ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸੱਤਾਧਾਰੀ ਸਪਾ ਦੇ ਦੇ ਸੂਬਾਈ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਉਤਰਾਖੰਡ ਆਫਤ ਪੀੜਤਾਂ ਲਈ ਆਪਣੇ-ਆਪਣੇ ਫੰਡ 'ਚੋਂ 10-10 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਉਤਰਾਖੰਡ ਆਫਤ ਰਾਹਤ ਲਈ ਸਪਾ ਦੇ ਸਾਰੇ ਵਿਧਾਇਕਾਂ ਨੂੰ ਆਪਣੇ-ਆਪਣੇ ਖੇਤਰ ਦੇ ਵਿਕਾਸ ਫੰਡ 'ਚੋਂ 10-10 ਲੱਖ ਰੁਪਏ ਦੇਣ ਨੂੰ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਵਲੋਂ 50-50 ਹਜ਼ਾਰ ਰੁਪਏ ਅਤੇ ਮੰਤਰੀਆਂ ਤੋਂ 1-1- ਲੱਖ ਰੁਪਏ ਦੀ ਸਹਾਇਤਾ ਦੇਣ ਨੂੰ ਵੀ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਉਤਰਾਖੰਡ ਨੂੰ ਪਹਿਲਾਂ 25 ਕਰੋੜ ਰੁਪਏ ਅਤੇ ਦੋ ਦਿਨ ਪਹਿਲਾਂ ਪੈਂਸ਼ਨ ਬਟਵਾਰੇ ਦੇ 350 ਕਰੋੜ ਰੁਪਏ ਦੇ ਚੁੱਕੀ ਹੈ। ਅਖਿਲੇਸ਼ ਨੇ ਉਤਰਾਖੰਡ 'ਚ ਰਾਹਤ ਅਤੇ ਬਚਾਅ ਕਾਰਜਾਂ 'ਚ ਜੁਟੇ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੇ ਕੰਮ ਨਾਲ ਉਨ੍ਹਾਂ ਨੇ ਦਿਲਾਂ 'ਚ ਆਪਣੇ ਪ੍ਰਤੀ ਸਨਮਾਨ ਨੂੰ ਹੋਰ ਵਧਾ ਲਿਆ ਹੈ।  ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਜੋ ਡਾਕਟਰ ਰਾਹਤ ਕਾਰਜਾਂ 'ਚ ਮਦਦ ਲਈ ਉਤਰਾਖੰਡ ਜਾਣਾ ਚਾਹੁਣਗੇ ਉਨ੍ਹਾਂ ਨੂੰ ਜ਼ਰੂਰ ਭੇਜਿਆ ਜਾਏਗਾ। ਜੇਕਰ ਉਥੋਂ ਦੀ ਸਰਕਾਰ ਇਸ ਦੀ ਮੰਗ ਕਰਦੀ ਹੈ ਤਾਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਾਂਗੇ।