www.sabblok.blogspot.com
ਜੰਮੂ : ਪਾਕਿਸਤਾਨ ਨਾਲ ਲੱਗਣ ਵਾਲਾ ਭਾਰਤ ਦਾ ਸਰਹੱਦੀ ਇਲਾਕਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਪੂਰੀ ਰਾਤ ਪਾਕਿਸਤਾਨ ਵੱਲੋਂ ਭਾਰਤ ਦੀਆਂ 14 ਸਰਹੱਦੀ ਚੌਕੀਆਂ 'ਤੇ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਨਾਲ ਬੀਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਕੁਝ ਪਿੰਡਾਂ ਨੂੰ ਵੀ ਨੁਕਸਾਨ ਪਹੁੰਚਿਆ। ਪਾਕਿਸਤਾਨ ਵੱਲੋਂ ਹੋਈ ਤਾਜ਼ਾ ਗੋਲੀਬਾਰੀ ਦੇ ਨਿਸ਼ਾਨੇ 'ਤੇ ਜੰਮੂ ਹਿੱਸੇ ਦੇ ਆਰਐਸ ਪੁਰਾ, ਪਰਗਵਾਲ, ਸਾਂਬਾ, ਹੀਰਾ ਨਗਰ ਅਤੇ ਜਗਨੋਕਾਹ ਇਲਾਕੇ ਰਹੇ। ਇਹ ਇਲਾਕੇ ਪਾਕਿਸਤਾਨ ਨਾਲ ਲੱਗੀ ਕੌਮਾਂਤਰੀ ਸਰਹੱਦ ਦੇ ਜੰਮੂ, ਸਾਂਬਾ ਅਤੇ ਕਠੂਆ ਜ਼ਿਲਿ੍ਹਆਂ 'ਚ ਆਉਂਦੇ ਹਨ। ਪੁਲਸ ਅਧਿਕਾਰੀਆਂ ਮੁਤਾਬਿਕ ਇਸ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਨੇ 82 ਐਮਐਮ ਦੇ ਮੋਰਟਾਰ ਨਾਲ ਭਾਰਤੀ ਸਰਹੱਦੀ ਇਲਾਕੇ ਦੇ ਪਿੰਡਾਂ 'ਤੇ ਗੋਲੇ ਦਾਗੇ। ਸਰਹੱਦ ਪਾਰੋਂ ਹੋਈ ਇਸ ਕਾਰਵਾਈ ਨਾਲ ਸਰਹੱਦੀ ਇਲਾਕੇ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਹੈ। ਨਿਕੋਵਾਲ 'ਚ ਛਰੇ ਲੱਗਣ ਨਾਲ ਬੀਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਬੀਐਸਐਫ ਨੇ ਵੀ ਪਾਕਿਸਤਾਨ ਵੱਲੋਂ ਰਾਤ ਕਰੀਬ 10 ਵਜੇ ਸ਼ੁਰੂ ਹੋਈ ਗੋਲੀਬਾਰੀ ਦਾ ਤੁਰੰਤ ਜਵਾਬ ਦਿੱਤਾ। ਦੋਵਾਂ ਪਾਸਿਓਂ ਗੋਲੀਬਾਰੀ ਦਾ ਇਹ ਸਿਲਸਿਲਾ ਸ਼ਨਿਚਰਵਾਰ ਸਵੇਰੇ ਰੁਕਿਆ। ਬੀਤੇ 24 ਘੰਟਿਆਂ ਤੋਂ ਰੁਕ-ਰੁਕ ਕੇ ਹੋ ਰਹੀ ਇਸ ਗੋਲੀਬਾਰੀ 'ਚ ਹਾਲੇ ਤਕ ਭਾਰਤੀ ਇਲਾਕੇ ਦੇ ਕੁੱਲ 9 ਲੋਕ ਜ਼ਖ਼ਮੀ ਹੋਏ ਹਨ, ਇਨ੍ਹਾਂ 'ਚੋਂ 5 ਪਿੰਡਵਾਸੀ ਹਨ। ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ 22 ਅਕਤੂਬਰ ਨੂੰ ਇਸ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ 'ਚ ਤੇਜ਼ੀ ਆਈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਨਾਲ ਗੱਲਬਾਤ 'ਚ ਵਾਰ-ਵਾਰ ਹੋਣ ਵਾਲੀ ਜੰਗਬੰਦੀ ਦੀ ਉਲੰਘਣਾਂ ਦਾ ਮਸਲਾ ਗੰਭੀਰਤਾ ਨਾਲ ਚੁੱਕਣ। ਜ਼ਿਕਰਯੋਗ ਹੈ ਕਿ ਚਾਲੂ ਵਰ੍ਹੇ 'ਚ ਹਾਲੇ ਤਕ 130 ਤੋਂ ਵੱਧ ਵਾਰ ਸਰਹੱਦ ਪਾਰੋਂ ਜੰਗਬੰਦੀ ਦੀ ਉਲੰਘਣਾ ਹੋ ਚੁੱਕੀ ਹੈ।
ਹਮਲੇ 'ਚ ਦੋ ਜਵਾਨ ਜ਼ਖ਼ਮੀ
ਸ੍ਰੀਨਗਰ : ਉੱਤਰੀ ਕਸ਼ਮੀਰ 'ਚ ਕੰਟਰੋਲ ਲਾਈਨ ਨਾਲ ਲੱਗੇ ਹੰਦਵਾੜਾ (ਕੁਪਵਾੜਾ) 'ਚ ਸ਼ਨਿਚਰਵਾਰ ਦਾ ਦਿਨ ਫ਼ੌਜ ਦੀ 30 ਕੌਮੀ ਰਾਈਫਲਜ਼ ਦੇ ਜਵਾਨਾਂ 'ਤੇ ਭਾਰੀ ਰਿਹਾ। ਪਹਿਲਾਂ ਅੱਤਵਾਦੀ ਹਮਲੇ 'ਚ ਇਕ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਜਦੋਂ ਹੋਰਨਾਂ ਜਵਾਨਾਂ ਨੇ ਅੱਤਵਾਦੀਆਂ ਦੀ ਭਾਲ 'ਚ ਮੁਹਿੰਮ ਚਲਾਈ ਤਾਂ ਇਕ ਹੋਰ ਜਵਾਨ 'ਤੇ ਭਾਲੂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਦੋਵਾਂ ਜਵਾਨਾਂ ਨੂੰ ਫ਼ੌਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਹਮਲੇ 'ਚ ਜ਼ਖ਼ਮੀ ਜਵਾਨ ਰਵੀ ਮਹਾਰਾਸ਼ਟਰ ਦਾ ਹੈ, ਜਦੋਂਕਿ ਭਾਲੂ ਦੇ ਹਮਲੇ 'ਚ ਜ਼ਖ਼ਮੀ ਰਵੀ ਕੁਮਾਰ ਜੰਮੂ ਦਾ ਰਹਿਣ ਵਾਲਾ ਹੈ।
No comments:
Post a Comment