* ਸੋਢੀ ਕਾਂਡ ਦੇ ਪਿੱਛੇ ਸੁਖਬੀਰ * ਪੰਜਾਬ ਹਰਿਆਣਾ ਦੇ ਮੁਕਾਬਲੇ ਪੱਛੜਿਆ
ਜਲੰਧਰ (PTI)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਸੰਸਦੀ ਸੀਟ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਆਪਣੇ ਪੱਤੇ ਨਹੀਂ ਖੋਲ੍ਹੇਗੀ ਕਿਉਂਕਿ ਅਜੇ ਚੋਣਾਂ 'ਚ 18 ਮਹੀਨਿਆਂ ਦਾ ਸਮਾਂ ਬਾਕੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਬਠਿੰਡਾ ਤੋਂ ਉਹ ਖੁਦ ਚੋਣ ਲੜਣਗੇ ਜਾਂ ਕੋਈ ਹੋਰ ਪਰ ਇੰਨਾ ਤੈਅ ਹੈ ਕਿ ਅਕਾਲੀ ਦਲ ਦੀ ਵੱਕਾਰੀ ਸੀਟ ਨੂੰ ਲੈ ਕੇ ਪੀਪਲਜ਼ ਪਾਰਟੀ ਮਜ਼ਬੂਤ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ।
ਉਨ੍ਹਾਂ ਕਿਹਾ ਕਿ ਬਠਿੰਡਾ ਸੀਟ 'ਤੇ ਕਾਂਗਰਸ ਦੀ ਹਮਾਇਤ ਲੈਣ ਜਾਂ ਨਾ ਲੈਣ ਸੰਬੰਧੀ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਠਿੰਡਾ ਸੀਟ ਨੂੰ ਹਲਕੇ 'ਚ ਨਹੀਂ ਲਵੇਗੀ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਦਫਤਰ ਸਕੱਤਰ ਅਰੁਣਜੋਤ ਸਿੰਘ ਸੋਢੀ  ਕਾਂਡ ਪਿੱਛੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ  ਪੀਪਲਜ਼ ਪਾਰਟੀ ਦੇ ਗਠਨ ਤੋਂ ਬਾਅਦ ਹੀ ਉਸ ਦੇ ਨੇਤਾਵਾਂ ਨੂੰ ਤੋੜਣ ਲਈ ਲਾਲਚ ਅਤੇ ਡਰਾਉਣ, ਧਮਕਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪੀਪਲਜ਼ ਪਾਰਟੀ  'ਚ ਚੋਣ ਤਾਲਮੇਲ ਬਾਰੇ ਫੈਸਲਾ ਚੋਣਾਂ ਦੇ ਨੇੜੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 20 ਨਵੰਬਰ ਨੂੰ ਚੰਡੀਗੜ੍ਹ 'ਚ ਬੁਲਾਈ ਗਈ ਸਰਵ ਪਾਰਟੀ ਬੈਠਕ 'ਚ ਪੰਜਾਬ ਮਾਮਲਿਆਂ 'ਤੇ ਚਰਚਾ ਹੋਵੇਗੀ ਅਤੇ ਇਸ 'ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਮੁੱਖ ਵਿਰੋਧੀ ਪਾਰਟੀਆਂ ਨੂੰ ਚਿੱਠੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਮੁਕਾਬਲੇ ਵਿਕਾਸ ਦੇ ਨਜ਼ਰੀਏ ਨਾਲ ਪੱਛੜ ਗਿਆ ਹੈ। ਪਿਛਲੇ ਦਿਨੀਂ ਅਜਿਹੀ ਖਬਰ ਆਈ ਸੀ ਕਿ ਅਜੇ ਤਕ ਪੰਜਾਬ ਨੇ ਆਪਣੀ ਸਾਲਾਨਾ ਯੋਜਨਾ ਦੇ 25 ਫੀਸਦੀ ਹਿੱਸੇ 'ਤੇ ਹੀ ਅਮਲ ਕੀਤਾ ਹੈ। ਉਸ ਤੋਂ ਬਾਅਦ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਿਆਨ ਦਿੱਤਾ ਕਿ ਪੰਜਾਬ ਸਾਲਾਨਾ ਯੋਜਨਾ ਦੇ 50 ਫੀਸਦੀ ਟੀਚਿਆਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗਾ। ਮਨਪ੍ਰੀਤ  ਨੇ ਕਿਹਾ ਕਿ ਹਰਿਆਣਾ ਦੀ ਸਾਲਾਨਾ ਯੋਜਨਾ 28 ਹਜ਼ਾਰ ਕਰੋੜ ਦੀ ਹੈ ਅਤੇ ਹਰਿਆਣਾ 100 ਫੀਸਦੀ ਸਾਲਾਨਾ ਯੋਜਨਾ ਦੇ ਟੀਚਿਆਂ ਨੂੰ ਹਾਸਿਲ ਕਰ ਰਿਹਾ ਹੈ ਜਦਕਿ ਪੰਜਾਬ ਦੀ ਸਾਲਾਨਾ ਯੋਜਨਾ 14 ਹਜ਼ਾਰ ਕਰੋੜ ਦੀ ਹੈ। ਜੇਕਰ ਪੰਜਾਬ 7 ਹਜ਼ਾਰ ਕਰੋੜ ਦੇ ਟੀਚੇ ਨੂੰ ਹਾਸਿਲ ਕਰਦਾ ਹੈ ਤਾਂ ਵੀ ਉਹ ਹਰਿਆਣਾ ਦੀ ਤੁਲਨਾ 'ਚ 21 ਹਜ਼ਾਰ ਕਰੋੜ ਪਿੱਛੇ ਰਹਿ ਜਾਵੇਗਾ। ਅਗਲੇ 10 ਸਾਲਾਂ 'ਚ ਪੰਜਾਬ, ਹਰਿਆਣਾ ਦੇ ਮੁਕਾਬਲੇ 2 ਲੱਖ ਕਰੋੜ ਨਾਲ ਪੱਛੜ ਜਾਵੇਗਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ  ਦਾਅਵਾ ਕਰ ਰਹੇ ਹਨ ਕਿ ਟੈਕਸ ਕੁਲੈਕਸ਼ਨ ਚੰਗੀ ਚੱਲ ਰਹੀ ਹੈ ਪਰ ਜਦੋਂ ਤਕ ਉਹ ਆਪਣੇ ਖਰਚਿਆਂ ਨੂੰ ਘੱਟ ਨਹੀਂ ਕਰਦੇ, ਉਦੋਂ ਤਕ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬਟਾਲਾ 'ਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਸਾਰ ਤਕ  ਨਹੀਂ ਲਈ। ਇਸ ਮੌਕੇ ਡਾ. ਨਵਜੋਤ ਦਹੀਆ, ਭੱਟੀ, ਬਾਬਾ ਰਜਿੰਦਰ ਸਿੰਘ ਜੌਹਲ, ਕੌਂਸਲਰ ਰਾਜਾ ਅਤੇ ਹੋਰ ਨੇਤਾ ਵੀ ਮੌਜੂਦ ਸਨ।