www.sabblok.blogspot.com
ਅੰਮਿ੍ਤਸਰ, 28 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ, ਰੇਸ਼ਮ ਸਿੰਘ)-ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਪੰਜਾਬ ਨੇ ਚਾਰ ਸਮੱਗਲਰਾਂ ਤੋਂ 24 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਮੰਡੀ 'ਚ ਕਰੀਬ ਇਕ ਅਰਬ 20 ਕਰੋੜ ਰੁਪਏ ਹੈ | ਫੜੇ ਗਏ ਸਮੱਗਲਰਾਂ 'ਚ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਾ ਮੁੱਖ ਸਰਗਨਾ ਜਸਬੀਰ ਸਿੰਘ ਜੱਸਾ ਉਰਫ਼ ਘੈਂਟ ਪੁੱਤਰ ਦਰਸ਼ਨ ਸਿੰਘ ਵਾਸੀ ਮਾਹਣੇ ਮੱਲ੍ਹੀਆਂ, ਥਾਣਾ ਝਬਾਲ, ਜ਼ਿਲ੍ਹਾ ਤਰਨਤਾਰਨ ਵੀ ਸ਼ਾਮਿਲ ਹੈ, ਜਿਸ ਨੂੰ ਪਹਿਲਾਂ ਹੀ 15 ਸਾਲ ਕੈਦ ਹੋਈ ਹੋਈ ਹੈ ਤੇ ਉਹ 6 ਹਫਤਿਆਂ ਲਈ ਪੈਰੋਲ 'ਤੇ ਕੇਂਦਰੀ ਜੇਲ੍ਹ ਅੰਮਿ੍ਤਸਰ ਤੋਂ ਆਇਆ ਹੈ | ਸੰਨ 2010 'ਚ ਉਸ ਪਾਸੋਂ 54 ਕਿਲੋ ਹੈਰੋਇਨ ਫੜੀ ਗਈ ਸੀ | ਬਾਕੀ ਤਿੰਨ ਸਮੱਗਲਰਾਂ 'ਚ ਕੁਲਦੀਪ ਸਿੰਘ ਉਰਫ਼ ਹੀਰਾ ਪੁੱਤਰ ਮੁਖਤਿਆਰ ਸਿੰਘ, ਵਾਸੀ ਮਾੜੀ ਕੰਬੋਕੇ, ਥਾਣਾ ਖ਼ਾਲੜਾ, ਅਵਤਾਰ ਸਿੰਘ ਉਰਫ਼ ਤਾਰੀ ਪੁੱਤਰ ਗੇਰਭੇਜ ਸਿੰਘ, ਵਾਸੀ ਕਰਮੂੰਵਾਲਾ, ਥਾਣਾ ਹਰੀਕੇ ਅਤੇ ਤਰਸੇਮ ਸਿੰਘ ਉਰਫ਼ ਪੱਪੂ ਪੁੱਤਰ ਸੌਦਾਗਰ ਸਿੰਘ, ਵਾਸੀ ਚੋਹਲਾ ਸਾਹਿਬ, (ਸਾਰੇ ਜ਼ਿਲ੍ਹਾ ਤਰਨ ਤਾਰਨ) ਸ਼ਾਮਿਲ ਹਨ | ਇਨ੍ਹਾਂ ਖਿਲਾਫ਼ ਥਾਣਾ ਐਸ. ਐਸ. ਓ. ਸੀ. ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ | ਇਸ ਸਬੰਧੀ ਪੱਤਰਕਾਰ ਸੰਮੇਲਨ 'ਚ ਉਕਤ ਸੈਲ ਦੇ ਏ. ਆਈ. ਜੀ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਸਬੀਰ ਸਿੰਘ ਜੱਸਾ ਨੇ ਆਪਣੇ ਪਾਕਿਸਤਾਨ ਸਥਿਤ ਪੁਰਾਣੇ ਸੰਪਰਕ ਸੂਤਰਾਂ ਨਾਲ ਰਾਬਤਾ ਕਾਇਮ ਕਰ ਕੇ 24 ਕਿਲੋ ਹੈਰੋਇਨ 25-26 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮੰਗਵਾਈ, ਜੋ ਫਾਜ਼ਿਲਕਾ ਸੈਕਟਰ ਤੋਂ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ 27 ਅਕਤੂਬਰ, 2013 ਨੂੰ ਆਪਣੇ ਸਾਥੀਆਂ ਨਾਲ ਚਿੱਟੇ ਰੰਗ ਦੀ ਇਨੋਵਾ ਕਾਰ ਪੀ. ਬੀ. 11 ਬੀ. ਏ. 6739 'ਤੇ ਘੁੰਮ ਰਿਹਾ ਸੀ | ਇਸ ਦੌਰਾਨ ਹੀ ਪੁਲਿਸ ਪਾਰਟੀ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਨੂੰ ਪਤਾ ਲੱਗਾ, ਜਿਨ੍ਹਾਂ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਉਕਤ ਸਮਗਲਰਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਸਖ਼ਤੀ ਨਾਲ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਪਾਕਿਸਤਾਨ ਅਤੇ ਭਾਰਤ ਸਥਿਤ ਸੰਪਰਕ ਸੂਤਰਾਂ ਦਾ ਪਤਾ ਲਾਇਆ ਜਾ ਸਕੇ |
No comments:
Post a Comment