www.sabblok.blogspot.com
ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ 'ਚ ਥੋੜ੍ਹੀ ਰਾਹਤ ਦਿੰਦਿਆਂ ਡੀਜ਼ਲ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ। ਵੀਰਵਾਰ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ 'ਚ 1.15 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਦਾ ਐਲਾਨ ਕੀਤਾ ਹੈ। ਟੈਕਸ ਆਦਿ ਪਾ ਕੇ ਇਹ ਕਮੀ ਕੁਝ ਜ਼ਿਆਦਾ ਹੋਵੇਗੀ। ਦਿੱਲੀ 'ਚ ਪੈਟਰੋਲ ਦੀ ਕੀਮਤ 1.38 ਰੁਪਏ ਪ੍ਰਤੀ ਲਿਟਰ ਘੱਟ ਹੋਈ ਹੈ। ਸਭ ਤੋਂ ਜ਼ਿਆਦਾ ਰਾਹਤ ਚੇਨਈ 'ਚ 1.46 ਰੁਪਏ ਦੀ ਮਿਲੀ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਗਈ ਹੈ। ਟੈਕਸ ਮਿਲਾ ਕੇ ਦਿੱਲੀ ਵਿਚ ਡੀਜ਼ਲ 56 ਪੈਸੇ ਮਹਿੰਗਾ ਹੋਇਆ ਹੈ। ਪਿਛਲੇ ਇਕ ਮਹੀਨੇ 'ਚ ਪੈਟਰੋਲ ਦੀ ਕੀਮਤ 'ਚ ਇਹ ਦੂਜੀ ਕਟੌਤੀ ਹੈ। ਇਸ ਤੋਂ ਪਹਿਲਾਂ ਕੰਪਨੀਆਂ ਨੇ ਪਹਿਲੀ ਅਕਤੂਬਰ ਨੂੰ ਪੈਟਰੋਲ ਦੀ ਪ੍ਰਚੂਨ ਕੀਮਤ 3.05 ਰੁਪਏ ਪ੍ਰਤੀ ਲਿਟਰ ਘਟਾਈ ਸੀ। ਇਸ ਨਾਲ ਕੀਮਤ 'ਚ ਅਸਲ ਤੌਰ 'ਤੇ ਲਗਪਗ 3.60 ਰੁਪਏ ਪ੍ਰਤੀ ਲਿਟਰ ਤਕ ਘੱਟ ਹੋਈ ਸੀ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਡੀਜ਼ਲ ਦੀ ਕੀਮਤ ਵਿਚ ਮਾਮੂਲੀ ਸੁਧਾਰ ਹੋਣਾ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਆਉਣ ਨਾਲ ਪੈਟਰੋਲ ਦੀ ਕੀਮਤ ਨੂੰ ਘਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਡੀਜ਼ਲ 'ਤੇ ਉਂਝ ਤਾਂ ਤੇਲ ਕੰਪਨੀਆਂ ਨੂੰ 9.58 ਰੁਪਏ ਪ੍ਰਤੀ ਲਿਟਰ ਘਾਟਾ ਪੈ ਰਿਹਾ ਹੈ ਪਰ ਕੀਮਤ ਪਹਿਲਾਂ ਲਏ ਫ਼ੈਸਲੇ ਅਨੁਸਾਰ ਸਿਰਫ 50 ਪੈਸੇ ਪ੍ਰਤੀ ਲਿਟਰ ਵਧਾਈ ਗਈ ਹੈ। ਜਨਵਰੀ 2013 'ਚ ਸਰਕਾਰ ਨੇ ਹਰ ਮਹੀਨੇ ਡੀਜ਼ਲ ਨੂੰ 50 ਪੈਸੇ ਪ੍ਰਤੀ ਲਿਟਰ ਮਹਿੰਗਾ ਕਰਨ ਦਾ ਫ਼ੈਸਲਾ ਲਿਆ ਸੀ। ਇਹ ਵਾਧਾ ਉਦੋਂ ਤਕ ਹੁੰਦਾ ਰਹੇਗਾ ਜਦੋਂ ਤਕ ਤੇਲ ਕੰਪਨੀਆਂ ਦਾ ਘਾਟਾ ਪੂਰਾ ਨਾ ਹੋ ਜਾਵੇ।
No comments:
Post a Comment