www.sabblok.blogspot.com
ਕਿਸਾਨ ਭਾਅ ਤੇ ਝਾੜ ਤੋਂ ਬਾਗੋਬਾਗ
ਫਰੀਦਕੋਟ 30 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਚ ਇਸ ਸਾਲ 13.44 ਲੱਖ ਏਕੜ ਰਕਬੇ ਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ। ਭਾਵੇਂ ਬੇਮੌਸਮੀ ਤੇ ਲਗਾਤਾਰ ਬਾਰਸ਼ ਅਤੇ ਝੱਖੜ ਨਾਲ ਇਸ ਫਸਲ ਨੂੰ ਕੁੱਝ ਨੁਕਸਾਨ ਪੁੱਜਾ ਹੈ ਪਰ ਫੇਰ ਵੀ ਇਸ ਸਾਲ ਪੰਜਾਬ ਵਿਚ ਬਾਸਮਤੀ ਦੀ ਬੰਪਰ ਫਸਲ ਹੋਣ ਦੀ ਸੰਭਾਵਨਾਂ ਹੈ। ਪੰਜਾਬ ਅਤੇ ਹਰਿਆਣਾ ਦੇਸ਼ ਵਿਚ ਹੋਣ ਵਾਲੀ ਬਾਸਮਤੀ ਦੀ ਪੈਦਾਵਾਰ ਦਾ 60 ਪ੍ਰਤੀਸ਼ਤ ਬਾਸਮਤੀ ਪੈਦਾ ਕਰਦੇ ਹਨ। ਪਿਛਲੇ ਸਾਲ ਬਾਸਮਤੀ ਦਾ ਭਾਅ 2000-2500 ਰੁਪਏ ਤੱਕ ਫੀ ਕੁਇੰਟਲ ਰਿਹਾ ਤੇ ਝਾੜ ਵੀ ਘੱਟ ਰਿਹਾ ਜਿਸ ਕਰਕੇ ਕਿਸਾਨਾਂ ਵਿਚ ਨਿਰਾਸ਼ਤਾ ਵਧੀ ਪਰ ਇਸ ਵਾਰ ਇਹ ਭਾਅ 3000-3900 ਰੁਪਏ ਤੱਕ ਮਿਲ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਡੇਢ ਗੁਣਾਂ ਵੱਧ ਹੈ। ਇਸਦੇ ਭਾਅ ਵਿਚ ਤੇਜੀ ਦਾ ਕਾਰਨ ਅੰਤਰਰਾਸ਼ਟਰੀ ਮੰਡੀ ਵਿਚ ਭਾਰਤੀ ਬਾਸਮਤੀ ਦੀ ਮੰਗ ਦਾ ਵਧਣਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਅੰਤਰਰਾਸ਼ਟਰੀ ਮੰਡੀ ਵਿਚ ਇਸਦਾਭਾਅ 30 ਪ੍ਰਤੀਸ਼ਤ ਵਧਿਆ ਹੈ ਅਤੇ ਪੰਜਾਬ ਸਰਕਾਰ ਨੇ ਵੀ ਬਾਸਮਤੀ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਤੋਂ ਛੋਟ ਦੇ ਦਿੱਤੀ ਹੈ । ਭਾਰਤ ਤੋਂ ਬਾਸਮਤੀ ਦੀ ਖਰੀਦ ਕਰਨ ਵਾਲੇ ਦੇਸ਼ਾਂ ਵਿਚ ਮਿਡਲ ਈਸਟ, ਯੂਰਪ, ਰੂਸ, ਇਰਾਨ , ਇਰਾਕ ਆਦਿ ਦੇਸ਼ ਹਨ। ਬਰਾਮਦਕਾਰਾਂ ਅਨੁਸਾਰ ਇਸ ਸਾਲ ਬਾਸਮਤੀ ਚਾਵਲ ਦੀ ਬਰਾਮਦ 40 ਲੱਖ ਟਨ ਤੋਂ ਉੱਪਰ ਪੁੱਜ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਜਦੋਂ ਕਿ ਪਿਛਲੇ ਸਾਲ ਇਹ ਬਰਾਮਦ 36 ਲੱਖ ਟਨ ਸੀ। ਬਾਸਮਤੀ ਦੀ ਪੈਦਾਵਾਰ ਵਧਾਉਣ ਵਿਚ ਸਾਇੰਸਦਾਨਾਂ ਵੱਲੋਂ ਇਸ ਸਾਲ ਰੀਲੀਜ਼ ਕੀਤੀ ਬਾਸਮਤੀ ਦੀ ਨਵੀਂ ਕਿਸਮ 1509 ਪੂਸਾ ਹੈ ਜਿਸਦਾ ਪ੍ਰਚੱਲਤ ਕਿਸਮ ਪੂਸਾ 1121 ਨਾਲੋਂ 10-15 ਪ੍ਰਤੀਸ਼ਤ ਵੱਧ ਝਾੜ ਦੱਸਿਆ ਗਿਆ ਹੈ ਅਤੇ ਇਹ ਕਿਸਮ ਪੱਕਣ ਵਿਚ ਵੀ 1121 ਨਾਲੋਂ 25 ਦਿਨ ਘੱਟ ਸਮਾਂ ਲੈਂਦੀ ਹੈ ਅਤੇ ਝੱਖੜ ਆਦਿ ਨਾਲ ਢਹਿੰਦੀ ਵੀ ਨਹੀਂ। ਬਾਸਮਤੀ ਦੀ ਇਹ ਕਿਸਮ 50 ਪ੍ਰਤੀਸ਼ਤ ਪਾਣੀ ਦੀ ਬੱਚਤ ਵੀ ਕਰਦੀ ਹੈ। ਅਗਲੇ ਸਾਲ ਪੰਜਾਬ ਦੇ ਕਿਸਾਨਾਂ ਦੀ ਇਹ ਮਨਪਸੰਦ ਕਿਸਮ ਹੋਏਗੀ ਅਤੇ ਵਧੇਰੇ ਰਕਬਾ ਇਸ ਕਿਸਮ ਹੇਠ ਹੀ ਬੀਜਿਆ ਜਾਵੇਗਾ। ਇਹ ਕਿਸਮ 20-22 ਕੁਇੰਟਲ ਪ੍ਰਤੀ ਏਕੜ ਝਾੜ ਦੇ ਰਹੀ ਹੈ ਜਿਸ ਨਾਲ ਅੱਜ ਦੇ ਭਾਅ ਮੁਤਾਬਕ ਇਸਦੀ ਪ੍ਰਤੀ ਏਕੜ ਵੱਟਕ 70-80 ਹਜ਼ਾਰ ਰੁਪਏ ਨਿੱਕਲ ਰਹੀ ਹੈ। ਜਿਸ ਨਾਲ ਕਿਸਾਨ ਬਾਗੋਬਾਗ ਹਨ ਅਤੇ ਖੇਤੀ ਪ੍ਰਤੀ ਪੂਰੇ ਉਤਸ਼ਾਹਿਤ ਹਨ। ਪੰਜਾਬ ਵਿਚ ਕਿਸਾਨਾਂ ਦੀ ਆਮਦਨ ਵਧਣ ਨਾਲ ਜ਼ਮੀਨਾਂ ਦੇ ਠੇਕੇ ਦੇ ਭਾਅ ਵੀ 40-50 ਹਜ਼ਾਰ ਪ੍ਰਤੀ ਏਕੜ ਤੱਕ ਪੁੱਜ ਗਏ ਹਨ। ਬਿਨਾਂ ਸ਼ੱਕ ਕਣਕ ਦੀ 2967 ਕਿਸਮ ਅਤੇ ਬਾਸਮਤੀ ਦੀ ਪੂਸਾ 1509 ਨੇ ਕਿਸਾਨਾਂ ਵਿਚ ਨਵੀਂ ਰੂਹ ਫੂਕੀ ਹੈ ਅਤੇ ਅਨਾਜ ਦੇ ਮਾਮਲੇ ਵਿਚ ਨਵੀਂ ਕਰਾਂਤੀ ਦੀਆਂ ਸੰਭਾਵਨਾਵਾਂ ਬਣੀਆਂ ਹਨ।
ਕਿਸਾਨ ਭਾਅ ਤੇ ਝਾੜ ਤੋਂ ਬਾਗੋਬਾਗ
ਪੂਸਾ 1509 ਕਿਸਮ ਦੇ ਖੇਤ ਦਾ ਦ੍ਰਿਸ਼। ਤਸਵੀਰ ਗੁਰਭੇਜ ਸਿੰਘ ਚੌਹਾਨ |
No comments:
Post a Comment