ਚੰਡੀਗੜ੍ਹ, (PTI)- ਪੰਜਾਬ ਦੇ ਐੱਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ 3 ਤੋਂ 5 ਜਨਵਰੀ ਤੱਕ ਹੋਣ ਵਾਲੇ ਐੱਨ. ਆਰ. ਆਈ. ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਅੱਜ ਇੱਥੇ ਪੰਜਾਬ ਭਵਨ ਵਿਖੇ ਐੱਨ. ਆਰ. ਆਈ. ਸਭਾ ਦੀ ਐਡਵਾਈਜ਼ਰੀ ਕਮੇਟੀ (ਸਲਾਹਕਾਰ ਕਮੇਟੀ ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਸੰਮੇਲਨ ਦੌਰਾਨ ਵਿਦੇਸ਼ਾਂ ਤੋਂ ਚੁਣੇ ਹੋਏ ਸੰਸਦ ਮੈਂਬਰ, ਵਿਧਾਇਕ, ਮੇਅਰ, ਪੱਤਰਕਾਰ ਆਦਿ ਵੱਡੀ ਗਿਣਤੀ ਵਿਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਡੈਲੀਗੇਟਾਂ ਦੀ ਸੁਰੱਖਿਆ ਲਈ ਪੈਸਕੋ (ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ) ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਡੈਲੀਗੇਟਾਂ ਨੂੰ ਪੰਜਾਬ ਦੇ ਇਤਿਹਾਸਕ ਸਥਾਨਾਂ ਜਿਵੇਂ ਕਿ ਵਿਰਾਸਤ-ਏ-ਖਾਲਸਾ, ਚੱਪੜਚਿੜੀ ਆਦਿ ਦਾ ਵੀ ਦੌਰਾ ਕਰਵਾਇਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਇਕ ਹੋਰ ਅਹਿਮ ਫੈਸਲੇ ਰਾਹੀਂ ਪ੍ਰਵਾਸੀ ਭਾਰਤੀਆਂ ਦੀ ਪਾਵਰ ਆਫ ਅਟਾਰਨੀ ਤਸਦੀਕ ਕਰਨ ਦਾ ਜੋ ਅਧਿਕਾਰ ਕੇਵਲ ਡਵੀਜ਼ਨਲ ਕਮਿਸ਼ਨਰਾਂ ਕੋਲ ਸੀ, ਨੂੰ ਹੁਣ ਡਿਪਟੀ ਕਮਿਸ਼ਨਰਾਂ ਨੂੰ ਵੀ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੀ ਹੁਣ ਪ੍ਰਵਾਸੀ ਭਾਰਤੀਆਂ ਦੀ ਪਾਵਰ ਆਫ ਅਟਾਰਨੀ ਤਸਦੀਕ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਐੱਨ. ਆਰ. ਆਈ. ਸਭਾ ਦੀ ਚੋਣ 27 ਜਨਵਰੀ ਨੂੰ ਕਰਵਾਏ ਜਾਣ ਦਾ ਵੀ ਫੈਸਲਾ ਲਿਆ ਗਿਆ ਹੈ। ਮਜੀਠੀਆ ਨੇ ਸਲਾਹਕਾਰ ਕਮੇਟੀ ਤੇ ਪ੍ਰਵਾਸੀ ਭਾਰਤੀਆਂ ਵਲੋਂ ਮੰਗ ਕੀਤੇ ਜਾਣ 'ਤੇ ਸਭਾ ਦੀ ਚੋਣ ਲਈ ਪ੍ਰਚਲਿਤ ਵਿਵਸਥਾ ਨਾਮਨੀ ਵੋਟਿੰਗ (ਵਾਰਸ ਵੋਟਰ) ਨੂੰ ਬੰਦ ਕਰਨ ਦੇ ਵੀ ਹੁਕਮ ਦਿੱਤੇ ਹਨ। ਮਜੀਠੀਆ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਝਗੜਿਆਂ ਦੇ ਹੱਲ ਲਈ ਰਾਜ ਦੇ ਹਰ ਜ਼ਿਲੇ ਵਿਚ ਐੱਨ. ਆਰ. ਆਈ. ਪੁਲਸ ਸਟੇਸ਼ਨ ਕਾਇਮ ਕੀਤੇ ਜਾਣ ਦਾ ਪ੍ਰਸਤਾਵ ਹੈ ਤੇ ਇਸ ਦੇ ਤਹਿਤ ਅੰਮ੍ਰਿਤਸਰ ਵਿਖੇ ਐੱਨ. ਆਰ. ਆਈ. ਪੁਲਸ ਥਾਣੇ ਲਈ ਯੋਜਨਾ ਤਿਆਰ ਕਰਕੇ ਗ੍ਰਹਿ ਵਿਭਾਗ ਨਾਲ ਲੋੜੀਂਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਦੀ ਰਾਖੀ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨੂੰ ਹੇਠਲੇ ਪੱਧਰ 'ਤੇ ਸਖਤੀ ਨਾਲ ਲਾਗੂ ਕਰਨ ਸਬੰਧੀ ਮਜੀਠੀਆ ਨੇ ਕਿਹਾ ਕਿ ਹਰ ਥਾਣੇ ਦੇ ਐੱਸ. ਐੱਚ. ਓ. ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ ਤੇ ਉਸਦੇ ਅਧੀਨ ਪੈਂਦੇ ਖੇਤਰ ਵਿਚ ਜੇਕਰ ਕਿਸੇ ਪ੍ਰਵਾਸੀ ਭਾਰਤੀ ਦੀ ਜਾਇਦਾਦ 'ਤੇ ਕਬਜ਼ਾ ਆਦਿ ਹੁੰਦਾ ਹੈ ਤਾਂ ਸਬੰਧਿਤ ਐੱਸ. ਐੱਚ. ਓ. ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ।
ਮੀਟਿੰਗ ਦੌਰਾਨ ਮੁੱਖ ਤੌਰ 'ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਡਾ.ਦਲਜੀਤ ਸਿੰਘ ਚੀਮਾ, ਪ੍ਰਗਟ ਸਿੰਘ ਦੋਵੇਂ ਵਿਧਾਇਕ, ਪ੍ਰਵਾਸੀ ਭਾਰਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਐੱਸ. ਐੱਸ. ਚੰਨੀ, ਜਲੰਧਰ ਡਵੀਜ਼ਨ ਦੇ ਕਮਿਸ਼ਨਰ ਐੱਸ. ਆਰ. ਲੱਧੜ, ਜਲੰਧਰ ਦੇ ਡੀ. ਸੀ. ਪ੍ਰਿਯੰਕ ਭਾਰਤੀ ਤੇ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਅਲਕਨੰਦਾ ਦਿਆਲ ਤੋਂ ਇਲਾਵਾ ਐੱਨ. ਆਰ. ਆਈ. ਸਭਾ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।