ਅੰਮ੍ਰਿਤਸਰ (ਦਲਜੀਤ)-ਉੱਤਰਾਖੰਡ 'ਚ ਡੀ. ਜੀ. ਐੱਸ. ਈ. ਪੰਜਾਬ ਕਾਹਨ ਸਿੰਘ ਪਨੂੰ ਨਾਲ ਹੋਈ ਮਾਰਕੁੱਟ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਨੂੰ ਨੇ ਆਪਣਾ ਪੱਖ ਰੱਖਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਤੇ ਸਿੱਖ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ, ਉਹ ਕਦੇ ਵੀ ਧਰਮ ਬਾਰੇ ਮਾੜਾ ਨਹੀਂ ਬੋਲ ਸਕਦੇ। 'ਜਗ ਬਾਣੀ' ਨਾਲ ਉੱਤਰਾਖੰਡ ਤੋਂ ਫੋਨ ਰਾਹੀਂ ਗੱਲਬਾਤ ਕਰਦਿਆਂ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਐਤਵਾਰ ਦੁਪਹਿਰ ਸਮੇਂ ਸਾਰਾ ਘਟਨਾਕ੍ਰਮ ਵਾਪਰਿਆ ਹੈ। ਗੋਬਿੰਦ ਘਾਟ 'ਚ 450 ਯਾਤਰੀ ਫਸੇ ਹੋਏ ਸਨ। ਅਗਲੇ ਦਿਨ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮੌਸਮ ਖਰਾਬ ਹੋ ਜਾਣਾ ਸੀ।
ਸਰਕਾਰ ਦੇ ਨਿਰਦੇਸ਼ ਸਨ ਕਿ ਹੈਲੀਕਾਪਟਰ 'ਚ ਪਹਿਲਾਂ ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਬਿਮਾਰਾਂ ਨੂੰ ਭੇਜਿਆ ਜਾਵੇ। ਇਸ ਦੌਰਾਨ ਉਥੇ ਟੈਕਸੀ ਚਾਲਕ ਵੀ ਮੌਜੂਦ ਸਨ। ਉਹ ਟੈਕਸੀ ਚਾਲਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਪਨੂੰ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਥੇ 50 ਲੋਕਾਂ ਦਾ ਗਰੁੱਪ ਵੀ ਮੌਜੂਦ ਸੀ, ਜਦੋਂ ਉਹ ਉਥੇ ਮੌਜੂਦ ਲੋਕਾਂ ਦਾ ਹਾਲ-ਚਾਲ ਪੁੱਛਣ ਲੱਗੇ ਤਾਂ ਉਨ੍ਹਾਂ ਵਿਚੋਂ ਕਈਆਂ ਨੇ ਗਲਤ ਦੋਸ਼ ਲਾਉਂਦਿਆਂ ਇਹ ਕਹਿ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਸਿੱਖ ਧਰਮ ਖਿਲਾਫ ਟਿੱਪਣੀ ਕੀਤੀ ਹੈ। ਇਸ ਉਪਰੰਤ ਭੀੜ ਨੇ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਦੀ ਪਗੜੀ ਉਤਾਰ ਦਿੱਤੀ। ਇਸ ਸੰਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਹੈ। ਪਨੂੰ ਨੇ ਦੱਸਿਆ ਕਿ ਗੋਬਿੰਦਘਾਟ ਤੋਂ ਸਾਰੇ ਯਾਤਰੂਆਂ ਨੂੰ ਕੱਢ ਲਿਆਂਦਾ ਹੈ ਤੇ ਇਸ ਸਮੇਂ ਜੋਸ਼ੀ ਮੱਠ 'ਚ ਹਨ। ਉਨ੍ਹਾਂ ਦੱਸਿਆ ਕਿ ਬਦਰੀਨਾਥ ਤੋਂ ਵੀ ਆਏ 450 ਯਾਤਰੂਆਂ ਨੂੰ ਪੰਜਾਬ ਲਈ ਰਵਾਨਾ ਕਰ ਦਿੱਤਾ ਗਿਆ ਹੈ।