jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 22 June 2013

ਸਰਕਾਰ ਨੇ ਹੱਕ ਦੱਬਿਆ, ਜਸਵਿੰਦਰ ਨੇ ‘ਅੱਕ’ ਚੱਬਿਆ

www.sabblok.blogspot.com

 ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਜੂਨ
ਨੌਜਵਾਨ ਫਾਰਮਾਸਿਸਟ ਜਸਵਿੰਦਰ ਸਿੰਘ ਆਖਰ ਪੰਜਾਬ ਸਰਕਾਰ ਦੀ ਜ਼ਿੱਦ ਅੱਗੇ ਹਾਰ ਗਿਆ ਹੈ। ਸੱਤ ਹਜ਼ਾਰ ਦੀ ਨੌਕਰੀ ਤੋਂ ਉਸ ਨੂੰ ਮੌਤ ਚੰਗੀ ਲੱਗੀ। ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਸੱਤ ਹਜ਼ਾਰ ਦੀ ਨੌਕਰੀ ਲਈ ਆਪਣੇ ਪਿੰਡ ਨੇਹੀਆਂ ਵਾਲਾ ਤੋਂ ਰੋਜ਼ਾਨਾ 70 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਸੀ। ਉਹ 3 ਜੂਨ ਤੋਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿੱਚ ਆਪਣੇ ਸਾਥੀ ਫਾਰਮਾਸਿਸਟਾਂ ਨਾਲ ਸੰਘਰਸ਼ ਵਿੱਚ ਸ਼ਾਮਲ ਸੀ। ਉਹ ਕਈ ਦਿਨਾਂ ਤੋਂ ਸਰਕਾਰੀ ਵਤੀਰੇ ਨੂੰ ਨੇੜਿਓਂ ਵੇਖ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵ) ਦੇ ਦਫ਼ਤਰ ਨੇੜਿਓਂ ਉਠਾ ਦਿੱਤਾ ਗਿਆ ਸੀ। ਨਤੀਜੇ ਵਜੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਪਿਛਲੇ ਪਾਸੇ ਧਰਨਾ ਲਾਉਣਾ ਪਿਆ।
ਪਿੰਡ ਸਿੰਗੋ ਦੀ ਵੈਟਰਨਰੀ ਡਿਸਪੈਂਸਰੀ ’ਚ ਤਾਇਨਾਤ ਜਸਵਿੰਦਰ ਸਿੰਘ ਦੀ ਅੱਜ ਡਿਸਪੈਂਸਰੀ ਦੇ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ। ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਲਿਖਿਆ ਹੈ,‘ਸੱਤ ਹਜ਼ਾਰ ਦੀ ਨੌਕਰੀ ਨਾਲੋਂ ਮੌਤ ਚੰਗੀ।’ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ 17 ਦਿਨਾਂ ਦੇ ਸੰਘਰਸ਼ ਨੂੰ ਟਿੱਚ ਕਰਕੇ ਜਾਣਿਆ ਹੈ। ਪੰਜਾਬ ਸਰਕਾਰ ਦੀ ਠੇਕਾ ਪ੍ਰਣਾਲੀ ਨੇ ਪੰਜਾਬ ਵਿੱਚ ਪਹਿਲੀ ਜਾਨ ਲਈ ਹੈ ਅਤੇ ਇਸ ਪ੍ਰਣਾਲੀ ਦੇ ਸਤਾਏ ਜੋ ਜੇਲ੍ਹਾਂ ਅਤੇ ਥਾਣਿਆਂ ਵਿੱਚ ਰੁਲੇ ਹਨ,ਉਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਹੈ। ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਇਹ ਫਾਰਮਾਸਿਸਟ ਸੱਤ ਵਰ੍ਹਿਆਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਸਿਰਫ 7 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਦੀ ਇਸ ਠੇਕਾ ਪ੍ਰਣਾਲੀ ਨੇ ਮਾਪਿਆਂ ਕੋਲੋਂ ਇਕਲੌਤਾ ਪੁੱਤ ਖੋਹ ਲਿਆ ਹੈ। ਜਸਵਿੰਦਰ ਸਿੰਘ ਦਾ 9 ਵਰ੍ਹਿਆਂ ਦਾ ਲੜਕਾ ਇਕਬਾਲ ਅੱਜ ਸੁੰਨ ਸੀ ਅਤੇ ਅੱਜ ਉਸ ਨੂੰ ਛੋੋਟੀ ਉਮਰੇ ਹੀ ਸਰਕਾਰ ਦੇ ਮਾਹਣੇ ਸਮਝ ਆ ਗਏ ਹਨ। ਉਸ ਦੀ 13 ਵਰ੍ਹਿਆਂ ਦੀ ਧੀ ਅਰਸ਼ਨੂਰ ਸਦਾ ਲਈ ਪਿਓ ਦੀ ਛਾਂ ਤੋਂ ਵਿਰਵੀ ਹੋ ਗਈ ਹੈ। ਇਸ ਬੱਚੀ ਨੇ ਅੱਜ ਮ੍ਰਿਤਕ ਬਾਪ ਦੇ ਉਨ੍ਹਾਂ ਹੱਥਾਂ ਵੱਲ ਵਾਰ ਵਾਰ ਤੱਕਿਆ ਜਿਨ੍ਹਾਂ ਨੇ ਉਸ ਨੂੰ ਖਿਡਾਇਆ ਅਤੇ ਡੋਲੀ ਤੁਰਨ ਵੇਲੇ ਉਸ ਨੂੰ ਕਲਾਵੇ ਵਿੱਚ ਲੈਣਾ ਸੀ। ਜਸਵਿੰਦਰ ਸਿੰਘ ਦੀ ਪਤਨੀ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ। ਉਸ ਦੀ ਮਾਂ ਕੁਲਬੀਰ ਕੌਰ ਨੂੰ ਹੁਣ ਉਮਰ ਭਰ ਜਸਵਿੰਦਰ ਦੇ ਝਾਉਲੇ ਪੈਂਦੇ ਰਹਿਣਗੇ। ਸਰਕਾਰੀ ਨੀਤੀਆਂ ਨੇ ਇਸ ਮਾਂ ਦਾ ਪੁੱਤ ਨਾਲੋਂ ਵਿਛੋੜਾ ਪਾ ਦਿੱਤਾ ਹੈ। ਵੱਡਾ ਜਿਗਰਾ ਕਰਕੇ ਬਾਪ ਬਲਵੀਰ ਸਿੰਘ ਨੇ ਜਵਾਨ ਪੁੱਤ ਦੀ ਦੇਹ ਨੂੰ ਅਗਨ ਦਿਖਾਈ। ਅੱਜ ਜਦੋਂ ਜਸਵਿੰਦਰ ਸਿੰਘ ਦਾ ਸਿਵਾ ਬਲਿਆ ਤਾਂ ਉਸ ਦੇ ਦੋਸਤ ਫਾਰਮਾਸਿਸਟ ਵੀ ਅੱਥਰੂ ਨਾ ਰੋਕ ਸਕੇ। ਮ੍ਰਿਤਕ ਦੇ ਮਾਸੀ ਦੇ ਲੜਕੇ ਇੰਦਰਜੀਤ ਸਿੰਘ ਪੂਹਲਾ ਨੇ ਦੱਸਿਆ ਕਿ ਕੱਲ੍ਹ ਜਸਵਿੰਦਰ ਘਰੋਂ ਇਹ ਆਖ ਕੇ ਤੁਰਿਆ ਸੀ ਕਿ ਉਹ ਸੰਘਰਸ਼ ਵਿੱਚ ਚੱਲਿਆ ਹੈ। ਜਦੋਂ ਪਰਿਵਾਰ ਵਾਲਿਆਂ ਨੇ ਦੁਪਹਿਰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ ਪਰ ਹੁਣ ਮਾਪਿਆਂ ਅਤੇ ਬੱਚਿਆਂ ਲਈ ਇਹ ਫੋਨ ਸਦਾ ਲਈ ਬੰਦ ਹੋ ਗਿਆ ਹੈ। ਜਸਵਿੰਦਰ ਦਾ ਸਿਵਾ ਬਲਦਾ ਵੇਖ ਕੇ ਪਿੰਡ ਦੇ ਬਜ਼ੁਰਗ ਸੋਚਾਂ ਵਿੱਚ ਡੁੱਬੇ ਸਨ ਕਿ ਆਖਰ ਕਦੋਂ ਤੱਕ ਸਰਕਾਰ ਜਵਾਨਾਂ ਦੇ ਏਦਾ ਸਿਵੇ ਬਾਲੇਗੀ।
ਤਾਂ ਜੋ ਮੁੜ ਕਦੇ ਸਿਵਾ ਨਾ ਬਲੇ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾਈ ਪ੍ਰਧਾਨ ਪਾਵੇਲ ਕੁੱਸਾ ਨੇ ਕਿਹਾ ਕਿ ਹੌਸਲਾ ਅਤੇ ਸਿਦਕ ਰੱਖਣ ਦੀ ਲੋੜ ਹੈ ਤਾਂ ਜੋ ਸਰਕਾਰੀ ਹੱਲਿਆਂ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਏਦਾ ਦਾ ਸੰਘਰਸ਼ ਵਿੱਢੀਏ ਕਿ ਸਰਕਾਰਾਂ ਦਾ ਚੈਨ ਉੱਡ ਜਾਵੇ ਅਤੇ ਮੁੜ ਕਦੇ ਕਿਸੇ ਜਸਵਿੰਦਰ ਦਾ ਸਿਵਾ ਨਾ ਬਲੇ।

No comments: