jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 20 October 2013

ਜ਼ੀਰਕਪੁਰ ਦੇ ਖੇਤਾਂ ਵਿੱਚ ਉੱਗੀਆਂ ਇਮਾਰਤਾਂ

www.sabblok.blogspot.com
ਜ਼ੀਰਕਪੁਰ.20 ਅਕਤੂਬਰ--- ਦੋ ਹਜ਼ਾਰ ਦੀ ਵਸੋਂ ਵਾਲਾ ਛੋਟਾ ਜਿਹਾ ਪਿੰਡ ਜ਼ੀਰਕਪੁਰ 12 ਸਾਲਾਂ ਵਿੱਚ ਤਕਰੀਬਨ ਦੋ ਲੱਖ 19ptnw78-300x225ਦੀ ਆਬਾਦੀ ਵਾਲਾ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਉਭਰਦਾ ਸ਼ਹਿਰ ਬਣ ਗਿਆ ਹੈ। ਚੰਡੀਗੜ੍ਹ ਦੇ ਨਾਲ ਵਸੇ ਜ਼ੀਰਕਪੁਰ ਵਿੱਚ ਕਿਸੇ ਸਮੇਂ ਹਰ ਪਾਸੇ ਹਰੇ ਭਰੇ ਖੇਤ ਨਜ਼ਰ ਆਉਂਦੇ ਸਨ ਪਰ ਹੁਣ ਇਮਾਰਤਾਂ ਹੀ ਦਿਸਦੀਆਂ ਹਨ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਸ਼ਾਸਨਿਕ ਅਧਿਕਾਰੀ ਇਸ ਸ਼ਹਿਰ ਨੂੰ ਹਰਿਆਣਾ ਦੇ ਗੁੜਗਾਓਂ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੀ ਤਰਜ ’ਤੇ ਵਿਕਸਤ ਕਰਨ ਦਾ ਦਾਅਵਾ ਕਰਦੇ ਹਨ।ਇਸ ਸ਼ਹਿਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੂਬੇ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਅਫ਼ਸਰਾਂ ਦੀਆਂ ਨਾਮੀ ਅਤੇ ਬੇਨਾਮੀ ਜ਼ਮੀਨਾਂ ਹਨ। ਇਥੇ ਇਕ ਖੇਤਰ ਵਿੱਚ ਸਾਰੇ ਸਿਆਸੀ ਆਗੂਆਂ ਅਤੇ ਅਫਸਰਾਂ ਦੀ ਜ਼ਮੀਨਾਂ ਹੋਣ ਕਾਰਨ ਇਸ ਨੂੰ ਵੀ.ਆਈ.ਪੀ. ਖੇਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ਹਿਰ ਦੀ ਸਭ ਤੋਂ ਮਹਿੰਗੇ ਖੇਤਰ ਵਜੋਂ ਜਾਣੇ ਜਾਂਦੇ ਇਸ ਖੇਤਰ ਦੀ ਵੀ.ਆਈ.ਪੀ. ਸੜਕ ਦਾ ਵਿਦੇਸ਼ ਦੀ ਤਰਜ ’ਤੇ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਇਲਾਕੇ ਵਿੱਚ ਅਤਿ-ਆਧੁਨਿਕ ਇਮਾਰਤਾਂ, ਹੋਟਲ, ਮਲਟੀਕੰਪਲੈਕਸ, ਬਹੁ-ਕਰੋੜੀ ਹਾਊਸਿੰਗ ਪ੍ਰਾਜੈਕਟ, ਸੈਲੂਨ ਅਤੇ ਵਪਾਰਕ ਸੈਂਟਰ ਉਸਾਰੇ ਗਏ ਹਨ।ਇਸ ਸ਼ਹਿਰ ਦਾ ਵਿਸਤਾਰ ਐਨੀ ਤੇਜ਼ੀ ਨਾਲ ਹੋਇਆ ਕਿ ਇਥੇ ਅਣ-ਅਧਿਕਾਰਤ ਕਲੋਨੀਆਂ ਦੀ ਭਰਮਾਰ ਹੋ ਗਈ, ਜਿਨ੍ਹਾਂ ’ਚ ਸਹੂਲਤਾਂ ਨਾਂ-ਮਾਤਰ ਹਨ। ਨਗਰ ਕੌਂਸਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਥੇ 125 ਰਿਹਾਇਸ਼ੀ ਕਲੋਨੀਆਂ ’ਚੋਂ ਸਿਰਫ਼ 12 ਕਲੋਨੀਆਂ ਹੀ ਅਧਿਕਾਰਤ ਹਨ ਜਦੋਂ ਕਿ ਬਾਕੀ 113 ਕਲੋਨੀਆਂ ਅਣ-ਅਧਿਕਾਰਤ ਹਨ। ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ, ਜਿਸ ਕਾਰਨ ਇਥੋਂ ਦੇ ਵਸਨੀਕਾਂ ਨੂੰ ਰੋਜ਼ਾਨਾ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਮੀ ਸੜਕਾਂ ਦੇ ਆਲੇ-ਦੁਆਲੇ ਵਸੇ ਜ਼ੀਰਕਪੁਰ ਵਿੱਚ ਸ਼ੁਰੂ ਤੋਂ ਆਵਾਜਾਈ ਵੱਡੀ ਸਮੱਸਿਆ ਰਹੀ ਹੈ। ਇਥੇ ਲੋਕਲ ਬੱਸਾਂ ਲਈ ਤਾਂ ਅੱਡੇ ਦਾ ਨਿਰਮਾਣ ਹੋ ਰਿਹਾ ਹੈ ਪਰ ਲੰਮੇ ਰੂਟ ਦੀਆਂ ਬੱਸਾਂ ਲਈ ਬੱਸ ਅੱਡਾ, ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਜਾਂ ਨਿੱਜੀ ਕਾਲਜ, ਮਿਆਰੀ ਸਰਕਾਰੀ ਸਕੂਲ, ਘੁੰਮਣ ਫਿਰਨ ਲਈ ਕੋਈ ਸਥਾਨ, ਆਡੀਟੋਰੀਅਮ ਦੀ ਵੱਡੀ ਜ਼ਰੂਰਤ ਹੈ। ਸ਼ਹਿਰ ਦੀ ਸੜਕਾਂ ਦੀ ਹਾਲਤ ਵੀ ਸ਼ੁਰੂ ਤੋਂ ਹੀ ਤਰਸਯੋਗ ਰਹੀ ਹੈ। ਸ਼ਹਿਰ ਵਿੱਚ ਪੁਲੀਸ ਫੋਰਸ ਦੀ ਵੀ ਵੱਡੀ ਘਾਟ ਹੈ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਅਤੇ ਇਸ ਦੇ ਇਰਦ ਗਿਰਦ ਵਸਣ ਵਾਲੇ ਲੋਕਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਵੇਖਦਿਆਂ ਸਾਲ 1999 ਵਿੱਚ ਪਿੰਡ ਜ਼ੀਰਕਪੁਰ ਵਿੱਚ ਆਲੇ-ਦੁਆਲੇ ਦੇ ਸੱਤ ਪਿੰਡ ਜ਼ੀਰਕਪੁਰ, ਢਕੋਲੀ, ਹਿੰਮਤਗੜ੍ਹ (ਢਕੋਲਾ), ਬਲਟਾਣਾ, ਲੋਹਗੜ੍ਹ, ਬਿਸ਼ਨਪੁਰਾ ਨੂੰ ਰਲਾ ਕੇ ਨਗਰ ਪੰਚਾਇਤ ਦਾ ਦਰਜਾ ਦਿੱਤਾ ਗਿਆ। 2007 ਵਿੱਚ ਇਸ ਨੂੰ ਨਗਰ ਕੌਂਸਲ ਅਤੇ 2009 ਵਿੱਚ ਇਸ ਨੇ ‘ਏ’ ਕਲਾਸ ਨਗਰ ਕੌਂਸਲ ਦਾ ਦਰਜਾ ਹਾਸਲ ਕਰ ਲਿਆ। ਨਗਰ ਕੌਂਸਲ ਜ਼ੀਰਕਪੁਰ ਵਿੱਚ ਇਸ ਸਮੇਂ ਜ਼ੀਰਕਪੁਰ, ਢਕੋਲੀ, ਹਿੰਮਤਗੜ੍ਹ (ਢਕੋਲਾ), ਬਲਟਾਣਾ, ਲੋਹਗੜ੍ਹ, ਪੀਰ ਮੁਛੱਲਾ, ਭਬਾਤ, ਬਿਸ਼ਨਗੜ੍ਹ, ਬਿਸ਼ਨਪੁਰਾ, ਗਾਜੀਪੁਰ, ਕਿਸ਼ਨਪੁਰਾ, ਰਾਮਗੜ੍ਹ ਭੁੱਡਾ, ਸਿੰਘਪੁਰਾ, ਨਾਭਾ ਸਾਹਿਬ, ਦਿਆਲਪੁਰਾ ਪਿੰਡ ਸ਼ਾਮਲ ਹਨ ਅਤੇ ਸਨੌਲੀ, ਛੱਤ, ਬਾਜ਼ੀਗਰ ਬਸਤੀ ਸਮੇਤ ਹੋਰ ਪਿੰਡ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਜ਼ੀਰਕਪੁਰ ਪਹਿਲਾਂ ਜ਼ਿਲ੍ਹਾ ਪਟਿਆਲਾ ਦਾ ਛੋਟਾ ਜਿਹਾ ਪਿੰਡ ਸੀ, ਜਿਸ ਨੂੰ ਬਾਅਦ ’ਚ ਨਵੇਂ ਬਣੇ ਜ਼ਿਲ੍ਹਾ ਮੁਹਾਲੀ ’ਚ ਸ਼ਾਮਲ ਕਰ ਦਿੱਤਾ ਗਿਆ। ਜ਼ੀਰਕਪੁਰ ਪਹਿਲਾਂ ਬਨੂੜ ਹਲਕੇ ਅਧੀਨ ਆਉਂਦਾ ਸੀ ਅਤੇ ਸਾਲ 2010 ਦੀ ਨਵੀਂ ਹਲਕਾਬੰਦੀ ਦੌਰਾਨ ਇਸ ਨੂੰ ਨਵੇਂ ਹਲਕੇ ਡੇਰਾਬਸੀ ਵਿੱਚ ਸ਼ਾਮਲ ਕਰ ਦਿੱਤਾ ਗਿਆ। ਕਿਸੇ ਵੇਲੇ ਕਲਸੀਆ ਰਿਆਸਤ ’ਚ ਪੈਣ ਵਾਲੇ ਜ਼ੀਰਕਪੁਰ ਦੀ ਤਹਿਸੀਲ ਹਿਮਾਚਲ ਦਾ ਕੰਡਾਘਾਟ ਅਤੇ ਹਰਿਆਣਾ ਦੀ ਛਛਰੌਲੀ ਵੀ ਰਹੀ ਹੈ ਅਤੇ ਇਸ ਵੇਲੇ ਇਸ ਨੂੰ ਡੇਰਾਬਸੀ ਤਹਿਸੀਲ ਪੈਂਦੀ ਹੈ।
ਜਾਣਕਾਰੀ ਮੁਤਾਬਕ ਇਥੋਂ ਦੇ ਪਿੰਡਾਂ ਵਿੱਚ ਰਵਾਇਤੀ ਫਸਲਾਂ ਕਣਕ, ਜੀਰੀ, ਅਤੇ ਆਲੂ ਤੋਂ ਇਲਾਵਾ ਖਜ਼ੂਰਾਂ ਅਤੇ ਮੂੰਗਫਲੀ ਵੀ ਹੁੰਦੀ ਸੀ। ਇਥੋਂ ਦੇ ਪਿੰਡ ਬਿਸ਼ਨਪੁਰਾ, ਬਿਸ਼ਨਗੜ੍ਹ, ਬਲਟਾਣਾ, ਗਾਜੀਪੁਰ ਵਿੱਚ 1975 ਤੱਕ ਮੂੰਗਫਲੀ ਅਤੇ ਮੱਕੀ ਦੀ ਖੇਤੀ ਕੀਤੀ ਜਾਂਦੀ ਸੀ। ਲੋਕਾਂ ਮੁਤਾਬਕ ਚੰਡੀਗੜ੍ਹ-ਅੰਬਾਲਾ ਸੜਕ ’ਤੇ ਪਿੰਡ ਬਿਸ਼ਨਪੁਰਾ ਅਤੇ ਬਿਸ਼ਨਗੜ੍ਹ ਦੀ ਜ਼ਮੀਨ ਵਿੱਚ, ਜਿਥੇ ਸਿਲਵਰ ਸਿਟੀ ਸਥਿਤ ਹੈ, ਉਥੇ ਪਹਿਲਾਂ ਅਮਰੂਦਾਂ ਦਾ ਵੱਡਾ ਬਾਗ਼ ਹੁੰਦਾ ਸੀ। ਇਥੋਂ ਦੇ ਕਿਨੂੰਆਂ ਦੇ ਬਾਗ ਵੀ ਮਸ਼ਹੂਰ ਸਨ।
ਇਸ ਵੇਲੇ ਜ਼ੀਰਕਪੁਰ ਵਿੱਚ ਸੈਂਕੜੇ ਛੋਟੀ ਵੱਡੀ ਕੰਪਨੀਆਂ ਆਪਣੇ ਹਾਊਸਿੰਗ ਅਤੇ ਵਪਾਰਕ ਪ੍ਰਾਜੈਕਟ ਸਥਾਪਤ ਕਰ ਰਹੀਆਂ ਹਨ ਅਤੇ ਕਈ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਪ੍ਰਮੁੱਖ ਕੰਪਨੀਆਂ ਰਾਇਲ ਐਸਟੇਟ, ਮਾਇਆ ਗਾਰਡਨ, ਬਾਲੀਵੁੱਡ ਹਾਈਟਸ, ਰਾਇਲ ਅੰਪਾਇਰ, ਰਿਸ਼ੀ ਅਪਾਰਟਮੈਂਟ, ਪੈਂਟਾ ਹੋਮਜ਼, ਓਪੇਰਾ ਗਾਰਡਨ, ਓਰਬਿਟ, ਸਿਲਵਰ ਸਿਟੀ ਸਮੇਤ ਸੈਂਕੜੇ ਹੋਰ ਹਾਊਸਿੰਗ ਕੰਪਨੀਆਂ ਸ਼ਾਮਲ ਹਨ। ਇਥੇ ਪਾਰਸ ਡਾਊਨ ਟਾਊਨ ਸਕੁਏਅਰ ਮਾਲ, ਨਾਮੀ ਹੋਟਲ, ਬੈਸਟ ਪ੍ਰਾਈਸ ਅਤੇ ਮੈਟਰੋ ਹੋਲ ਸੇਲ ਸਟੋਰ ਸਮੇਤ ਸੈਂਕੜੇ ਛੋਟੀਆਂ ਵੱਡੀਆਂ ਕੰਪਨੀਆਂ ਦੇ ਗੁਦਾਮ ਸਥਿਤ ਹਨ। ਜ਼ੀਰਕਪੁਰ ਵਿੱਚ ਪਹਿਲਾਂ ਜਿਥੇ ਫਸਲਾਂ ਲਈ ਦਵਾਈਆਂ ਦੀਆਂ ਦੁਕਾਨਾਂ ਹੋਈਆਂ ਕਰਦੀਆਂ ਸਨ, ਅੱਜ ਉਨ੍ਹਾਂ ਦੀ ਥਾਂ ਪ੍ਰਾਪਰਟੀ ਡੀਲਰਾਂ ਨੇ ਮੱਲ ਲਈ ਹੈ। ਜ਼ੀਰਕਪੁਰ ਅਤੇ ਆਸਪਾਸ ਦੇ ਪਿੰਡਾਂ ਦੇ ਕਿਸਾਨ ਪਹਿਲਾਂ ਸਾਈਕਲਾਂ, ਰੇਹੜਿਆਂ ਅਤੇ ਟਰੈਕਟਰਾਂ ’ਤੇ ਨਜ਼ਰ ਆਉਂਦੇ ਸਨ ਪਰ ਹੁਣ ਜ਼ਮੀਨਾਂ ਵਿਕਣ ਮਗਰੋਂ ਉਹੀ ਕਿਸਾਨ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਹਨ।  ਜ਼ੀਰਕਪੁਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਜਦੋਂ ਇਸ ਦਾ ਵਿਸਤਾਰ ਹੋਣਾ ਸ਼ੁਰੂ ਹੋਇਆ ਸੀ ਤਾਂ ਬਾਹਰੋਂ ਆਏ ਕੁਝ ਧਨਾਂਢਾਂ ਨੇ ਇਥੋਂ ਦੇ ਭੋਲੇ-ਭਾਲੇ ਕਿਸਾਨਾਂ ਨੂੰ ਭਰਮਾ ਕੇ ਉਨ੍ਹਾਂ ਦੀ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਲਈਆਂ, ਜਿਨ੍ਹਾਂ ’ਤੇ ਬਾਅਦ ਵਿੱਚ ਹਾਊਸਿੰਗ ਪ੍ਰਾਜੈਕਟ ਜਾਂ ਰਿਹਾਇਸ਼ੀ ਕਲੋਨੀਆਂ ਸਥਾਪਤ ਕਰ ਦਿੱਤੀਆਂ। ਉਨ੍ਹਾਂ ਨੇ ਕਰੋੜਾਂ ਰੁਪਏ ਕਮਾਏ ਅਤੇ ਜ਼ਮੀਨ ਮਾਲਕ ਕਿਸਾਨ ਅੱਜ ਆਪਣੇ ਖੇਤਾਂ ’ਚ ਸਥਾਪਤ ਹਾਊਸਿੰਗ ਪ੍ਰਾਜੈਕਟਾਂ ਅਤੇ ਕਲੋਨੀਆਂ ਵਿੱਚ ਫਲੈਟ ਜਾਂ ਪਲਾਟ ਲੈਣ ਜੋਗੇ ਵੀ ਨਹੀਂ ਰਹੇ।

No comments: