾਲੀ ਪਿਆ ਸੀ। ਉਹ ਜਾ ਚੁੱਕੇ ਸਨ। ਆਖਿਰ ਸੈੱਲ ਫੋਨ ਕੱਢਿਆ, ਹਾਈਵੇਅ `ਤੇ ਜਾਂਦੇ ਪੋਤੇ ਨੂੰ ਆਪਣੀਆਂ ਸ਼ੁਭ-ਕਾਮਨਾਵਾਂ ਦਿੱਤੀਆਂ...।

ਪਤਾ ਸੀ ਕਿ ਪੋਤੇ ਨੇ ਯੂਨੀਵਰਸਟੀ ਦੀ ਪੜ੍ਹਾਈ ਲਈ ਕੱਲ੍ਹ ਜਾਣਾ। ਵਾਟਰਲੂ ਟੋਰਾਂਟੋ ਤੋਂ ਕੋਈ ਦੋ ਸੌ ਕਿਲੋਮੀਟਰ ਦੂਰ ਹੈ। ਰਾਤ ਵਿਦਾਇਗੀ ਜਸ਼ਨ `ਚ ਪਰਿਵਾਰ ਦੇ ਸਨੇਹੀ ਤੇ ਸੱਕੇ ਸੋਧਰੇ - ਚਾਚਾ-ਚਾਚੀ, ਮਾਸੀ-ਮਾਸੜ, ਮਾਮੀ-ਮਾਮਾ, ਆਦਿ, ਆਏ ਹੋਏ ਸਨ। ਮਾਂ ਪਿਉ ਪੂਰੇ ਚਾਅ ਮਲਾਰ ਨਾਲ ਦਾਅਵਤ `ਚ ਏਧਰ ਉਧਰ ਭੱਜ ਰਹੇ ਸਨ। ਪਰ ਪੋਤਾ ਹੇਠ ਬੇਸਮੈਂਟ `ਚ ਆਪਣੇ ਯਾਰਾਂ ਬੇਲੀਆਂ ਨਾਲ ਆਨੰਦ `ਚ ਮਗਨ ਸੀ। ਆਏ ਮਹਿਮਾਨ ਨਾਲ ਪੋਤੇ ਨੇ ਤਰਦੀ ਜਿਹੀ 'ਹੈਲੋ ਹੈਲੋ' ਨਾਲ ਕੰਮ ਮੁਕਾ ਗਿਆ ਹੋਇਆ ਸੀ। ਪਿਉ ਨਾਲੋਂ ਮਾਂ ਬਹੁਤੇ ਹੀ ਮਾਣਮੱਤੇ ਚਾਅ ਵਿੱਚ ਖੁਸ਼ ਸੀ। ਪੁੱਤ ਦੇ ਨਾਲ ਲੈਜਾਣ ਵਾਲਾ ਸਮਾਨ ਕਾਸਕੋ ਤੋਂ ਦੋ ਤਿੰਨ ਦਿਨਾਂ ਤੋਂ ਹੀ ਇਕੱਠਾ ਕਰ ਰਹੀ ਸੀ। ਨਵੇਂ ਕਪੜੇ, ਸਰਹਾਣੇ, ਬੈੱਡ ਕਵਰ, ਰਜਾਈ, ਪੱਖਾ, ਸਕੈਨਰ, ਪਰਿੰਟਰ, ਅਤੇ ਹੋਰ ਕਈ ਕੁਝ, ਅਨੇਕ ਪ੍ਰਕਾਰ ਦੇ ਖਾਣ-ਪੀਣ ਵਾਲਾ ਨਿੱਕ ਸੁੱਕ। ਖ਼ਰੀਦਦਾਰੀ ਲਈ ਪੁੱਤ ਉਸ ਨਾਲ ਜਾਣ ਲਈ ਮਸੀਂ ਇੱਕ ਦਿਨ ਹੀ ਕੱਢ ਸੱਕਿਆ ਸੀ। ਉਸ ਨੂੰ ਵਿਹਲ ਹੀ ਨਹੀਂ ਸੀ ਮਿਲਦੀ। ਕਦੀ ਸਟੂਡੈਂਟ ਜਾਬ ’ਤੇ ਅਤੇ ਕਦੀ ਦੋਸਤਾਂ ਨਾਲ ਦੇਰ ਰਾਤ ਤੱਕ ਫੇਰੇ ਤੋਰੇ `ਤੇ ਰਹਿੰਦਾ। ਮਾਪਿਆਂ ਦੀ ਨਵੀਂ ਗੱਡੀ ਲਈ ਫਿਰਦਾ ਸੀ। ਰਾਤ ਜਾਬ ਕਰਦਾ, ਦਿਨੇ ਬਾਅਦ ਦੁਪਿਹਰ ਤੱਕ ਸੌਂਦਾ, ਤੇ ਫਿਰ ਆਪਣੇ ਬੇਲੀਆਂ ਨਾਲ ਉੱਠ ਤੁਰਦਾ। ਉਸ ਦਿਨ ਵੀ ਉਹ ਸਾਰੇ ਇਕੱਠੇ ਸਨ। ਉਹਦੇ ਚਚੇਰ ਭਰਾ ਆਪਣੇ ਇਹੋ ਜਿਹੇ ਰੁਝੇਵਿਆਂ `ਚ ਆਪੋ ਆਪਣੇ ਥਾਈਂ ਗਲਤਾਨ ਸਨ। ਉਹ ਇਸ ਦਾਅਵਤ ਵਿੱਚ ਨਾ ਆ ਸਕੇ। ਆਏ ਮਹਿਮਾਨ ਆਪਣੀਆਂ ਸ਼ੁਭਕਾਮਨਾਵਾਂ ਦੇ ਰਾਤ ਦੇ 12 ਕੁ ਵਜੇ ਚਲੇ ਗਏ। ਬੇਸਮੈਂਟ ਵਾਲੇ ਬੇਲੀਆਂ ਦੀ ਮਹਿਫਲ ਪਤਾ ਨਹੀਂ ਕਦੋਂ ਸੁੱਤੀ।
ਬਾਬਾ ਸਵੇਰੇ ਬੇਸਮੈਂਟ ਵਾਲੇ ਆਪਣੇ ਕਮਰੇ `ਚ ਗਿਆ। ਮੁੰਡੇ ਹੇਠਾਂ ਮੈਟ, ਸੋਫਿਆਂ `ਤੇ ਹੀ ਤਲਾਈਆਂ ਰਜਾਈਆਂ ਸੁੱਟੀ ਘੂਕ ਸੁੱਤੇ ਪਏ ਸਨ। ਕੋਕ ਦੇ ਡੱਬੇ ਤੇ ਖਾਣ ਵਾਲੇ ਬਰਤਨ ਪਿੱਛੇ ਟੇਬਲ `ਤੇ ਪਏ ਸਨ। ਮਾਂ ਤੇ ਦਾਦੀ ਨੇ ਉਸ ਦਾ ਨਾਲ ਲੈਜਾਣ ਵਾਲਾ ਸਾਰਾ ਕੁਝ ਗੱਡੀ `ਚ ਰੱਖ ਲਿਆ ਹੋਇਆ ਸੀ। ਪੁੱਤ ਨੂੰ ਛੱਡਣ ਜਾਣ ਲਈ ਐਨ ਤਿਆਰ ਬਰ ਤਿਆਰ ਖੜ੍ਹੀਆਂ ਸਨ। ਫਿਕਰ ਸੀ, ਮਤੇ ਲੇਟ ਨਾ ਹੋ ਜਾਈਏ। ਹਾਰ ਕੇ ਐਨ ਗਿਆਰਾਂ ਵਜੇ ਮਾਂ ਨੇ ਵਾਜਾਂ ਮਾਰ ਉਠਾਇਆ। ਸਮੇਂ ਸਿਰ ਪਹੁੰਚਣ ਨਾਲ ਹੀ ਸਹੀ ਕਮਰਾ ਤੇ ਢੁਕਵਾਂ ਸਥਾਨ ਮੱਲਿਆ ਜਾ ਸਕਦਾ ਸੀ। ਪਹਿਲਾਂ ਉਸ ਪੁੱਤ ਨੂੰ ਜਗਾਇਆ ਨਾ। ਕਿਤੇ ਪੁੱਤ ਦੀ ਨੀਂਦ ਅਧੂਰੀ ਨਾ ਰਹਿ ਜਾਵੇ। ਉੱਚੀਆਂ ਆਵਾਜ਼ਾਂ ਸੁਣ ਪੋਤੇ ਨੇ ਕਾਹਲੀ ਕਾਹਲੀ ਮਸੀਂ ਹੀ ਪੰਜ ਇਸ਼ਨਾਨੇ ਕੀਤੇ। ਬਾਬੇ ਨੂੰ ਫਲਾਈਇੰਗ ਟਾ-ਟਾ ਕਰ ਤਿੱਖੇ ਕਦਮੀਂ ਔਹ ਗਿਆ, ਔਹ ਗਿਆ ਹੋ ਗਿਆ। ਇਸ ਤਰ੍ਹਾਂ ਪੋਤਾ ਆਪਣੀ ਯੂਨੀਵਰਸਟੀ ਵਿੱਦਿਆ ਲਈ ਵਿਦਿਆ ਹੋ ਗਿਆ।

ਸੈੱਲ `ਤੇ ਆਪਣੀਆਂ ਸ਼ੁਭਕਾਮਨਾਵਾਂ ਦੇ ਬਾਬਾ, ਬਾਹਰ ਪੌੜੀ `ਤੇ ਹੀ ਬੈਠ ਗਿਆ। ਸੋਚਾਂ ਵਿੱਚ ਡੁੱਬਾ ਉਹ 1944 ਦੇ ਸਾਲ `ਚ  ਪਹੁੰਚ ਗਿਆ। ਚੌਥੀ ਪਾਸ ਕਰਨ ਪਿੱਛੋਂ ਛੇ ਸੱਤ ਮੀਲ ਦੀ ਦੂਰੀ `ਤੇ ਪੰਜਵੀਂ `ਚ ਸ਼ਹਿਰ ਦੇ ਹਾਈ ਸਕੂਲ ਪੜ੍ਹਨ ਜਾਣਾ ਸੀ। ਇੱਕ ਦਿਨ ਪਹਿਲਾਂ ਵੱਡੇ ਭਰਾ ਦੇ ਨਾਲ ਜਾਕੇ ਦਾਖ਼ਲਾ ਹੋ ਆਇਆ ਹੋਇਆ ਸੀ। ਨਵੀਂਆਂ ਕਿਤਾਬਾਂ, ਕਾਪੀਆਂ ਲੈ ਲਈਆਂ ਸਨ। ਬਾਪ ਨੇ ਸਵੇਰੇ ਮੂੰਹ-ਹਨੇਰੇ ਹੀ ਬਾਹਰ ਅੰਦਰ ਜਾਣ ਲਈ ਉਠਾ ਦਿੱਤਾ। ਚਾਰ ਚੁਫੇਰੇ ਚਹਿਕਦੇ ਪੰਛੀ ਸੰਦਲੀ ਸਵੇਰ ਦਾ ਸੰਗੀਤਕ ਸਵਾਗਤ ਕਰ ਰਹੇ ਸਨ। ਕੁੱਕੜ ਬਾਂਗਾਂ ਦੇ ਰਹੇ ਸਨ। ਕਣਕ ਦੇ ਵਾਢੇ ਦਾਤੀਆਂ ਫੜ ਖੇਤਾਂ ਵੱਲ ਜਾ ਰਹੇ ਸਨ। ਖੂਹ `ਚੋਂ ਭੌਣੀ ਨਾਲ ਬਾਲਟੀ ਨਾਲ ਪਾਣੀ ਕੱਢ ਇਸ਼ਨਾਨ ਕਰਵਾਇਆ ਗਿਆ। ਨਵੀਂ ਪੱਗ, ਫਾਂਟਾ ਵਾਲਾ ਪਜਾਮਾ ਤੇ ਕਮੀਜ਼ ਤਿਆਰ ਪਏ ਹੋਏ ਸਨ। ਮਾਂ ਨੇ ਕਪੜੇ ਪਵਾ ਦਿੱਤੇ। ਭੈਣ ਨੇ ਜੂੜਾ ਕਰ ਦਿੱਤਾ। ਖਿੱਚੜੀ ਤੇ ਦਹੀਂ ਮੂੰਹ ਨੂੰ ਲਵਾ ਸ਼ੁਭ ਸ਼ਗਨ ਕੀਤੇ ਗਏ। ਨਾਲ ਲਈ ਅੰਬ ਦੇ ਅਚਾਰ ਨਾਲ ਪਰੌਂਠੇ ਝੋਲ਼ੇ `ਚ ਪਾ ਦਿੱਤੇ। ਬਾਪ ਨੇ ਸਾਈਕਲ ਦੇ ਕੈਰੀਅਰ `ਤੇ ਗੱਦੀ ਬੰਨ੍ਹ ਦਿੱਤੀ ਹੋਈ ਸੀ। ਓਦੋਂ ਹਾਲੀ ਕੈਰੀਅਰ `ਤੇ ਬੈਠ ਕੇ ਹੀ ਸਾਈਕਲ ਚੱਲਦਾ ਸੀ। ਕਾਠੀ `ਤੇ ਬੈਠਿਆਂ ਪੈਰ ਪੈਡਲਾਂ ਤੱਕ ਨਹੀਂ ਸਨ ਪਹੁੰਚਦੇ। ਬਾਪ ਨੇ ਚਾਰ ਆਨੇ ਲੱਸੀ-ਪਾਣੀ ਲਈ ਜੇਬ `ਚ ਪਾ ਦਿੱਤੇ। ਕਿਤਾਬਾਂ ਵਾਲੇ ਝੋਲ਼ੇ `ਚ ਰੋਟੀ ਤੇ ਛੋਟਾ ਪੰਪ ਝੋਲ਼ੇ `ਚ ਪਾ ਹੈਂਡਲ ਨਾਲ ਟੰਗ ਦਿੱਤਾ। ਤਾਈ, ਚਾਚੀ, ਭਾਬੀ, ਭੈਣਾਂ ਤੇ ਬੇਲੀ ਤੋਰਨ ਲਈ ਖੜ੍ਹੇ ਸਨ। ਚਾਈਂ ਚਾਈਂ ਵਿਹੜੇ `ਚੋਂ ਨਿਕਲ ਗਲ਼ੀ ਦੇ ਮੋੜ `ਤੇ ਸਾਈਕਲ ਠੇਲ੍ਹ ਲਿਆ। ਗਲ਼ੀਆਂ `ਚ ਚੌਣੇ `ਚ ਰਲਾਉਣ ਲਈ ਡੰਗਰ ਲਿਜਾਏ ਜਾ ਰਹੇ ਸਨ। ਬੀਬੀਆਂ ਖੂਹੀਆਂ ਤੋਂ ਪਾਣੀ ਲੈਣ ਲਈ ਘੜੇ ਚੁੱਕੀ ਜਾ ਰਹੀਆਂ ਸਨ। ਪਿੰਡ ਦੀਆਂ ਗਲ਼ੀਆਂ `ਚੋਂ ਦੀ ਟੱਲੀ ਵਜਾਉਂਦਾ ਮਸੀਤ, ਬਾਹਰਲੇ ਸਾਈਂ ਦੇ ਡੇਰੇ ਤੇ ਫਿਰ ਰੜ `ਚੋਂ ਦੀ ਹੁੰਦਾ ਹੋਇਆ ਮੀਲ ਕੁ ਦੀ ਵਿੱਥ ਤੇ ਸ਼ਹਿਰ ਨੂੰ ਜਾਂਦੀ ਸਿੱਧੀ ਪੱਕੀ ਪੱਕੀ ਸੜਕ `ਤੇ ਜਾ ਚੜ੍ਹਿਆ। ਦੋ ਮੀਲ `ਤੇ ਪੈਂਦੇ ਪਹਿਲੇ ਪੁਲ਼ਾਂ ਤੱਕ ਪਹੁੰਚਦਾ ਥੱਕ ਗਿਆ। ਥੋੜ੍ਹਾ ਰੁਕਿਆ ਤੇ ਫਿਰ ਤੁਰ ਪਿਆ। ਹੌਲ਼ੀ ਹੌਲ਼ੀ ਨਾਲ ਦੇ ਪਿੰਡਾਂ ਦੇ ਪਾੜੇ ਵੀ ਨਾਲ ਰਲ਼ਦੇ ਗਏ। ਇਸ ਤਰ੍ਹਾਂ ਬਾਬੇ ਦੀ ਬੇਰ, ਸਿਆਲਕੋਟ ਦੇ ਹਾਈ ਸਕੂਲ ਦੀ ਬਾਬੇ ਦੀ ਪੜ੍ਹਾਈ ਸ਼ੁਰੂ ਹੋਈ ਸੀ।

ਉਸੇ ਸਾਲ ਘਰਾਂ `ਚੋਂ ਚਾਚੇ ਦੇ ਪੁੱਤ ਭਰਾ ਨੇ ਹਾਈ ਸਕੂਲ ਪਾਸ ਕਰ ਖਾਲਸਾ ਕਾਲਜ ਅੰਮ੍ਰਿਤਸਰ `ਚ ਪੜ੍ਹਨ ਜਾਂਦੇ ਨੂੰ ਵੀ ਬਾਬੇ ਨੇ ਵੇਖਿਆ ਸੀ। ਸਾਰੇ ਪਿੰਡ `ਚ ਇਸ ਪੜ੍ਹਾਈ ਦੀ ਚਰਚਾ ਸੀ। ਉਹ ਪਹਿਲਾ ਮੈਟਰਿਕ ਪਾਸ ਮੁੰਡਾ ਸੀ ਜਿਹੜਾ 14 ਜਮਾਤਾਂ ਕਰਨ ਬਾਹਰ ਜਾ ਰਿਹਾ ਸੀ। ਸਾਰੇ ਸੰਗੀ ਸਾਥੀ, ਉਸ ਦੇ ਮਾਂ ਬਾਪ ਤੇ ਪਰਿਵਾਰ ਉਸ ਨੂੰ ਗੁਰਦੁਵਾਰੇ ਲੈਕੇ ਗਏ। ਮੱਥਾ ਟਿਕਾਇਆ, ਅਰਦਾਸ ਕਰਵਾਈ। ਭਾਈ ਨੇ ਸਫਲ ਪੜ੍ਹਾਈ ਦੀ ਕਾਮਯਾਬੀ ਦੀ ਯਾਚਨਾ ਕੀਤੀ। ਇੱਕ ਝੋਲ਼ੇ `ਚ ਕਪੜੇ ਸਨ। ਦੂਜੇ `ਚ ਕਿਤਾਬਾਂ। ਹੋਸਟਲ ਦੇ ਦਾਲ ਫੁਲਕਿਆਂ ਲਈ ਘਿਉ ਦੀ ਪੀਪੀ, ਛੋਟਾ ਜਿਹਾ ਬਿਸਤਰਾ, ਆਦਿ, ਦੋਸਤਾਂ ਨੇ ਫੜੇ ਹੋਏ ਸਨ। ਇੱਕ ਪੂਰੇ ਮੇਲ ਦੇ ਰੂਪ ਵਿੱਚ 15, 20 ਜੀਆਂ ਨਾਲ ਪਿੰਡ ਤੋਂ ਮੀਲ `ਤੇ ਪੈਂਦੇ ਰੇਲਵੇ ਸਟੇਸ਼ਨ `ਤੇ ਪਹੁੰਚੇ। ਗੱਡੀ ਦੀ ਸੀਟੀ ਵੱਜਣ ਨਾਲ ਗਲਵਕੜੀਆਂ ਪਈਆਂ ਤੇ ਸਭ ਨੇ ਫਤਹਿ ਬੁਲਾਈ। ਗੱਡੀ ਹੌਲ਼ੀ ਹੌਲ਼ੀ ਅੱਖਾਂ ਤੋਂ ਓਹਲੇ ਹੋ ਗਈ।

ਬਾਬਾ ਸੋਚ ਰਿਹਾ ਸੀ। ਵਾਕਿਆ ਹੀ ਯੁਗ ਬਦਲ ਗਿਐ! ਅੱਗੇ ਯੁੱਗ ਨੂੰ ਬਦਲਣ `ਚ ਸਦੀਆਂ ਲੱਗਦੀਆਂ ਸਨ। ਹੁਣ ਇਹ 50, 60 ਸਾਲਾਂ `ਚ ਹੀ ਬਦਲ ਜਾਂਦੈ। ਰਹਿਤਲ, ਸੰਸਕਾਰ ਬਦਲ ਜਾਂਦੇ ਹਨ। ਜ਼ਿੰਦਗੀ ਦੇ ਚਿਹਨ ਚੱਕਰ, ਤੌਰ ਤਰੀਕੇ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ ਹਨ। ਮਨੁੱਖ ਉਹੋ ਹੀ ਹੁੰਦਾ ਹੈ। ਪਹਿਲੇ ਵੇਲਿਆਂ `ਚ ਖੁੱਲ੍ਹੇ ਵਾਲ਼ ਛੱਡੀ ਫਿਰਦੀ ਕੁੜੀ ਨੂੰ ਲੋਕ ਕਮਲੀ ਕਹਿੰਦੇ ਹੁੰਦੇ ਸੀ। ਲਓ ਵੇਖੋ ਲੋਕੋ, ਇਸ ਕਮਲੀ ਕੋਲੋਂ ਲਿੰਬਾਂ ਹੀ ਨਹੀਂ ਸਾਂਭ ਹੁੰਦੀਆਂ! ਪਿੰਡ ਦੇ ਕੁੱਤੇ ਉਹਦੇ ਮਗਰ ਭੌਂਕਣ ਲੱਗ ਪੈਂਦੇ। ਹੁਣ ਵਾਲ਼ ਖਿਲਾਰੀ ਫਿਰਦੀ ਨੂੰ ਲੋਕ ਮਾਡਰਨ ਕਹਿੰਦੇ ਹਨ। ਵਾਹ ਨੀ ਜ਼ਿੰਦਗੀਏ! ਤੇਰੇ ਰੰਗ ਨਿਆਰੇ! ਕਿੱਥੋਂ ਚੱਲੀ ਸੀ ...

ਕਿਹੜਿਆਂ ਪੜਾਵਾਂ `ਚੋਂ ਲੰਘ ਹੁਣ ਕਿੱਥੇ ਦੀ ਕਿੱਥੇ ਪਹੁੰਚ ਗਈ ਹੈਂ! ਇਹਨੂੰ ਯੁੱਗ ਜਾਂ ਜ਼ਮਾਨੇ ਦਾ ਨੇਮ ਸਮਝ ਲਓ ਜਾਂ ਹੋਰ ਕੁਝ! ਪਰ ਹੈ ਇੱਕ ਸੱਚ। ਜਿਸ ਨੇ ਇਸ ਨਾਲ ਸਮਝੋਤਾ ਕਰ ਲਿਆ ਉਹ ਸੌਖਾ ਰਹਿੰਦਾ। ਫਿਰ ਵੀ ਮਹਿਸਸੂਸ ਤਾਂ ਹੁੰਦਾ ਹੀ ਹੈ। ਪਰ ਇਸ ਸਾਰੇ ਦੇ ਬਾਵਜੂਦ ਮਾਂ ਦੀ ਮਮਤਾ ਓਵੇਂ ਹੀ ਕਾਇਮ ਹੈ। ਉਹ ਹਮੇਸ਼ਾਂ ਹੀ ਕਾਇਮ ਰਹਿੰਦੀ ਹੈ, ਉਸੇ ਤਰ੍ਹਾਂ ਹੀ ਬੱਚੇ ਲਈ ਅਸੀਸਾਂ ਦਿੰਦੀ ਰਹਿੰਦੀ ਹੈ। ਉਸ ਨੂੰ ਭਲ਼ੀਭਾਂਤ ਪਤਾ ਵੀ ਹੈ ਕਿ ਬੱਚਿਆਂ ਨੇ ਵੱਡੇ ਹੋ ਉਹਨਾਂ ਨੂੰ ਪੁੱਛਣਾ ਤੱਕ ਨਹੀਂ। ਇਹ ਵੀ ਅੱਜ ਦੇ ਵਿਅਕਤੀਗੱਤ ਨਿੱਜੀ ਆਜ਼ਾਦੀ ਦੇ ਨੇਮ ਤਹਿਤ ਹੋ ਰਿਹਾ ਹੈ। ਮਮਤਾ ਓਦੋਂ ਤੱਕ ਕਇਮ ਰਹੇਗਾ ਜਦੋਂ ਤੱਕ ਬੱਚਾ ਮਾਂ ਦੀ ਕੁੱਖ `ਚੋਂ ਜਨਮ ਲੈਂਦਾ ਰਹੇਗਾ।
ਸੰਪਰਕ: 647-402-2170

No comments: