jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 24 October 2013

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਂਮ ਖੁੱਲ੍ਹੀ ਚਿੱਠੀ

www.sabblok.blogspot.com

ਸਤਿਕਾਰਯੋਗ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਪੰਥ ਦੀ ਆਨਸ਼ਾਨ ਲਈ ਆਪ ਜੀ ਵੱਲੋਂ ਕੀਤੀ ਮਹਾਨ ਕੁਰਬਾਨੀ ਅਤੇ ਉਸ ਪਿੱਛੋਂ ਆਪਣੀ ਜਾਨ ਦੀ ਭੀਖ ਮੰਗਣ ਦੀ ਥਾਂ; ਭਾਰਤ ਦੀ ਕੇਂਦਰ ਸਰਕਾਰ, ਇਸ ਦੇ ਸੰਵਿਧਾਨ/ਕਨੂੰਨ ਅਤੇ ਨਿਆਂ ਪ੍ਰਣਾਲੀ, ਜੋ ਸਿੱਖਾਂ ਨੂੰ ਕੋਈ ਵੀ ਇਨਸਾਫ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ; ਵਿਰੁੱਧ ਸਿੱਧੀ ਬਗਾਵਤ ਕਰਦੇ ਹੋਏ ਕੋਈ ਵੀ ਵਕੀਲ ਜਾਂ ਰਹਿਮ ਦੀ ਅਪੀਲ ਕਰਨ ਤੋਂ ਕੋਰੀ ਨਾਂਹ ਕਰਨ ਦੇ ਲਏ ਤੁਹਾਡੇ ਦ੍ਰਿੜ ਸਟੈਂਡ ਨੇ ਜਿਸ ਤਰ੍ਹਾਂ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਇਸ ਨਾਲ ਤੁਹਾਡੇ ਅੱਗੇ ਹਰ ਸਿੱਖ ਦਾ ਸਤਿਕਾਰ ਨਾਲ ਸਿਰ ਝੁਕਦਾ ਹੈ। ਇਹੋ ਕਾਰਣ ਹੈ ਕਿ ਮਾਰਚ 2012 ਵਿੱਚ ਆਪ ਜੀ ਵੱਲੋਂ ਦਿੱਤੇ ਕੇਸਰੀ ਲਹਿਰ ਦੇ ਸੱਦੇ ਨੂੰ ਹਰ ਵਰਗ ਦੇ ਸਿੱਖਾਂ; ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਅਤੇ ਸੰਸਥਾ ਨਾਲ ਸਬੰਧਤ ਸੀ; ਦੇ ਇਕੱਠ ਨੇ ਕੇਸਰੀ ਝੰਡੇ ਫੜ ਕੇ ਸੜਕਾਂ ਤੇ ਨਿਕਲ ਕੇ ਕੇਂਦਰੀ ਸਰਕਾਰ ਨੂੰ ਆਪ ਜੀ ਦੇ ਮੌਤ ਵਰੰਟ ’ਤੇ ਆਰਜੀ ਰੋਕ ਲਾਉਣ ਲਈ ਮਜਬੂਰ ਕਰ ਦਿੱਤਾ।
ਉਸ ਸਮੇਂ, ਜਿਸ ਤਰ੍ਹਾਂ ਆਪ ਜੀ ਵੱਲੋਂ ਕਹੇ ਹਰ ਸ਼ਬਦ ’ਤੇ ਸਿੱਖ ਜਾਨ ਵਾਰਨ ਲਈ ਤਿਆਰ ਹੋ ਗਏ ਸਨ ਅਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਆਪਣੀ ਸ਼ਹੀਦੀ ਵੀ ਦਿੱਤੀ; ਉਸ ਨੂੰ ਵੇਖ ਕੇ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਾਰਣ ਉਨ੍ਹਾਂ ਨੇ ਇਹ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਕਿ ਕਿਸ ਤਰ੍ਹਾਂ ਇਸ ਲਹਿਰ ਨੂੰ ਲੀਹੋਂ ਲਾਹਿਆ ਜਾਵੇ। ਵੀਰ ਜੀ ਆਪ ਜੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਕਿ ਕੋਈ ਵੀ ਮਨੁੱਖ ਅਭੁੱਲ ਨਹੀਂ ਹੋ ਸਕਦਾ। ਗੁਰਬਾਣੀ ਦਾ ਫੈਸਲਾ ਹੈ: “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ”। ਇਸ ਗੁਰਫੁਰਮਾਨ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਮਨੁੱਖ ਆਪਣੇ ਆਪ ਨੂੰ ਅਭੁੱਲ ਮੰਨ ਬੈਠੇ ਉਸ ਤੋਂ ਕੋਈ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਕੌਮ ਦਾ ਕੋਈ ਭਲਾ ਕਰ ਸਕੇ। 31 ਮਾਰਚ 2012 ਤੋਂ ਬਾਅਦ ਆਪ ਜੀ ਵੱਲੋਂ ਦਿੱਤੇ ਕੁਝ ਅਖ਼ਬਾਰੀ ਬਿਆਨਾਂ ਸਦਕਾ; ਇਹ ਸਿਰਫ ਮੈਂ ਹੀ ਨਹੀਂ ਬਲਕਿ ਕੌਮ ਦਾ ਬਹੁਤ ਵੱਡਾ ਹਿੱਸਾ ਹਿੱਸਾ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਸ਼ਾਇਦ ਕੋਈ ਕੌਮ ਵਿਰੋਧੀ ਏਜੰਸੀ ਆਪ ਜੀ ਨੂੰ ਗੁੰਮਰਾਹ ਕਰ ਰਹੀ ਹੈ। ਮੈਂ ਤੁਹਾਡੇ ’ਤੇ ਇਹ ਕੋਈ ਦੋਸ਼ ਨਹੀਂ ਲਾ ਰਿਹਾ ਬਲਕਿ ਇੱਕ ਕੌਮ ਹਿਤੈਸ਼ੀ ਹੋਣ ਦੇ ਕਾਰਣ ਆਪ ਜੀ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਹਾਂ ਤਾ ਕਿ ਤੁਸੀਂ ਇਸ ਨੂੰ ਕੇਵਲ ਵਿਰੋਧ ਨਹੀਂ ਬਲਕਿ ਕਬੀਰ ਸਾਹਿਬ ਜੀ ਦੇ ਗਉੜੀ ਰਾਗ ਵਿੱਚ ਉਚਾਰਨ ਕੀਤੇ ਸ਼ਬਦ: “ਨਿੰਦਉ ਨਿੰਦਉ, ਮੋ ਕਉ ਲੋਗੁ ਨਿੰਦਉ ॥ ਨਿੰਦਾ, ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ, ਨਿੰਦਾ ਮਹਤਾਰੀ ॥1॥ ਰਹਾਉ ॥ ਨਿੰਦਾ ਹੋਇ, ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ, ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥1॥ ਨਿੰਦਾ ਕਰੈ, ਸੁ ਹਮਰਾ ਮੀਤੁ ॥ ਨਿੰਦਕ ਮਾਹਿ, ਹਮਾਰਾ ਚੀਤੁ ॥ ਨਿੰਦਕੁ ਸੋ, ਜੋ ਨਿੰਦਾ ਹੋਰੈ ॥ ਹਮਰਾ ਜੀਵਨੁ, ਨਿੰਦਕੁ ਲੋਰੈ ॥2॥ ਨਿੰਦਾ, ਹਮਰੀ ਪ੍ਰੇਮ ਪਿਆਰੁ ॥ ਨਿੰਦਾ, ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ, ਨਿੰਦਾ ਸਾਰੁ ॥ ਨਿੰਦਕੁ ਡੂਬਾ, ਹਮ ਉਤਰੇ ਪਾਰਿ ॥3॥20॥71” ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਕਬੀਰ ਜੀ “ਨਿੰਦਾ ਕਰੈ, ਸੁ ਹਮਰਾ ਮੀਤੁ” ਕਹਿ ਰਹੇ ਹਨ ਤਾਂ ਸਾਨੂੰ ਸਿਰਫ ਸਲਾਹ ਦੇਣ ਕਰਕੇ ਹੀ ਆਪਣਾ ਵਿਰੋਧੀ ਜਾਂ ਨਿੰਦਕ ਨਹੀਂ ਸਮਝ ਲੈਣਾ ਚਾਹੀਦਾ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ੨੫ ਜੂਨ ੨੦੧੨ ਨੂੰ ਭੈਣ ਕਮਲਦੀਪ ਕੌਰ ਜੀ ਰਾਹੀਂ ਮੈਂ ਆਪ ਜੀ ਨੂੰ ਇੱਕ ਪੱਤਰ ਲਿਖਿਆ ਜਿਸ ਦਾ ਵਿਸ਼ਾ ਸੀ ਹਰ 
ਸਮੇਂ ਦੀ ਵਾਹ ਵਾਹ ਤੁਹਾਡੀ ਪ੍ਰਤਿਭਾ ਨੂੰ ਰੁਸ਼ਨਾਉਣ ਵਿੱਚ ਸਹਾਈ ਨਹੀਂ ਹੋ ਸਕਦੀ।
ਇਸ ਦੇ ਉੱਤਰ ਵਿੱਚ ਭੈਣ ਕਮਲਦੀਪ ਕੌਰ ਵੱਲੋਂ ਈਮੇਲ ਰਾਹੀਂ ਦਿੱਤੇ ਜਵਾਬ ਨੇ ਮੈਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਲਿਖਿਆ ਸੀ:- “ਬਾਬਾ ਜੀ, ਮੈਨੂੰ ਅਫ਼ਸੋਸ ਹੈ ਕਿ ਮੈਂ ਉਹਨਾਂ ਹਾਲਾਤਾਂ ਵਿੱਚ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਤੁਹਾਨੂੰ ਟਾਇਮ ਦੇ ਕੇ ਤੁਹਾਡੇ ਨਾਲ ਗੱਲ ਕੀਤੀ। ਬਾਬਾ ਜੀ, ਤੁਸੀਂ ਵੀ ਯਾਦਗਾਰ ਦਾ ਵਿਰੋਧ ਕਰਨ ਵਾਲੇ ਦਿੱਲੀ ਦੇ ਤਖ਼ਤ ਨੂੰ ਸਮਰਪਿਤ ਉਸੇ ਗੰਦਗੀ ਦਾ ਹਿੱਸਾ ਨਿਕਲੇ।”
ਭੈਣ ਜੀ ਇਹ ਭੁੱਲ ਹੀ ਗਈ ਕਿ ਮੈਂ ਤੁਹਾਡਾ ਕਿੱਡਾ ਵੱਡਾ ਸਮਰਥਕ ਰਿਹਾ ਸੀ ਤੇ ਆਪਣੇ ਪੱਤਰ ਵਿੱਚ ਕਿਧਰੇ ਵੀ 1984 ਦੇ ਸ਼ਹੀਦਾਂ ਦੀ ਬਣਾਈ ਜਾਣ ਵਾਲੀ ਯਾਦਗਰ ਦਾ ਵਿਰੋਧ ਨਹੀਂ ਸੀ ਕੀਤਾ। ਜਦ ਇੱਕ ਮਹੀਨੇ ਤੱਕ ਵੀ ਤੁਹਾਡੇ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਆਇਆ ਤਾਂ ਦੁਖੀ ਮਨ ਨਾਲ ਮੈਨੂੰ ਆਪਣਾ ਉਹ ਪੱਤਰ 23 ਜੁਲਾਈ ਨੂੰ ਜਨਤਕ ਕਰਨਾ ਪਿਆ ਜਿਹੜਾ ਕਿ “ਬਾਦਲ ਦੀ ਸਾਜਿਸ਼ `ਚ ਫਸੇ ਭਾਈ ਰਾਜੋਆਣਾ ਨੂੰ ਉਸ ਦੀ ਮਾਨਸਿਕ ਗੁਲਾਮੀ `ਚੋਂ ਆਜਾਦ ਹੋਣ ਲਈ ਪ੍ਰੇਰਿਆ ਜਾਵੇ।” ਸਿਰਲੇਖ ਹੇਠ ਹੋਰਨਾਂ ਵੈੱਬਸਾਈਟਾਂ ਤੋਂ ਇਲਾਵਾ ਸਿੰਘ ਸਭਾ ਯੂਐੱਸਏ ਦੀ ਸਾਈਟ http://www.singhsabhausa.com/fullview.php?type=article&path=1814
’ਤੇ ਪੜ੍ਹਿਆ ਜਾ ਸਕਦਾ ਹੈ।
ਬਹੁ ਗਿਣਤੀ ਸਿੱਖਾਂ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹੋ ਪਰ ਤੁਹਾਡੀਆਂ ਤਾਜਾ ਛਪੀਆਂ ਤਿੰਨ ਚਿੱਠੀਆਂ ਜਿਨ੍ਹਾਂ ਵਿੱਚ ਤੁਸੀਂ ਪਟਿਅਲਾ ਲੋਕ ਸਭਾ ਹਲਕੇ ਤੋਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਉਣ ਦਾ ਐਲਾਣ ਕੀਤਾ ਹੈ; ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹੋ। ਇਸੇ ਲਈ ਤੁਸੀਂ ਹਰ ਉਹ ਗੱਲ ਕਰਦੇ ਹੋ ਜਿਸ ਦਾ ਸਿੱਧੇ ਤੌਰ ’ਤੇ ਬਾਦਲ-ਭਾਜਪਾ ਨੂੰ ਲਾਭ ਪਹੁੰਚਦਾ ਹੋਵੇ। ਪਿਛਲੇ ਤਜਰਬੇ ਤੋਂ ਇਹ ਤਾਂ ਭਲੀਭਾਂਤ ਸਪਸ਼ਟ ਹੈ ਕਿ ਮੇਰੀ ਇਸ ਚਿੱਠੀ ਵਿੱਚ ਉਠਾਏ ਗਏ ਸ਼ੰਕਿਆਂ ਨੂੰ ਅਸਲ ਤਾਂ ਭੈਣ ਕਮਲਦੀਪ ਕੌਰ ਨੇ ਤੁਹਾਡੇ ਤੱਕ ਪਹੁੰਚਾਉਣਾ ਹੀ ਨਹੀਂ ਇਸ ਲਈ ਤੁਹਾਥੋਂ ਕਿਸੇ ਜਵਾਬ ਦੀ ਉਮੀਦ ਨਹੀਂ ਹੈ ਇਸ ਕਾਰਨ ਮੈਂ ਇਸ ਚਿੱਠੀ ਨੂੰ ਪਹਿਲੇ ਹੱਲੇ ਹੀ ਜਨਤਕ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਤੁਸੀਂ ਪਹਿਲੇ ਸਿੱਖ ਨਜ਼ਰ ਆ ਰਹੇ ਸੀ ਜੋ ਕੌਮੀ ਸੰਘਰਸ਼ ਨੂੰ ਕੋਈ ਸੇਧ ਦੇਣ ਦੀ ਸਮਰੱਥਾ ਰੱਖਦੇ ਹੋ। ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਕੌਮ ਵੱਲੋਂ ਕੀਤੇ ਜਾਂਦੇ ਸ਼ੰਕਿਆਂ ਦਾ ਤੁਸੀਂ ਜਵਾਬ ਦੇ ਕੇ ਕੌਮ ਦੀ ਤਸੱਲੀ ਕਰਵਾਉਣ ਦੀ ਖੇਚਲ ਕਰੋਗੇ। ਸਾਡੇ ਸ਼ੰਕੇ ਇਹ ਹਨ:
ਪਹਿਲੀ ਚਿੱਠੀ ਵਿੱਚ ਤੁਸੀਂ ਪਟਿਆਲਾ ਅਤੇ ਅਨੰਦਪੁਰ ਸਾਹਿਬ ਦੋ ਹਲਕਿਆਂ ਵਿੱਚੋਂ ਕਿਸੇ ਇੱਕ ’ਤੋਂ ਚੋਣ ਲੜਨ ਦਾ ਸੰਕੇਤ ਦਿੱਤਾ ਤੇ ਦੂਸਰੀ ਚਿੱਠੀ ਵਿੱਚ ਐਲਾਣ ਕਰ ਦਿੱਤਾ ਕਿ “ਖਾਲਸਾ ਜੀ, ਹੁਣ ਮੈਂ ਆਪਣੇ ਸੰਘਰਸ਼ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਪਟਿਆਲਾ ਦੀ ਧਰਤੀ ਤੋਂ ਹੀ ਕਰਨਾ ਚਾਹੁੰਦਾ ਹਾਂ।” ਉਸ ਦਾ ਕਾਰਣ ਤੁਸੀਂ ਇਹ ਦੱਸਿਆ ਹੈ ਕਿ ਇਹ ਸੀਟ ਪਿਛਲੇ 15 ਸਾਲਾਂ ਤੋਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਮੋਤੀ ਮਹਿਲ ਦੇ ਕਬਜ਼ੇ ਵਿੱਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਦੇ ਖਿਲਾਫ਼ ਰਚੀਆਂ ਗਈਆਂ ਸਾਜਿਸਾਂ ਅਤੇ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੇਂਦਰ ਬਿੰਦੂ ਹੈ।
ਸਾਡੇ ਸਵਾਲ ਇਹ ਹਨ ਕਿ:
(1)  ਹੁਣ ਤੱਕ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਮੁੱਢੋਂ ਰੱਦ ਕਰਨ ਦੇ ਆਪਣੇ ਸਟੈਂਡ ’ਤੇ ਦ੍ਰਿੜ ਰਹੇ ਹੋ। ਪਰ ਹੁਣ ਉਸੇ ਸੰਵਿਧਾਨ ਹੇਠ ਆਪਣੀ ਭੈਣ ਨੂੰ ਚੋਣ ਲੜਾਉਣ ਦਾ ਫੈਸਲਾ ਕਿਸ ਅਧਾਰ ’ਤੇ ਲਿਆ ਹੈ?
(2) ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੇ ਪੰਜਾਬ ਤੇ ਪੰਥ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ। ਇੰਦਰਾ-ਰਾਜੀਵ ਅਤੇ ਉਨ੍ਹਾਂ ਦੇ ਕਰਿੰਦੇ ਬੇਅੰਤੇ (ਉਸ ਸਮੇਂ ਦਾ ਬੁੱਚੜ ਮੁੱਖ ਮੰਤਰੀ) ਦੇ ਸਮੇਂ ਜੋ ਕਾਂਗਰਸ ਸਰਕਾਰ ਨੇ ਸਿੱਖਾਂ ’ਤੇ ਜੁਲਮ ਕੀਤੇ ਉਹ ਅਸਹਿ ਹਨ ਤੇ ਇਸੇ ਕਾਰਣ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਰੋਸ ਹੈ। ਬੇਸ਼ੱਕ ਬਾਦਲ-ਭਾਜਪਾ ਨੇ ਅੱਜ ਤੱਕ ਸਿੱਖਾਂ ਦੇ ਭਲੇ ਦਾ ਕੋਈ ਵੀ ਕੰਮ ਨਹੀਂ ਕੀਤਾ ਪਰ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਇਸ ਰੋਸ ਦਾ ਹੀ ਸਿਆਸੀ ਲਾਹਾ ਖੱਟ ਰਹੇ ਹਨ। ਰਾਜੋਆਣਾ ਸਾਹਿਬ ਕੀ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਸਿੱਖਾਂ ਵਿਰੁੱਧ ਭਾਜਪਾ ਨਾਲੋਂ ਵੱਧ ਸਾਜਸ਼ਾਂ ਹੋਰ ਕੌਣ ਰਚ ਰਿਹਾ ਹੈ? ਭਾਜਪਾ ਦੇ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈਜੀਵਨੀ ਵਿੱਚ ਖ਼ੁਦ ਲਿਖਿਆ ਹੈ ਕਿ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਉਸ ਨੇ ਹੀ ਇੰਦਰਾ ਗਾਂਧੀ ’ਤੇ ਜੋਰ ਪਾਇਆ ਸੀ। ਅਕਾਲ ਤਖ਼ਤ ਢਹਿਢੇਰੀ ਹੋਣ ਤੋਂ ਬਾਅਦ ਜੋ ਖੁਸ਼ੀ ਭਾਜਪਾ ਆਗੂਆਂ ਨੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਮਨਾਈ ਉਹ ਹੋਰ ਕਿਸੇ ਪਾਰਟੀ ਨੇ ਨਹੀਂ ਮਨਾਈ। ਅਕਾਲੀ ਦਲ ਨਾਲ ਗਠਜੋੜ ਹੋਣ ਦੇ ਬਾਵਯੂਦ ਗੁਜਰਾਤ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਿੱਖ ਕਿਸਾਨਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ। ਇਸ ਤੋਂ ਪਹਿਲਾਂ ਵੀ ਭਾਜਪਾ (ਜਨਸੰਘ) ਨੇ ਪੰਜਾਬ ਅਤੇ ਅਕਾਲੀ ਦਲ ਦੀ ਹਰੇਕ ਮੰਗ ਦਾ ਭਾਰੀ ਵਿਰੋਧ ਕੀਤਾ ਜਿਸ ਕਾਰਣ ਹੀ ਹਾਲਾਤ 1984 ਦੇ ਦੋ ਘਲੂਘਾਰੇ ਵਾਪਰਨ ਤੱਕ ਪਹੁੰਚੇ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਵੀ ਹਮੇਸ਼ਾਂ ਪੰਥ ਵਿਰੋਧੀ ਭਾਜਪਾ ਜਾਂ ਇਸ ਤੋਂ ਪਹਿਲਾਂ ਕਾਂਗਰਸ ਹੀ ਜਿਤਦੀ ਰਹੀ ਹੈ। ਪਟਿਆਲਾ ਤੋਂ ਫਿਰ ਵੀ ਕਦੀ ਗੁਰਚਰਨ ਸਿੰਘ ਟੌਹੜਾ ਜਾਂ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਜਿੱਤ ਹਾਸਲ ਕਰਦੇ ਰਹੇ ਹਨ ਪਰ ਅੰਮ੍ਰਿਤਸਰ ਤੋਂ ਅੱਜ ਤੱਕ ਕਿਸੇ ਅਕਾਲੀ ਨੂੰ ਜਿੱਤ ਦੇ ਨੇੜੇ ਤੇੜੇ ਪਹੁੰਚਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਫਿਰ ਕੀ ਕਾਰਣ ਹੈ ਕਿ ਤੁਸੀਂ ਅੰਮ੍ਰਿਤਸਰ ਹਲਕੇ ਦੀ ਚੋਣ ਕਿਉਂ ਨਹੀਂ ਕੀਤੀ! ਕੀ ਇਸ ਦਾ ਕਾਰਣ ਇਹ ਨਹੀਂ ਹੈ ਕਿ ਉਹ ਸੀਟ ਲੰਬੇ ਸਮੇਂ ਤੋਂ ਬਾਦਲ ਦੀ ਭਾਈਵਾਲ ਭਾਜਪਾ ਦੇ ਕਬਜ਼ੇ ਹੇਠ ਹੈ ਤੇ ਹੁਣ ਵੀ ਉਥੋਂ ਭਾਜਪਾ ਉਮੀਦਵਾਰ ਜਿੱਤਣ ਦੀ ਹੀ ਉਮੀਦ ਹੈ ਇਸ ਲਈ ਤੁਸੀਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਵਿੱਚ ਹੈ ਪਰ ਇਹ ਉਹ ਸ਼ਖ਼ਸ਼ ਹੈ ਜਿਸ ਨੇ ਅਕਾਲ ਤਖ਼ਤ ’ਤੇ ਹਮਲੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ। ਕੰਦੂਖੇੜਾ ਪਿੰਡ ਵਿੱਚ ਡੇਰਾ ਲਾ ਕੇ ਅਬੋਹਰ ਫਾਜ਼ਲਕਾ ਦਾ ਇਲਾਕਾ ਹਰਿਆਣਾ ਵਿੱਚ ਜਾਣ ਤੋਂ ਬਚਾਇਆ। ਬਲੈਕ ਥੰਡਰ ਉਪ੍ਰੇਸ਼ਨ ਦੇ ਰੋਸ ਵਜੋਂ ਬਰਨਾਲਾ ਸਰਕਾਰ ’ਚੋਂ ਮੰਤਰੀ ਮੰਡਲ ਵਿੱਚੋਂ ਅਸਤੀਫਾ ਦਿੱਤਾ। ਦਰਿਆਈ ਪਾਣੀਆਂ ਦੇ ਪਿਛਲੇ ਸਾਰੇ ਸਮਝੌਤੇ ਰੱਦ ਕਰਨ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਪੰਜਾਬ ਦੇ ਹੋਰ ਪਾਣੀਆਂ ਦੀ ਲੁੱਟ ਹੋਣ ਤੋਂ ਬਚਾਇਆ। ਇਹੋ ਕਾਰਣ ਹੈ ਕਿ ਪੰਜਾਬ ਦੇ ਸਿੱਖ ਅਤੇ ਕਿਸਾਨ ਕਾਂਗਰਸ ਵਿੱਚ ਹੋਣ ਦੇ ਬਾਵਯੂਦ ਕੈਪਟਨ ਅਮਰਿੰਦਰ ਸਿੰਘ ਦਾ ਸਤਿਕਾਰ ਕਰਦੇ ਹਨ ਤੇ ਉਸ ਦੀ ਪਤਨੀ ਤਿੰਨ ਵਾਰ ਪਟਿਆਲਾ ਹਲਕੇ ਤੋਂ ਚੁਣੀ ਗਈ ਹੈ; ਤੇ ਇਸ ਸਮੇਂ ਉਹ ਅਕਾਲੀ ਦਲ ਲਈ ਅਜਿੱਤ ਬਣੀ ਹੋਈ ਹੈ। ਕੀ ਇਹੋ ਕਾਰਣ ਨਹੀਂ ਹੈ ਕਿ ਤੁਸੀਂ ਬਾਦਲ-ਭਾਜਪਾ ਨੂੰ ਲਾਭ ਪਹੁੰਚਾਉਣ ਲਈ ਭਾਜਪਾ ਦਾ ਤਾਂ ਕਦੀ ਨਾਂ ਵੀ ਨਹੀਂ ਲਿਆ ਪਰ ਹਮੇਸ਼ਾਂ ਕੈਪਟਨ ਵੱਲ ਹੀ ਨਿਸ਼ਾਨਾ ਸੇਧੀ ਰੱਖਦੇ ਹੋ ਤੇ ਉਸ ਦੀ ਪਤਨੀ ਨੂੰ ਹਰਾਉਣ ਲਈ ਅੰਮ੍ਰਿਤਸਰ ਹਲਕੇ ਦੀ ਬਜਾਏ ਪਟਿਆਲੇ ਦੀ ਚੋਣ ਕੀਤੀ ਹੈ। ਇਸ ਦਾ ਭਾਵ ਇਹ ਹੋਵੇਗਾ ਕਿ ਕਾਂਗਰਸ ਵਿੱਚ ਪੰਜਾਬ ਤੇ ਪੰਥ ਦੇ ਹੱਕ ਵਿੱਚ ਬੋਲਣ ਵਾਲੇ ਇੱਕੋ ਇੱਕ ਕੈਪਟਨ ਪ੍ਰਵਾਰ ਨੂੰ ਹਰਾ ਕੇ ਤੁਸੀਂ ਫਿਰਕੂ ਪਾਰਟੀ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਰਾਹ ਪੈਣ ਜਾ ਰਹੇ ਹੋ। ਕੀ ਤੁਸੀਂ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵੱਲੋਂ ਮਾਰੇ ਗਏ ਹਾਅ-ਦੇ-ਨਾਅਰੇ ਕਾਰਨ ਸਿੱਖਾਂ ਵੱਲੋਂ ਅੱਜ ਤੱਕ ਉਸ ਦਾ ਅਹਿਸਾਨ ਮੰਨੇ ਜਾਣ ਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈਣਾ ਚਾਹੁੰਦੇ! ਤੁਹਾਡਾ ਇਹ ਫੈਸਲਾ ਦੂਸਰੀਆਂ ਪਾਰਟੀਆਂ ਵਿੱਚ ਬੈਠੇ ਹਰ ਚੰਗੇ ਸਿੱਖ; ਜਿਹੜਾ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਕੋਈ ਗੱਲ ਕਰਨੀ ਚਾਹੇਗਾ; ਉਸ ਦਾ ਰਾਹ ਰੋਕਣ ਦਾ ਕਾਰਣ ਬਣੇਗਾ। ਤੁਹਾਡੇ ਲਈ ਹਾਲੀ ਸੋਚਣ ਦਾ ਸਮਾਂ ਹੈ ਕਿ ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ 2009 ਦੀਆਂ ਲੋਕ ਸਭਾ ਚੋਣਾਂ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾਉਣ ਦੀਆਂ ਅਪੀਲਾਂ ਕੀਤੀਆਂ ਸਨ ਉਨ੍ਹਾਂ ਦੇ ਅੱਠ ਮੈਂਬਰ ਲੋਕ ਸਭਾ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ। ਉਨ੍ਹਾਂ ਨੇ ਬੇਸ਼ੱਕ ਸਿਆਸੀ ਲਾਹਾ ਲੈਣ ਲਈ ਜ਼ਜ਼ਬਾਤੀ ਭਾਸ਼ਣ ਤਾਂ ਕਈ ਵਾਰ ਦਿੱਤੇ ਹਨ ਪਰ ਉਨ੍ਹਾਂ ਮੰਗਾਂ; ਜਿਨ੍ਹਾਂ ਲਈ ਉਹ ਕਦੀ ਧਰਮ ਯੁੱਧ ਮੋਰਚੇ ਲਾਉਂਦੇ ਰਹੇ ਸਨ, ਉਨ੍ਹਾਂ ਮੰਗਾਂ ਦੀ ਪੂਰਤੀ ਲਈ ਕਦੀ ਮੰਗ ਕੀਤੀ ਹੈ! ਜਾਂ ਕਦੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਹੈ?
(3) ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੇ ਹੋ ਉਸ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਭੈਣ ਨੂੰ ਟਿਕਟ ਦੇਣ ਜਾਂ ਚੋਣ ਮੈਦਾਨ ਵਿੱਚੋਂ ਹਟ ਕੇ ਪਾਰਟੀ ਵੱਲੋਂ ਅਜਾਦ ਉਮੀਦਵਾਰ ਦੇ ਤੌਰ ’ਤੇ ਸਮਰਥਨ ਦੇਣ ਦੀ ਬਜਾਏ ਐਲਾਣ ਕਰ ਦਿੱਤਾ ਹੈ ਕਿ “ਰਾਜੋਆਣਾ ਦੀ ਭੈਣ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀ ਪਏਗਾ। ਉਨ੍ਹਾਂ (ਬਾਦਲ ਦਲ) ਦਾ ਉਮੀਦਵਾਰ ਪਟਿਆਲਾ ਤੋਂ ਭਾਜਪਾ ਦੇ ਸਮਰਥਨ ਨਾਲ ਚੋਣ ਲੜੇਗਾ ਤੇ ਜਿੱਤ ਪ੍ਰਾਪਤ ਕਰੇਗਾ”। ਕੀ ਉਨ੍ਹਾਂ ਦੇ ਇਸ ਐਲਾਣ ਤੋਂ ਬਾਅਦ ਵੀ ਤੁਸੀਂ ਉਨ੍ਹਾਂ ਨੂੰ ਪੰਥਕ ਆਖ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੋਗੇ ਜਾਂ ਇਸ ਤੋਂ ਕੋਈ ਸਬਕ ਸਿੱਖਣ ਦੇ ਯਤਨ ਕਰਨ ਵੱਲ ਵਧਣ ਦੀ ਹਿੰਮਤ ਕਰੋਗੇ?
(4) ਇਨ੍ਹਾਂ ਹਾਲਤਾਂ ਵਿੱਚ ਆਪ ਜੀ ਨੂੰ ਸੁਹਿਰਦ ਸਲਾਹ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਫੈਸਲੇ ’ਤੇ ਮੁੜ ਵੀਚਾਰ ਕਰੋ। ਨਹੀਂ ਤਾਂ ਸ਼ੱਕ ਹੈ ਕਿ ਜਿਸ ਤਰ੍ਹਾਂ ਸ਼ਹੀਦ ਭਾਈ ਨਰਪਿੰਦਰ ਸਿੰਘ ਗੋਲਡੀ ਦੀ ਬਰਸੀ ਮੌਕੇ ੨੪ ਜੂਨ 2013 ਨੂੰ ਤੁਸੀਂ ਘੱਟ ਤੋਂ ਘੱਟ ਤਿੰਨ ਮੁੱਖ ਅਖ਼ਬਾਰ ਅਜੀਤ, ਸਪੋਕਸਮੈਨ, ਪਹਿਰੇਦਾਰ ਵਿੱਚ ਇਸ਼ਤਿਹਾਰ ਛਾਪ ਕੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਸੀ ਕਿ ੨੫ ਜੂਨ ਦਿਨ ਸੋਮਵਾਰ ਨੂੰ ਸਵੇਰੇ ੧੦ ਵਜੇ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਿੱਚ ਪਹੁੰਚਣ। ਤੁਹਾਡੀ ਉਹ ਬੇਨਤੀ ਤਕਰੀਬਨ ਸਾਰੀਆਂ ਧਿਰਾਂ ਵੱਲੋਂ ਅਣਗੌਲੀ ਕੀਤੀ ਗਈ ਸੀ ਤੇ ਤੁਹਾਡੇ ਚਹੇਤੇ ਧੁੰਮਾਂ ਤੇ ਜਥੇਦਾਰ ਅਕਾਲ ਤਖ਼ਤ ਸਮੇਤ ਕਿਸੇ ਨੇ ਵੀ ਉਥੇ ਪਹੁੰਚਣ ਦੀ ਖੇਚਲ ਨਹੀਂ ਸੀ ਕੀਤੀ। ਉਸੇ ਤਰ੍ਹਾਂ ਸੰਭਾਵਨਾ ਹੈ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਨੇ ਤੁਹਾਡੇ ਵੱਲੋਂ ਐਲਾਣੇ ਉਮੀਦਵਾਰ (ਤੁਹਾਡੀ ਭੈਣ ਬੀਬੀ ਕਮਲਜੀਤ ਕੌਰ) ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦੇਣਾਂ ਹੈ। ਜਿੰਨੀਆਂ ਕੁ ਵੋਟਾਂ ਉਹ ਪ੍ਰਾਪਤ ਕਰੇਗੀ ਉਸ ਦਾ ਸਿੱਧੇ ਤੌਰ ’ਤੇ ਲਾਭ ਬਾਦਲ ਦਲ ਦੇ ਉਮੀਦਵਾਰ ਨੂੰ ਪਹੁੰਚੇਗਾ। ਇਸ ਦਾ ਭਾਵ ਇਹ ਨਿਕਲੇਗਾ ਕਿ ਜਿੰਦਾ ਸ਼ਹੀਦ ਦੇ ਸੱਦੇ ਨੂੰ ਕੌਮ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ਜਿਹੜਾ ਕਿ ਤੁਹਾਡੇ ਮਾਨ ਸਨਮਾਨ ਨੂੰ ਸੱਟ ਮਾਰੇਗਾ। ਮੈਂ ਸਮਝਦਾ ਹਾਂ ਕਿ ਇਸ ਦਾ ਮੁੱਖ ਕਾਰਣ ਇਹ ਹੋਵੇਗਾ ਕਿ ਆਮ ਸਿੱਖ ਇਹ ਸਮਝਣ ਲੱਗ ਪਏ ਹਨ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਮੋਹਰੇ ਬਣ ਚੁੱਕੇ ਹੋ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਿੱਖਾਂ ਵਿੱਚ ਫੈਲ ਰਹੀ ਇਸ ਸ਼ੰਕਾ ਨੂੰ ਦੂਰ ਕਰਨ ਲਈ ਆਪਸੀ ਵਿਵਾਦ ਵਿੱਚੋਂ ਨਿਕਲ ਕੇ ਕੌਮੀ ਹਿੱਤਾਂ ਵਿੱਚ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਜਾਵੇ ਜੀ।

(ਚੈਨ ਸਿੰਘ ਟਰਾਂਟੋ)
ਮੋਬ:  +14166066441 

No comments: