ਮੁੰਬਈ(PTI)— ਸ਼ਿਵ ਸੈਨਾ ਦੇ ਮੁਖੀ ਬਾਲਾ ਸਾਹਿਬ ਠਾਕਰੇ ਦਾ ਅੰਤਮ ਸੰਸਕਾਰ ਐਤਵਾਰ ਸ਼ਾਮ 6:16 ਵਜੇ ਇੱਥੋਂ ਦੇ ਸ਼ਿਵਾ ਜੀ ਪਾਰਕ 'ਚ ਪੂਰੇ ਸਰਕਾਰੀ ਸਨਮਾਨਾ ਨਾਲ ਕਰ ਦਿੱਤਾ ਗਿਆ ਹੈ। ਪੁਲਸ ਦੀਆਂ ਟੁਕੜੀਆਂ ਨੇ ਉਨ੍ਹਾਂ ਨੂੰ ਹਵਾ 'ਚ ਫਾਇਰ ਕਰਕੇ ਸਲਾਮੀ ਦਿੱਤੀ ਅਤੇ 'ਗਾਰਡ ਆਫ ਆਨਰ' ਪੇਸ਼ ਕੀਤਾ। ਇਸ ਮੌਕੇ ਮਹਾਰਾਸ਼ਟਰ ਪੁਲਸ ਨੇ ਮਾਤਮੀ ਧੁਨਾਂ ਬਜਾਈਆਂ।  ਉਨ੍ਹਾਂ ਦੇ ਬੇਟੇ ਊਧਵ ਠਾਕਰੇ ਨੇ ਚਿਖਾ ਨੂੰ ਅਗਨੀ ਦਿਖਾਈ। ਇਸ ਚਿਖਾ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਸ਼ਿਵਾ ਜੀ ਪਾਰਕ 'ਚ ਮੌਜੂਦ ਲੋਕਾਂ ਦੀਆਂ ਅਖਾਂ 'ਚ ਹੰਝੂ ਭਰ ਆਏ। ਪਾਰਕ 'ਚ ਠਾਕਰੇ ਪਰਿਵਾਰ ਤੋਂ ਇਲਾਵਾ ਨੇਤਾ, ਅਭਿਨੇਤਾ, ਉਦਯੋਗਪਤੀ, ਕਾਰੋਬਾਰੀ, ਮੁਲਾਜ਼ਮ ਅਤੇ ਸਾਧਾਰਣ ਲੋਕ ਇੰਨੀਂ ਗਿਣਤੀ 'ਚ ਜੁੜੇ ਸਨ ਜਿਵੇਂ ਪੂਰੇ ਦਾ ਪੂਰਾ ਮਹਾਰਾਸ਼ਟਰ ਉੱਥੇ ਇਕੱਠਾ ਹੋ ਗਿਆ ਹੋਵੇ। ਇਸ ਮੌਕੇ ਵਿਸ਼ੇਸ਼ ਸ਼ਖ਼ਸੀਅਤਾਂ 'ਚ ਅਮਿਤਾਭ ਬੱਚਨ, ਭਾਜਪਾ ਦੇ ਆਗੂ ਲਾਲ ਕ੍ਰਿਸ਼ਣ ਅਡਵਾਨੀ, ਭਾਜਪਾ ਪ੍ਰਧਾਨ ਨਿਤਿਨ ਗਡਕਰੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਮਨੋਹਰ ਜੋਸ਼ੀ, ਸੰਜੇ ਰਾਓਤ, ਸ਼ਰਦ ਪਵਾਰ, ਅਨਿਲ ਅੰਬਾਨੀ, ਦਿਗਵਿਜੇ ਸਿੰਘ, ਨਰਿੰਦਰ ਮੋਦੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।  ਠਾਕਰੇ ਦੇ ਦੇਹਾਂਤ ਸੰਬੰਧੀ 19 ਨਵੰਬਰ ਨੂੰ ਮਹਾਰਾਸ਼ਟਰ ਦੇ ਸਾਰੇ ਵਪਾਰਕ ਅਦਾਰੇ ਬੰਦ ਰਹਿਣਗੇ।
ਇਸ ਤੋਂ ਪਹਿਲਾਂ ਐਤਵਾਰ ਸਵੇਰੇ ਬਾਲਾ ਸਾਹਿਬ ਠਾਕਰੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਜਨਤਾ ਦਾ ਹੜ੍ਹ ਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਬਾਂਦਰਾ ਸਥਿਤ ਉਨ੍ਹਾਂ ਦੇ ਘਰ 'ਮਾਤੋਸ਼੍ਰੀ' ਤੋਂ ਸ਼ੁਰੂ ਹੋਈ। ਉਨ੍ਹਾਂ ਦੇ ਘਰ ਦੇ ਬਾਹਰ ਪਹਿਲਾਂ ਹੀ ਲੱਖਾਂ ਲੋਕ ਜੁੜੇ ਹੋਏ ਸਨ। ਜਦੋਂਕਿ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਹ ਭੀੜ ਲਗਾਤਾਰ ਵਧਦੀ ਗਈ। ਸੜਕਾਂ 'ਤੇ ਤਿੱਲ ਸੁੱਟਣ ਲਈ ਵੀ ਜਗ੍ਹਾਂ ਨਹੀਂ ਸੀ। ਮਹਾਰਾਸ਼ਟਰ ਦੇ ਸ਼ਹਿਰ ਠਾਣੇ, ਰਾਏਗੜ੍ਹ, ਪੁਣੇ, ਔਰਗਾਂਬਾਦ ਅਤੇ ਕੋਂਕਣ ਖੇਤਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਿਵ ਸੈਨਿਕ ਅਤੇ ਠਾਕਰੇ ਦੇ ਪ੍ਰਸ਼ੰਸਕ ਮੁੰਬਈ ਪਹੁੰਚੇ। ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟਿਆ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਬਾਲਾ ਸਾਹਿਬ ਠਾਕਰੇ ਦੀ ਅੰਤਿਮ ਯਾਤਰਾ ਪੂਰੀ ਤਰ੍ਹਾਂ ਸਰਕਾਰੀ ਸਨਮਾਨਾਂ ਨਾਲ ਸ਼ੁਰੂ ਹੋਈ, ਜਿਸ ਦੇ ਨਾਲ 2 ਲੱਖ ਦੇ ਕਰੀਬ ਲੋਕ ਚੱਲ ਰਹੇ ਸਨ। ਰਸਤੇ 'ਚ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਮਕਾਨਾਂ ਦੀਆਂ ਛੱਤਾਂ 'ਤੇ ਖੜ੍ਹ ਕੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਵਿਦਾਇਗੀ ਦੇ ਰਹੇ ਸਨ। ਲੋਕ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਉਤਾਵਲੇ ਹੋ ਰਹੇ ਸਨ ਅਤੇ ਜਿਉਂ ਹੀ ਯਾਤਰਾ ਉਨ੍ਹਾਂ ਦੇ ਨੇੜਿਓਂ ਲੰਘਦੀ ਲੋਕ ਭਾਵੁਕ ਹੋ ਕੇ ਰੋਣ ਲੱਗ ਪੈਂਦੇ। ਮਾਹਿਮ ਖੇਤਰ 'ਚ ਬਹੁਤ ਸਾਰੀਆਂ ਮੁਸਲਮਾਨ ਔਰਤਾਂ ਨੂੰ ਰੌਂਦੇ ਦੇਖਿਆ ਗਿਆ।
ਤਿਰੰਗੇ 'ਚ ਲਿਪਟੀ ਠਾਕਰੇ ਦੀ ਦੇਹ ਨੂੰ ਸਵੇਰੇ ਨੌ ਵਜੇ ਉਨ੍ਹਾਂ ਦੇ ਘਰੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੀ ਅਰਥੀ ਨੂੰ ਸ਼ੀਸ਼ੇ ਦੇ ਬਕਸੇ 'ਚ ਫੁੱਲਾ ਨਾਲ ਸੱਜੇ ਇਕ ਖੁਲੇ ਟਰੱਕ 'ਤੇ ਰੱਖਿਆ ਗਿਆ ਸੀ। ਇਸ ਮੌਕੇ ਠਾਕਰੇ ਦੇ ਬੇਟੇ ਉਧਵ, ਉਨ੍ਹਾਂ ਦੀ ਪਤਨੀ ਰਸ਼ਿਮ ਅਤੇ ਬੇਟਾ ਆਦਿਤਿਆ ਮੌਜੂਦ ਸਨ। ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਅਤੇ ਠਾਕਰੇ ਦੇ ਭਤੀਜੇ ਰਾਜ ਠਾਕਰੇ, ਉਨ੍ਹਾਂ ਦੀ ਪਤਨੀ ਸ਼ਰਮੀਲਾ ਅਤੇ ਉਨ੍ਹਾਂ ਦੇ ਬੱਚੇ ਵੀ ਮੌਜੂਦ ਸਨ।
ਇਸ ਮੌਕੇ ਪੁਲਸ ਵਲੋਂ 20 ਹਜ਼ਾਰ ਵਾਧੂ ਪੁਲਸ ਕਰਮਚਾਰੀ, ਸਟੇਟ ਰਿਜ਼ਰਵ ਫੋਰਸ ਦੀਆਂ 15 ਕੰਪਨੀਆਂ ਅਤੇ ਰੈਪਿਡ ਫੋਰਸ ਦੀਆਂ 3 ਟੁਕੜੀਆਂ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀਆਂ ਗਈਆਂ। ਮੁੰਬਈ ਦੇ ਪੁਲਸ ਕਮਿਸ਼ਨਰ ਸਤਪਾਲ ਸਿੰਘ ਨੇ ਆਪਣੀ ਬੇਟੀ ਦੀ ਸ਼ਾਦੀ ਸੰਬੰਧੀ ਰਿਸੈਪਸ਼ਨ ਪਾਰਟੀ ਠਾਕਰੇ ਦੇ ਸਨਮਾਨ 'ਚ ਰੱਦ ਕਰ ਦਿੱਤੀ ਅਤੇ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।