ਜਲੰਧਰ,  (ਜੁਗਿੰਦਰ ਸੰਧੂ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਵਲੇ ਜਨਮ ਨਾਲ ਸੰਬੰਧਤ ਤਪੋ ਭੂਮੀ ਸ੍ਰੀ ਹੇਮਕੁੰਟ ਸਾਹਿਬ ਦੀ ਇਸ ਸਾਲ ਦੀ ਯਾਤਰਾ ਪੱਕੇ ਤੌਰ 'ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਗੁਰਦੁਆਰਾ ਸਾਹਿਬ ਦੇ ਕਿਵਾੜ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਰ ਰਿਸ਼ੀਕੇਸ਼ ਦੇ ਮੈਨੇਜਰ ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਾਰ ਹੋਈ ਭਿਆਨਕ ਬਰਸਾਤ ਅਤੇ ਭਿਆਨਕ ਹੜ੍ਹਾਂ ਕਾਰਨ ਗੋਵਿੰਦਘਾਟ ਤੋਂ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਤੱਕ ਪੂਰਾ ਰਸਤਾ ਬਰਬਾਦ ਹੋ ਗਿਆ ਹੈ ਅਤੇ ਰਸਤੇ ਦੇ ਕਈ ਪੋਲ ਢਹਿ-ਢੇਰੀ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿਚ ਇਸ ਰਸਤੇ ਦੇ ਠੀਕ ਹੋਣ ਦੀ ਕੋਈ ਸੰਭਵਨਾ ਨਹੀਂ। ਇਸ ਕਾਰਨ ਯਾਤਰਾ ਨੂੰ ਇਸ ਸਾਲ ਬਾਕੀ ਦੇ ਸਮੇਂ ਲਈ ਬੰਦ ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵਲੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਸੇਵਾਦਾਰਾਂ ਨੂੰ ਵਾਪਸ ਗੁਰਦੁਆਰਾ ਗੋਬਿੰਦ ਧਾਮ ਆਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਗੁਰਦੁਆਰੇ ਨੂੰ ਬਕਾਇਦਾ ਤੌਰ 'ਤੇ ਸੀਲ ਕਰ ਦਿੱਤਾ ਜਾਏਗਾ।
ਜ਼ਿਕਰਯੋਗ ਹੈ ਕਿ ਇਸ ਸਾਲ ਇਸ ਯਾਤਰਾ ਦੀ ਦੋ ਹਫਤੇ ਮਿਆਦ ਵਧਾਈ ਗਈ ਸੀ ਜਿਸ ਅਨੁਸਾਰ ਯਾਤਰਾ 25 ਮਈ ਨੂੰ ਸ਼ੁਰੂ ਹੋਈ ਅਤੇ ਇਸ ਨੇ 10 ਅਕਤੂਬਰ ਨੂੰ ਬੰਦ ਹੋਣਾ ਸੀ ਜਦੋਂਕਿ ਮੌਸਮ ਦੀ ਖਰਾਬੀ ਅਤੇ ਰਸਤਿਆਂ ਦਾ ਨੁਕਸਾਨ ਹੋਣ ਕਾਰਨ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ।