ਪਟਿਆਲਾ(ਪੀ. ਐਮ. ਆਈ.) :- ਪਟਿਆਲਾ
ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਕਿਹਾ ਹੈ ਕਿ
ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਦੀ
ਸਪਲਾਈ ਯਕੀਨੀ ਕਰਵਾਉਣ ਲਈ ਦੁੱਧ ਦੀ ਅਚਨਚੇਤੀ ਪਰਖ ਲਗਾਤਾਰ ਕਰਵਾਈ ਜਾਵੇਗੀ। ਸ਼੍ਰੀਮਤੀ
ਮਿੱਤਰਾ ਇੱਥੇ ਜਿਲ੍ਹਾ ਪਟਿਆਲਾ ਡੇਅਰੀ ਵਿਕਾਸ ਕੋਰ ਕਮੇਟੀ ਦੀ ਪਲੇਠੀ ਮੀਟਿੰਗ ਦੀ
ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੁੱਧ ਇਕ ਅਜਿਹਾ ਤਰਲ ਪਦਾਰਥ ਹੈ ਜਿਸ ਦੀ ਪੀਣ
ਲਈ ਵਰਤੋਂ ਹਰੇਕ ਵਿਅਕਤੀ ਵੱਲੋਂ ਕੀਤੀ ਜਾ ਰਹੀ ਹੈ, ਇਸ ਲਈ ਇਸ ਨੂੰ ਬਿਨਾਂ ਮਿਲਾਵਟ ਆਮ
ਲੋਕਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ
ਮੌਕੇ ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਦੁੱਧ ਦੀ ਕੁਆਲਟੀ ਨੂੰ ਨਿਯਮਤ ਕਰਨਾ ਸਮੇਂ ਦੀ
ਲੋੜ ਹੈ, ਨਹੀਂ ਤਾ ਵਿਸ਼ਵ ਵਪਾਰ ਪੱਧਰ ਤੇ ਅਪਣਾਏ ਜਾ ਰਹੇ ਮਾਪਦੰਡਾਂ ਨੂੰ ਬਣਾਈ ਰੱਖਣਾ
ਮੁਸ਼ਕਲ ਹੋਵੇਗਾ ਅਤੇ ਦੁੱਧ ਦੇ ਹਾਲਾਤ ਪੰਜਾਬ ਵਿੱਚ ਹੋਰ ਵੀ ਮਾੜੇ ਹੋ ਸਕਦੇ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਬਣਾਉਟੀ ਦੁੱਧ ਅਤੇ ਦੁੱਧ ਦੇ ਰੇਟਾਂ ਤੇ ਕੰਟਰੋਲ ਕਰਨ ਬਾਰੇ
ਜਲਦੀ ਤੋਂ ਜਲਦੀ ਯੋਗ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੋਗ ਕਾਰਵਾਈ
ਜਰੂਰ ਕੀਤੀ ਜਾਵੇਗੀ। ਇਸ
ਮੌਕੇ ਦੁੱਧ ਦੇ ਰੇਟਾਂ ਅਤੇ ਮਿਲਕ ਪਲਾਂਟਾਂ ਵੱਲੋਂ ਦੁੱਧ ਨਾ ਚੁੱਕਣ ਬਾਰੇ ਵਿਸ਼ੇਸ਼
ਗੱਲਬਾਤ ਹੋਈ। ਯਾਦ ਰਹੇ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਲ੍ਹੇ
ਵਾਇਜ਼ ਗਠਨ ਕੀਤੀਆਂ ਜਾ ਰਹੀਆਂ ਡੇਅਰੀ ਵਿਕਾਸ ਕੋਰ ਕਮੇਟੀਆਂ ਦੇ ਤਹਿਤ ਹੀ ਜਿਲ੍ਹਾ
ਪਟਿਆਲਾ ਡਈ ਵੀ ਡੇਅਰੀ ਵਿਕਾਸ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕੋਰ ਕਮੇਟੀ
ਦੇ ਕਨਵੀਨਰ ਅਤੇ ਡਿਪਟੀ ਡਾਇਰੈਕਟਰ, ਡੇਅਰੀ, ਪਟਿਆਲਾ ਸ੍ਰੀ ਅਸ਼ੋਕ ਰੌਣੀ ਨੇ ਵਿਭਾਗੀ
ਗਤੀਵਿਧੀਆਂ ਅਤੇ ਸਕੀਮਾਂ ਵਿੱਚ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਇਸ
ਮੌਕੇ ਦੋਧੀ ਯੂਨੀਅਨ ਦੇ ਨੁਮਾਇੰਦੇ ਸ. ਮੱਖਣ ਸਿੰਘ ਦੌਣ ਕਲਾਂ ਨੇ ਕਿਹਾ ਕਿ ਜੇਕਰ ਦੁੱਧ
ਦੇ ਰੇਟਾਂ, ਮਿਲਕ ਪਲਾਂਟਾਂ ਵੱਲੋਂ ਦੁੱਧ ਨਾ ਚੁੱਕਣ ਅਤੇ ਬਣਾਉਟੀ ਦੁੱਧ ਤੇ ਕੰਟਰੋਲ ਨਾ
ਕੀਤਾ ਗਿਆ ਤਾਂ ਬਹੁਤ ਜਲਦੀ ਹੀ ਕਿਸਾਨਾਂ ਦਾ ਦੁੱਧ ਸੜਕਾਂ ਤੇ ਰੁਲੇਗਾ। ਉਨ੍ਹਾਂ ਕਿਹਾ
ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਦੁੱਧ ਦੀ ਮਿਲਕ ਪਲਾਂਟਾਂ ਵਿੱਚ ਆਮਦ 'ਤੇ ਰੋਕ ਲਗਾਈ
ਜਾਣੀ ਚਾਹੀਦੀ ਹੈ। ਸਹਿਕਾਰੀ ਮਿਲਕ ਉਤਪਾਦਕ ਯੂਨਿਅਨ ਦੇ ਡਾਇਰੈਕਟਰ ਸ. ਸੁਖਜਿੰਦਰ ਸਿੰਘ
ਮਵੀ ਨੇ ਕਿਹਾ ਕਿ ਮਿਲਾਵਟ ਵਾਲੇ ਦੁੱਧ ਤੇ ਕੰਟਰੋਲ ਕਰਨ ਲਈ ਸੈਂਪਲਿੰਗ ਵਿੱਚ ਪਾਰਦਰਸ਼ਤਾ
ਲਿਆਉਣ ਲਈ ਕਿਸੇ ਇੱਕ ਅਗਾਂਹਵਧੂ ਡੇਅਰੀ ਕਿਸਾਨ ਤੋਂ ਇਲਾਵਾ ਜਿੰਮੇਵਾਰ ਵਿਭਾਗ ਦੀ
ਸਮੁੱਚੀ ਸਾਂਝੀ ਟੀਮ ਬਣਾਕੇ ਸੈਂਪਲਿੰਗ ਕੀਤੀ ਜਾਣੀ ਚਾਹੀਦੀ ਹੈ। ਗਰੇਵਾਲ ਫਾਰਮ
ਬਹਾਦਰਗੜ੍ਹ ਦੇ ਸੁਰਿੰਦਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਕੇਵਲ ਦੋ ਦੁਧਾਰੂ ਪਸ਼ੂਆਂ
ਦੇ ਬੀਮੇ ਦੀ ਸਕੀਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਡੇਅਰੀ ਫਾਰਮ ਤੇ ਖੜ੍ਹੇ ਸਾਰੇ
ਦੁਧਾਰੂ ਪਸ਼ੂਆਂ ਦਾ ਬੀਮਾ ਕੀਤੇ ਜਾਣ ਦੀ ਸਕੀਮ ਹੋਣੀ ਚਾਹੀਦੀ ਹੈ। ਇਸ
ਮੀਟਿੰਗ ਵਿੱਚ ਸ੍ਰ: ਬਲਵਿੰਦਰ ਸਿੰਘ ਸੋਹਲ, ਮੁੱਖ ਖੇਤੀਬਾੜੀ ਅਫਸਰ, ਜੀ.ਐੱਮ., ਜਿਲ੍ਹਾ
ਉਦਯੋਗ ਕੇਂਦਰ, ਪਟਿਆਲਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਡਾ. ਜੈ ਦੇਵ ਸਿੰਘ, ਲੀਡ
ਬੈਂਕ ਅਫਸਰ ਸ੍ਰ. ਐਚ.ਐਸ. ਰੇਖੀ, ਮਿਲਕ ਪਲਾਂਟ, ਦੋਧੀ ਯੂਨਿਅਨ ਦੇ ਨੁਮਾਇੰਦੇ ਅਤੇ
ਅਗਾਂਹ ਵਧੂ ਡੇਅਰੀ ਕਿਸਾਨਾਂ ਨੇ ਮੈਂਬਰਾਂ ਵੱਜੋਂ ਭਾਗ ਲਿਆ। ਅੰਤ ਵਿੱਚ ਡਾ. ਬਲਵਿੰਦਰ
ਸਿੰਘ ਸੋਹਲ ਨੇ ਏ.ਡੀ.ਸੀ. (ਵਿਕਾਸ) ਅਤੇ ਮੀਟਿੰਗ ਵਿੱਚ ਪਹੁੰਚੇ ਡੇਅਰੀ ਵਿਕਾਸ ਕੋਰ
ਕਮੇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
|
No comments:
Post a Comment