www.sabblok.blogspot.com
ਮਾਨਸਾ : ਸ਼ਨਿਚਰਵਾਰ ਦੇਰ ਰਾਤ ਬਣਾਂਵਾਲੀ ਸਥਿਤ ਥਰਮਲ ਪਲਾਂਟ 'ਚ ਤਿਆਰ ਹੋ ਰਹੀ ਚਿਮਨੀ 'ਚ ਲਾਈ ਲਿਫਟ ਦੀ ਤਾਰ ਅਚਾਨਕ ਟੁੱਟ ਜਾਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮਜ਼ਦੂਰਾਂ ਨੇ ਪ੍ਰਬੰਧਕਾਂ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਦੱਸਿਆ। ਸਵੇਰੇ ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਨੇ ਥਰਮਲ ਪਲਾਂਟ ਨੂੰ ਪੁਲਸ ਛਾਉਣੀ 'ਚ ਬਦਲ ਦਿੱਤਾ। ਇਸ ਲਈ ਬਿਠੰਡਾ, ਮਾਨਸਾ, ਮੁਕਤਸਰ ਤੇ ਮੋਗਾ ਜ਼ਿਲਿ੍ਹਆਂ ਤੋਂ ਇਕ ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਿਠੰਡਾ ਸਿਵਲ ਹਸਪਤਾਲ ਭੇਜ ਦਿੱਤਾ। ਇਸ ਮਾਮਲੇ 'ਚ ਥਾਣਾ ਜੌੜਕੀਆ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 304ਏ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਉਧਰ ਇਸ ਹਾਦਸੇ ਪਿੱਛੋਂ ਕੰਪਨੀ ਨੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 18-18 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਭੋਗ ਮੌਕੇ ਕੰਪਨੀ ਵੱਖਰੇ ਤੌਰ 'ਤੇ ਹਰੇਕ ਪਰਿਵਾਰ ਨੂੰ 40-40 ਹਜ਼ਾਰ ਰੁਪਏ ਦੇਵੇਗੀ।
ਅਗਲੇ ਮਹੀਨੇ ਸ਼ੁਰੂ ਹੋਣਾ ਸੀ ਉਤਪਾਦਨ
ਬਣਾਂਵਾਲੀ ਥਰਮਲ ਪਲਾਂਟ 'ਚ ਇਕ ਚਿਮਨੀ ਬਣ ਕੇ ਲਗਪਗ ਤਿਆਰ ਹੈ। ਇਸ ਤੋਂ 660 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਣਾ ਸੀ। ਚਿਮਨੀ ਨੂੰ ਆਖਰੀ ਛੋਹਾਂ ਦੇਣ ਦਾ ਕੰਮ ਚੱਲ ਰਿਹਾ ਸੀ। ਸ਼ਨਿਚਰਵਾਰ ਰਾਤ ਨੂੰ ਚਿਮਨੀ ਦੇ ਅੰਦਰਲਾ ਕੰਮ ਐਲਐਂਡਟੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਸੀ। ਇਸ ਕੰਪਨੀ 'ਚ ਰਾਜਸਥਾਨ ਦੇ ਅਲਵਰ ਨਿਵਾਸੀ ਦਿਨੇਸ਼ ਕੁਮਾਰ, ਫੈਜ਼ਲਗੰਜ (ਪੀਲੀਭੀਤ) ਯੂਪੀ ਨਿਵਾਸੀ ਪ੍ਰਕਾਸ਼ ਕੁਮਾਰ, ਮਾਨਸਾ ਦੇ ਪਿੰਡ ਕੁਸਲਾ ਨਿਵਾਸੀ ਗੁਰਦੀਪ ਸਿੰਘ ਤੇ ਯੂਪੀ ਦੇ ਜ਼ਿਲ੍ਹਾ ਖੁਸ਼ੀਨਗਰ ਨਿਵਾਸੀ ਦਿਨੇਸ਼ ਚੌਰਸੀਆ ਕੰਮ ਕਰ ਰਹੇ ਸਨ। ਸ਼ਨਿਚਰਵਾਰ ਰਾਤ ਸਮੇਂ ਪਲਾਂਟ 'ਚ 175 ਮੀਟਰ ਉੱਚੀ ਚਿਮਨੀ 'ਚ ਲਗਪਗ 80 ਫੁੱਟ ਉਚਾਈ 'ਤੇ ਇਹ ਮਜ਼ਦੂਰ ਇਕ ਲਿਫਟ ਜ਼ਰੀਏ ਕੰਮ ਕਰ ਰਹੇ ਸਨ। ਇਸੇ ਦੌਰਾਨ ਲਿਫਟ 'ਚ ਲੱਗੀ ਤਾਰ ਟੁੱਟ ਗਈ। ਇਸ ਦੇ ਚਲਦੇ ਲਿਫਟ 80 ਫੁੱਟ ਉਚਾਈ ਤੋਂ ਹੇਠਾਂ ਆ ਕੇ ਡਿੱਗ ਗਈ। ਹਾਦਸੇ 'ਚ ਚਾਰਾਂ ਮਜ਼ਦੂਰਾਂ ਦੀ ਮੌਤ ਹੋ ਗਈ।
ਲਾਪਰਵਾਹੀ ਜਾਂ ਹਾਦਸਾ : ਸ਼ਨਿਚਰਵਾਰ ਦੇਰ ਰਾਤ ਥਰਮਲ ਪਲਾਂਟ 'ਚ ਲਿਫਟ ਡਿੱਗਣਾ ਮਹਿਜ਼ ਇਕ ਹਾਦਸਾ ਹੈ ਜਾਂ ਫਿਰ ਲਾਪਰਵਾਹੀ। ਇਸ ਮਾਮਲੇ 'ਚ ਹਾਲੇ ਕੁਝ ਸਾਫ਼ ਨਹੀਂ ਹੋ ਸਕਿਆ ਹੈ। ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਪੁਲਸ ਨੇ ਇਸ ਮਾਮਲੇ 'ਚ ਹਾਦਸੇ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋਵੇਗਾ ਕਿ ਆਖ਼ਿਰਕਾਰ ਕਿਸ ਪੱਧਰ 'ਤੇ ਇਹ ਲਾਪਰਵਾਹੀ ਰਹੀ ਹੈ। ਉਧਰ ਪਲਾਂਟ 'ਚ ਕੰਮ ਕਰਨ ਵਾਲੇ ਮਜ਼ਦੂਰ ਇਸ ਘਟਨਾ ਲਈ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪਲਾਂਟ 'ਚ ਕੰਮ ਕਰਨ ਵਾਲੇ ਅਜ਼ਮਲ ਨੇ ਦੱਸਿਆ ਕਿ ਕੰਪਨੀ ਉਨ੍ਹਾਂ ਨੂੰ ਸਹੀ ਸੁਰੱਖਿਆ ਉਪਕਰਨ ਉਪਲਬਧ ਨਹੀਂ ਕਰਵਾਉਂਦੀ ਹੈ। ਇਸ ਲਿਫਟ ਨੂੰ ਲੈ ਕੇ ਉਹ ਪਹਿਲਾਂ ਵੀ ਪ੍ਰਬੰਧਕਾਂ ਨੂੰ ਸੁਚੇਤ ਕਰ ਚੁੱਕੇ ਸਨ। ਜੇਕਰ ਉਹ ਇਸ ਦਾ ਵਿਰੋਧ ਕਰਦੇ ਹਨ ਕਿ ਉਨ੍ਹਾਂ ਨੂੰ ਕੰਮ 'ਤੇ ਨਹੀਂ ਰੱਖਿਆ ਜਾਂਦਾ ਹੈ। ਅਜਿਹੇ 'ਚ ਮਜਬੂਰ ਹੋ ਕੇ ਉਹ ਜਾਨ ਖ਼ਤਰੇ 'ਚ ਪਾ ਕੇ ਕੰਮ ਕਰਨ ਲਈ ਮਜਬੂਰ ਹਨ।
ਫਲੱਡ ਲਾਈਟ ਦੇ ਸਹਾਰੇ ਕੰਮ : ਥਰਮਲ ਪਲਾਂਟ 'ਚ ਹਾਦਸੇ ਤੋਂ ਬਾਅਦ ਮਜ਼ਦੂਰ ਇਸ ਘਟਨਾ ਲਈ ਕੰਪਨੀ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮਜ਼ਦੂਰ ਸੁਰੇਸ਼ ਨੇ ਦੱਸਿਆ ਕਿ ਲਿਫਟ ਨੂੰ ਲੈ ਕੇ ਉਹ ਕਈ ਵਾਰ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ। ਰਾਤ ਵੇਲੇ ਇਕ ਫਲੱਡ ਲਾਈਟ ਸਹਾਰੇ ਕੰਮ ਕਰਦੇ ਹਨ। ਇਹੀ ਨਹੀਂ ਸੁਰੱਖਿਆ ਦੇ ਨਾਂ 'ਤੇ ਉਨ੍ਹਾਂ ਨੂੰ ਇਕ ਹੈਲਮੇਟ ਮੁਹੱਈਆ ਕਰਵਾਇਆ ਜਾਂਦਾ ਹੈ। ਜਦੋਂਕਿ ਸੇਫਟੀ ਬੈਲਟ ਦਾ ਨਾਂ ਹੀ ਹੈ। ਮਜ਼ਦੂਰ ਅਜਮਲ ਮੁਤਾਬਿਕ ਕੰਮ ਕਰਨ ਵੇਲੇ ਉਨ੍ਹਾਂ ਨੂੰ ਕਿਸੇ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਨਹੀਂ ਮਿਲਦੀ। ਜੇਕਰ ਉਹ ਇਸ ਗੱਲ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਗੇਟ ਪਾਸ ਨਹੀਂ ਦਿੱਤਾ ਜਾਂਦਾ ਹੈ। ਇਸ ਲਈ ਮਜਬੂਰੀ 'ਚ ਖ਼ਤਰਾ ਸਹੇੜ ਕੇ ਕੰਮ ਕਰਨ ਨੂੰ ਮਜਬੂਰ ਹਨ। ਡਾ. ਨਰਿੰਦਰ ਭਾਰਗਵ, ਐਸਐਸਪੀ ਮਾਨਸਾ ਨੇ ਕਿਹਾ ਕਿ ਜਿਉਂ ਹੀ ਪੁਲਸ ਨੂੰ ਹਾਦਸੇ ਦੀ ਸੂਚਨਾ ਮਿਲੀ ਅਸੀਂ ਤੁਰੰਤ ਸੁਰੱਖਿਆ ਪ੍ਰਬੰਧਾਂ ਨੂੰ ਵਧਾ ਦਿੱਤਾ ਸੀ ਤਾਂਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਇਸ ਮਾਮਲੇ 'ਚ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 304 ਏ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲੇ ਇਸ ਪੂਰੇ ਘਟਨਾ ਚੱਕਰ ਦੀ ਜਾਂਚ ਹੋਵੇਗੀ। ਆਖ਼ਿਰਕਾਰ ਇਹ ਮਹਿਜ਼ ਇਕ ਹਾਦਸਾ ਸੀ ਜਾਂ ਫਿਰ ਇਸ ਪਿੱਛੇ ਕਿਸੇ ਦੀ ਲਾਪਰਵਾਹੀ ਹੈ। ਇਸ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਅੱਗੇ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਮਾਨਸਾ ਦੇ ਡੀਸੀ ਅਮਿਤ ਢਾਕਾ ਨੇ ਕਿਹਾ ਕਿ ਹਾਦਸੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ, ਇਸ ਦੇ ਕਾਰਨ ਦੀ ਤਲਾਸ਼ ਹੋਵੇਗੀ। ਜਾਂਚ ਰਿਪੋਰਟ ਦੇ ਆਧਾਰ 'ਤੇ ਅੱਗੇ ਕਾਰਵਾਈ ਹੋਵੇਗੀ।
No comments:
Post a Comment