www.sabblok.blogspot.com
* ਦਿਵਾਲੀ ਵਾਲ਼ੀ ਰਾਤ ਵਾਂਗ ਸਜਾਇਆ ਗਿਆ ਯਾਦਗਾਰ ਹਾਲ
ਯੁਗਾਂਤਰ ਆਂਸ਼ਰਮ, ਜਲੰਧਰ : ਸਾਡੇ ਮੁਲਕ ਨੂੰ ਦੇਸੀ ਵਿਦੇਸ਼ੀ ਲੁੱਟ, ਦਾਬੇ, ਜਾਤਪਾਤ, ਫਿਰਕਾਪ੍ਰਸਤੀ, ਅਨਿਆਏ ਅਤੇ ਜ਼ਬਰ ਸਿਤਮ ਤੋਂ ਮੁਕਤ ਕਰਕੇ ਲੋਕਾਂ ਦੇ ਸਵੈਮਾਣ ਵਾਲ਼ਾ ਰਾਜਭਾਗ ਸਿਰਰਣ ਲਈ ਅਜ਼ਾਦੀ ਸੰਘਰਾਮ ਵਿਚ ਵਿਲੱਖਣ ਭੂਮਿਕਾ ਅਦਾ ਕਰਨ ਵਾਲ਼ੀ ਗ਼ਦਰ ਲਹਿਰ ਨੂੰ ਸਮਰਪਤ ਮੇਲਾ ਗ਼ਦਰ ਸ਼ਤਾਬਦੀ ਦਾ ਰਵਾਇਤੀ ਮੇਲਿਆਂ ਨਾਲੋਂ ਨਿਵੇਕਲੀ ਨੁਹਾਰ ਪੇਸ਼ ਕਰੇਗਾ।
ਆਪਣਾ ਤਨ, ਮਨ ਤੇ ਧਨ ਸਭ ਕੁਝ ਕੁਰਬਾਨ ਕਰਨ ਵਾਲੇ ਗ਼ਦਰੀ ਬਾਬਿਆਂ ਦੀ ਇਨਕਲਾਬੀ ਵਿਰਾਸਤ ਦੇ ਮੀਲ ਪੱਥਰ 'ਮੇਲਾ ਗ਼ਦਰ ਸ਼ਤਾਬਦੀ ਦਾ' ਅੱਜ ਤੋਂ ਦੇਸ਼ ਭਗਤ ਯਾਦਗਰ ਹਾਲ ਜਲੰਧਰ ਦੇ 'ਯੁਗਾਂਤਰ ਆਸ਼ਰਮ' ਵਿਹੜੇ 'ਚ ਦਿਨ ਦੇ ਚੜ•ਾਅ ਨਾਲ ਸ਼ੁਰੁ ਹੋਵੇਗਾ। ਗ਼ਦਰ ਪਾਰਟੀ ਦੇ ਸ਼ਤਾਬਦੀ ਮੇਲੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ, ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਸ਼ਤਾਬਦੀ ਕਮੇਟੀ ਦੇ ਕੋਆਡੀਨੇਟਰ ਨੌਂਨਿਹਾਲ ਸਿੰਘ, ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪੰਜ ਰੋਜ਼ਾ ਗ਼ਦਰ ਸ਼ਤਾਬਦੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਵੇਰੇ ਠੀਕ ਦਸ ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿਚ ਕਮੇਟੀ ਦੇ ਅਹੁਦੇਦਾਰਾਂ ਵਲੋਂ ਸ਼ਮਾਂ ਰੌਸ਼ਨ ਕੀਤੀ ਜਾਵੇਗੀ। ਪੰਜ ਰੋਜ਼ਾ ਮੇਲੇ ਦਾ ਅਗ਼ਾਜ਼ ਗਾਇਨ ਮੁਕਾਬਲੇ ਨਾਲ਼ ਹੋਵੇਗਾ ਜਿਸ ਵਿਚ ਸੀਨੀਅਰ ਅਤੇ ਜੂਨੀਅਰ ਦੋ ਗਰੁੱਪ ਹੋਣਗੇ। ਦੋਵੇਂ ਗਰੁੱਪਾਂ ਦੇ ਮੁਕਾਬਲੇ ਗ਼ਦਰ ਦੀ ਗੂੰਜ਼ ਦਾਇਰਾ ਅਤੇ ਗੀਤ ਚਿਰਾਗ਼ਾਂ ਦੇ ਪੁਸਤਕਾਂ ਵਿਚੋਂ ਹੋਣਗੇ।
ਸ਼ਾਮ ਠੀਕ ਸੱਤ ਵਜੇ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ ਰੰਗ ਟੋਲੀਆਂ ਇਤਿਹਾਸਕ ਅਤੇ ਅਜੋਕੇ ਸਰੋਕਾਰਾਂ ਤੇ ਕੋਰੀਓਗ੍ਰਾਫ਼ੀਆਂ ਪੇਸ਼ ਕਰਨਗੀਆਂ।
ਜਿਕਰਯੋਗ ਹੈ ਕਿ ਅੱਜ ਦਰਜ਼ਣਾ ਦੀ ਗਿਣਤੀ ਵਿਚ ਵਤਨੋਂ ਦੂਰ ਤੋਂ ਆਏ ਪੰਜਾਬੀਆਂ ਦਾ ਦੇਸ਼ ਭਗਤ ਯਾਦਗਾਰ ਅੰਦਰ ਨਿੱਘਾ ਸੁਆਗਤ ਕੀਤਾ ਗਿਆ। ਇਸ ਉਪਰੰਤ ਇਹ ਵਫ਼ਦ ਪਠਾਨਕੋਟ ਚੌਕ ਸਥਿਤ ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ ਦੇ ਬੁੱਤ ਤੇ ਫੁੱਲਮਾਲਾ ਅਤੇ ਸ਼ਰਧਾਂਜਲੀਆਂ ਅਰਪਤ ਕਰਨ ਗਿਆ।
ਦੇਸ਼ ਭਗਤ ਯਾਦਗਾਰ ਹਾਲ ਨੂੰ ਅੱਜ ਦੀਵਾਲੀ ਵਾਲ਼ੀ ਰਾਤ ਵਰਗੀ ਦਿੱਖ ਦਿਤੀ ਗਈ ਹੈ। ਜਗਮਗਾਉਂਦੀਆਂ ਲੜੀਆਂ ਹਨੇਰੇ ਖਿਲਾਫ਼ ਜ਼ਿੰਦਗੀ ਭਰ ਜੂਝਣ ਵਾਲ਼ੇ ਸੰਗਰਾਮੀਆਂ ਦੇ ਰੌਸ਼ਨ ਵਿਚਾਰਾਂ ਦੀ ਜਗਮਗ ਜਗਮਗ ਕਰਦੀਆਂ ਪ੍ਰਤੀਤ ਹੋ ਰਹੀਆਂ ਸਨ।
ਦੇਸ਼ ਭਗਤ ਹਾਲ ਦੇ ਵੱਖ ਵੱਖ ਕੋਨਿਆਂ ਵਿਚ ਨਾਟਕਾਂ, ਗੀਤਾਂ, ਕੋਰੀਓਗ੍ਰਾਫ਼ੀਆਂ ਅਤੇ ਵੱਖ ਵੱਖ ਕਲਾਕ੍ਰਿਤਾਂ ਦੀਆਂ ਰਿਹਸਲਾਂ ਵਿਚ ਜੁਟੇ ਹੋਏ ਕਲਾਕਾਰਾਂ ਦਾ ਉਤਸ਼ਾਹ ਅਤੇ ਜੋਸ਼ ਵੇਖਿਆਂ ਹੀ ਬਣਦਾ ਸੀ।
ਗ਼ਦਰੀ ਬਾਬਾ ਗੁਰਮੁਖ ਸਿੰਘ ਹਾਲ ਵਿਚ ਬਾਕਾਇਦਾ ਲੰਗਰ ਦੀਆਂ ਸੇਵਾਵਾਂ ਆਰੰਭ ਹੋ ਚੁਕੀਆਂ ਹਨ। ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਅੱਜ ਵੀ ਆਪਣੇ ਨਾਂ ਦਰਜ਼ ਕਰਾਉਂਦੇ ਦੇਖੇ ਗਏ। ਵੱਖ ਵੱਖ ਪੰਡਾਲ ਸਜ਼ ਚੁਕੇ ਹਨ। ਵਲੰਟੀਅਰਾਂ ਨੇ ਆਪਣੀਆਂ ਜ਼ੁੰਮੇਵਾਰੀਆਂ ਓਟ ਲਈਆਂ ਹਨ।
ਪਹਿਲੀ ਨਵੰਬਰ ਤੱਕ ਚੱਲਣ ਵਾਲ਼ੇ ਇਸ ਪੰਜ ਰੋਜ਼ਾ ਮੇਲੇ ਦੇ ਦੂਜੇ ਦਿਨ 29 ਅਕਤੂਬਰ ਨੂੰ ਦੋ ਸੈਮੀਨਾਰ ਕੀਤੇ ਜਾ ਰਹੇ ਹਨ। ਪਹਿਲੇ ਸ਼ੈਸ਼ਨ ਵਿਚ ਸ਼ਮਸੁਲ ਇਸਲਾਮ, ਨਵੀਂ ਦਿੱਲੀ, ਡਾ ਸੁਰਜੀਤ ਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ ਸੁਖਦੇਵ ਸਿਰਸਾ, ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਡਾ ਹਰੀਸ਼ ਕੇ. ਪੁਰੀ ਗ਼ਦਰ ਪਾਰਟੀ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕਰਨਗੇ।
ਸ਼ਾਮ ਨੂੰ ਕਵੀਸ਼ਰੀ ਅਤੇ ਢਾਡੀ ਰੰਗ ਪੇਸ਼ ਹੋਵੇਗਾ।
ਬਾਅਦ ਦੁਪਿਹਰ ਪ੍ਰਦੇਸੀਂ ਵਸਦੇ ਭਾਰਤੀਆਂ ਦੀਆਂ ਸਮੱਸਿਆਵਾਂ, ਸੀਮਾਵਾਂ ਅਤੇ ਹੱਲ ਬਾਰੇ ਵਿਚਾਰਾਂ ਹੋਣਗੀਆਂ ਜਿਸ ਵਿਚ ਕੁਲਵੀਰ ਸਿੰਘ ਸੰਘੇੜਾ, ਇੰਗਲੈਂਡ ਅਤੇ ਵਰਿਆਮ ਸਿੰਘ ਸੰਧੂ ਕਨੇਡਾ ਵਿਚਾਰ ਚਰਚਾ ਦਾ ਆਗਾਜ਼ ਕਰਨਗੇ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਨੂੰ ਆਰਜ਼ੀ ਤੌਰ ਤੇ ਯੁਗਾਂਤਰ ਆਸ਼ਰਮ ਦਾ ਨਾਂ ਦਿਤਾ ਗਿਆ। ਯਾਦਗਾਰ ਹਾਲ ਦੇ ਮੁੱਖ ਦੁਆਰ ਤੇ ਗ਼ਦਰ ਲਹਿਰ ਦੀ ਗੋਲਡਨ ਜੁਬਲੀ ਮੌਕੇ ਹੋਏ ਸਮਾਗਮ ਦਾ ਉਦਘਾਟਨ ਕਰਦੇ ਹੋਏ ਗ਼ਦਰ ਪਾਰਟੀ ਦੇ ਬਾਨੀ ਪ੍ਰ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਸਾਥੀਆਂ ਦੀ ਤਸਵੀਰ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।