ਖਮਾਣੋਂ (ਥਿੰਦ)-ਹੜ੍ਹਾਂ ਦੀ ਕਰੋਪੀ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਉਤਰਾਖੰਡ ਗਏ ਆਈ. ਏੇ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂੰ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ 'ਤੇ ਹੋਇਆ ਹਮਲਾ ਵਿਰੋਧੀ ਸਿੱਖੀ ਦੇ ਭੇਸ ਵਿਚ ਲਿਪਟੇ ਲੋਕਾਂ ਦੀ ਗਹਿਰੀ ਸਾਜ਼ਿਸ਼ ਸੀ। ਵੀਡੀਓ ਕਲਿੱਪ 'ਤੇ ਮੇਰੀ ਦਿਸ ਰਹੀ ਪਿੱਠ ਦਾ ਮਤਲਬ ਹਮਲਾਵਰ ਮੇਰੇ ਪਿੱਛੇ ਲੱਗੇ ਸਨ ਤੇ ਅੱਗੇ ਖੜ੍ਹੇ 40-50 ਲੋਕ ਇਸੇ ਲੜੀ ਦਾ ਇਕ ਹਿੱਸਾ ਸਨ। ਮੈਂ ਲੋਕਾਂ ਦਾ ਹਾਲ-ਚਾਲ ਪੁਛਦਾ ਹੋਇਆ ਜਦੋਂ  ਉਨ੍ਹਾਂ ਕੋਲ ਆਇਆ ਤਾਂ ਪੁੱਛਣ 'ਤੇ ਉਨ੍ਹਾਂ ਮੈਨੂੰ ਪੁੱਛਿਆ ਕਿ 'ਤੁਸੀਂ ਪੰਨੂੰ ਹੋ', ਮੈਂ 'ਹਾਂ' ਵਿਚ ਸਿਰ ਹਿਲਾਇਆ ਤੇ ਉਨ੍ਹਾਂ ਸਾਰਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਮੇਰਾ ਗੁਰੂਆਂ ਨੂੰ ਅਪਸ਼ਬਦ ਬੋਲਣ 'ਤੇ ਖਿੱਚਧੂਹ ਕਰਨ ਨੂੰ ਸਹੀ ਠਹਿਰਾਉਣਾ ਤੇ ਖਿੱਚਧੂਹ ਕਰਨਾ ਕੋਰਾ ਝੂਠ ਹੈ, ਮੈਂ ਸਿੱਖ ਪਰਿਵਾਰ ਵਿਚ ਜੰਮਿਆ ਹਾਂ ਤੇ ਗੁਰੂਆਂ ਦੀ ਬਾਣੀ 'ਤੇ ਪੂਰਾ ਵਿਸ਼ਵਾਸ ਰਖਦਾ ਹਾਂ। ਇਸ ਪਿੱਛੇ  ਕੋਈ ਗਹਿਰੀ ਸਾਜ਼ਿਸ਼ ਹੈ ਤੇ ਕਿਤਾਬ ਘਪਲੇ ਦੀਆਂ ਉੱਧੜੀਆਂ ਪਰਤਾਂ ਦਾ ਕਿਤੇ ਇਸ ਨਾਲ ਸਬੰਧ ਤਾਂ ਨਹੀਂ ? ਤਾਂ ਉਨ੍ਹਾਂ ਕਿਹਾ ਕਿ ਹਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਮੈਂ ਸਾਹਮਣੇ ਆਉਣ 'ਤੇ ਪਛਾਣ ਸਕਦਾ ਹਾਂ। ਮੇਰੀ ਵੀਡੀਓ ਬਣਾਉਣ ਵਾਲਾ ਹਮਲਾਵਰਾਂ ਦੇ ਜਾਣ ਤੋਂ ਬਾਅਦ ਵੀ ਮੇਰੀ ਵੀਡੀਓ ਬਣਾਉਂਦਾ ਰਿਹਾ ਤਾਂ ਕਿ ਮਾਮਲੇ ਨੂੰ ਧਾਰਮਿਕ ਰੰਗਤ ਦਿੱਤੀ ਜਾ ਸਕੇ। ਤੁਹਾਡੇ ਸੁਰੱਖਿਆ ਗਾਰਡ ਕਿੱਥੇ ਸਨ? ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਸੁਰੱਖਿਆ ਲਈ ਗਾਰਡਾਂ ਨੂੰ ਨਾਲ ਨਹੀਂ ਲਿਜਾਂਦਾ, ਵਰਦੀ ਵਿਚ ਪੁਲਸ ਮੁਲਾਜ਼ਮ ਟੀਮ ਨਾਲ ਆਏ ਇਕ ਆਈ. ਜੀ. ਦੇ ਬੰਦੇ ਸਨ ਜਿਨ੍ਹਾਂ ਮੈਨੂੰ ਬਚਾਉਣ ਲਈ ਕੋਈ ਵੀ ਦਖਲਅੰਦਾਜ਼ੀ ਨਹੀਂ ਕੀਤੀ। ਘਟਨਾ ਤੋਂ ਬਾਅਦ ਮੈਂ ਆਈ. ਜੀ. ਪੀ. ਸਾਈਬਰ ਕ੍ਰਾਈਮ ਨੂੰ ਇਸ ਦੀ ਰਿਪੋਰਟ ਦਿੱਤੀ।  ਮੁੱਖ ਮੰਤਰੀ ਵਲੋਂ ਕੀਤੇ ਯਤਨਾਂ 'ਤੇ ਪੁੱਛਣ 'ਤੇ ਕਿਹਾ ਕਿ ਮੈਂ ਸਰਕਾਰ ਦਾ ਇਕ ਆਗਿਆਕਾਰ ਅਧਿਕਾਰੀ ਹਾਂ ਤੇ ਮੁੱਖ ਮੰਤਰੀ ਵਲੋਂ ਇਸ ਸਬੰਧੀ ਗਠਿਤ ਕੀਤੀ ਟੀਮ 'ਤੇ ਮੈਨੂੰ ਪੂਰਨ ਭਰੋਸਾ ਹੈ ਤੇ ਇਨਸਾਫ ਮਿਲੇਗਾ।  ਪਤਾ ਲੱਗਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਹਮਲਾਵਰਾਂ 'ਤੇ ਯੂ-ਟਿਊਬ ਤੇ ਵੀਡੀਓ ਕਲਿੱਪ ਪਾਉਣ ਵਾਲੇ ਲੋਕਾਂ ਦਾ ਸੁਰਾਗ ਲਾ ਲਿਆ ਹੈ ਜੋ ਕਿ ਪੰਜਾਬ ਦੇ ਬਠਿੰਡਾ, ਲੁਧਿਆਣਾ ਤੇ ਇਸ ਵਿਚ ਸ਼ਾਮਲ ਕੁਝ ਮਾਸਟਰਾਂ ਨੂੰ ਵੀ ਸ਼ਨਾਖਤ ਕਰ ਲੈਣ ਦਾ ਦਾਅਵਾ ਕੀਤਾ ਹੈ ਜੋ ਕਿ ਸੱਤਾ ਧਿਰ ਦੇ ਬੰਦੇ ਦੱਸੇ ਜਾਂਦੇ ਹਨ ਜਿਹੜੇ ਕਿਤਾਬ ਘਪਲੇ ਤੋਂ ਬਾਅਦ ਸੱਤਾ ਧਿਰ ਦੇ ਹੱਥਠੋਕਾ ਕਥਿਤ ਬਣੇ ਤੇ ਜੁਰਅਤ ਨਾਲ ਕੰਮ ਕਰਨ ਵਾਲੇ ਅਧਿਕਾਰੀ ਨੂੰ ਬਦਨਾਮ ਕਰਨ ਲਈ ਇਸ ਕਦਰ ਰਸਾਤਲ 'ਤੇ ਆ ਗਏ ਕਿ ਮੁਸੀਬਤ ਵਿਚ ਫਸੇ ਲੋਕਾਂ ਦੀ ਜਾਨ-ਮਾਲ ਦੀ ਸਲਾਮਤੀ ਲਈ ਗਏ ਅਧਿਕਾਰੀ 'ਤੇ ਆਪਣੇ ਆਕਾਵਾਂ ਦੇ ਸਿਰ 'ਤੇ ਕਿੜ ਕੱਢਣੋਂ ਬਾਜ਼ ਨਹੀਂ ਆਏ।