www.sabblok.blogspot.com
ਚੰਡੀਗੜ੍ਹ,
(ਭੁੱਲਰ)- ਪੰਜਾਬ ਸਰਕਾਰ ਅਤੇ ਐੱਸ. ਜੀ. ਪੀ. ਸੀ. ਵਲੋਂ ਉਤਰਾਖੰਡ 'ਚ ਸਿੱਖ
ਸ਼ਰਧਾਲੂਆਂ ਦੇ ਲਈ ਚਲਾਏ ਜਾਣ ਵਾਲੇ ਰਾਹਤ ਆਪ੍ਰੇਸ਼ਨ ਦੀ ਅਸਲੀਅਤ ਅੱਜ ਦੇਰ ਰਾਤ ਉਸ ਵੇਲੇ
ਬੇਨਕਾਬ ਹੋ ਗਈ ਜਦੋਂ ਗੁਰਦੁਆਰਾ ਗੋਬਿੰਦਧਾਮ ਦੇ ਪ੍ਰਬੰਧਕ ਉਥੇ ਫਸੇ 1500 ਯਾਤਰੀਆਂ
ਨੂੰ ਰਾਮ ਭਰੋਸੇ ਛੱਡ ਕੇ ਸਰਕਾਰੀ ਹੈਲੀਕਾਪਟਰ ਰਾਹੀਂ ਨੱਠ ਗਏ। ਪ੍ਰਾਪਤ ਜਾਣਕਾਰੀ
ਅਨੁਸਾਰ ਇਸ ਸਥਾਨ 'ਤੇ ਫਸੇ ਸ਼ਰਧਾਲੂਆਂ 'ਚ ਰਾਜਪੁਰਾ, ਪਟਿਆਲਾ, ਜਲੰਧਰ, ਲੁਧਿਆਣਾ,
ਬਠਿੰਡਾ ਅਤੇ ਦਿੱਲੀ ਤੱਕ ਦੇ ਲੋਕ ਸ਼ਾਮਲ ਹਨ। ਜਿਨ੍ਹਾਂ 'ਚ ਬੱਚੇ, ਮਹਿਲਾਵਾਂ ਅਤੇ
ਬਜ਼ੁਰਗ ਵੀ ਸ਼ਾਮਲ ਹਨ। ਰਾਜਪੁਰਾ ਦੇ ਗੁਰਸੇਵਕ ਸਿੰਘ ਰਮਨਦੀਪ ਸਿੰਘ ਨੇ ਫੋਨ 'ਤੇ ਸਾਰੀ
ਜਾਣਕਾਰੀ ਦਿੰਦੇ ਦੱਸਿਆ ਗੁਰਦੁਆਰਾ ਪ੍ਰਬੰਧਕਾਂ ਦਾ ਰਵੱਈਆ ਇੰਨਾ ਗੈਰ ਮਨੁੱਖੀ ਸਾਬਤ
ਹੋਇਆ ਕਿ ਉਹ ਗੁਰਦੁਆਰਾ ਗੋਬਿੰਦਧਾਮ ਦੇ ਲੰਗਰ ਸਹਿਤ ਸਾਰੀ ਇਮਾਰਤ ਨੂੰ ਤਾਲੇ ਲਾ ਗਏ।
ਜਿਸ ਕਾਰਨ ਉਥੇ ਸੈਂਕੜੇ ਸ਼ਰਧਾਲੂ ਇਕ ਟੁੱਟੇ ਪੁਲ ਦੇ ਸਹਾਰੇ ਰਸਤਾ ਲੱਭਦੇ-ਲੱਭਦੇ ਜੰਗਲ
'ਚ ਫਸੇ ਹੋਏ ਹਨ। ਜਿਥੇ ਪਾਣੀ ਤੱਕ ਵੀ ਨਹੀਂ। ਉਨ੍ਹਾਂ ਦੱਸਿਆ ਕਿ ਗੋਬਿੰਦਧਾਮ ਹੀ
ਅਜਿਹਾ ਸਥਾਨ ਸੀ ਜਿਹੜਾ ਚੱਟਾਨਾਂ ਖਿਸਕਣ ਦੀ ਮਾਰ ਤੋਂ ਬਚਿਆ ਹੈ। ਜਿਥੇ ਚੱਲ ਰਹੇ ਲੰਗਰ
ਦੇ ਸਹਾਰੇ ਯਾਤਰੀ ਕੁੱਝ ਰਾਹਤ ਮਹਿਸੂਸ ਕਰ ਰਹੇ ਸੀ। ਯਾਤਰੀਆਂ ਨੇ ਇਸ ਗੱਲ 'ਤੇ ਵੀ
ਰੋਸ ਜਤਾਇਆ ਕਿ ਪੰਜਾਬ ਸਰਕਾਰ ਹੈਲੀਕਾਪਟਰ ਅਤੇ ਐੱਸ. ਜੀ. ਪੀ. ਸੀ. ਦੇ ਰਾਹੀਂ ਲੰਗਰ
ਭੇਜਣ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਨੂੰ ਹੁਣ ਤੱਕ ਕੁਝ ਵੀ ਨਹੀਂ ਮਿਲਿਆ ਅਤੇ ਜੋ
ਹੈਲੀਕਾਪਟਰ ਆਇਆ ਉਸਨੇ ਵੀ ਸਿਰਫ ਗੁਰਦੁਆਰਾ ਪ੍ਰਬੰਧਕਾਂ ਨੂੰ ਬਚਾਉਣ ਦਾ ਕੰਮ ਕੀਤਾ ਹੈ।
ਦੱਸਿਆ ਗਿਆ ਕਿ ਦਿਨ 'ਚ ਸਿਰਫ ਹੈਲੀਕਾਪਟਰ ਤੋਂ ਬਿਸਕੁਟਾਂ ਦੇ ਕੁੱਝ ਪੈਕੇਟ ਸੁੱਟੇ ਗਏ
ਅਤੇ ਸ਼ਰਧਾਲੂਆਂ ਨੂੰ ਇਕ-ਇਕ ਪੈਕੇਟ ਵੀ ਨਹੀਂ ਆਇਆ। ਇਹ ਵੀ ਨਹੀਂ ਪਤਾ ਕਿ ਭੇਜਿਆ ਗਿਆ
ਹੈਲੀਕਾਪਟਰ ਪੰਜਾਬ ਸਰਕਾਰ ਦਾ ਸੀ ਜਾਂ ਸੈਨਾ ਦਾ। ਮੁਸਾਫਰਾਂ ਨੇ ਇਹ ਦੋਸ਼ ਲਾਇਆ ਕਿ
ਪੰਜਾਬ ਸਰਕਾਰ ਵਲੋਂ ਭੇਜੇ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਗੋਬਿੰਦਧਾਮ 2
ਦਿਨ ਬੈਠੇ ਰਹੇ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਕੱਲੇ-ਇਕੱਲੇ ਮੁਸਾਫਰ ਨੂੰ
ਕੱਢ ਕੇ ਜਾਣਗੇ ਪਰ ਪਤਾ ਨਹੀਂ ਚੱਲਿਆ ਕਿ ਉਹ ਕਦੋਂ ਛੂ ਮੰਤਰ ਹੋ ਗਏ। ਮੁਸਾਫਰਾਂ ਨੇ ਇਹ
ਵੀ ਦੱਸਿਆ ਕਿ ਅੱਜ ਸੈਨਾ ਦੇ ਕੁੱਝ ਅਧਿਕਾਰੀ ਆਏ ਸਨ ਜਿਨ੍ਹਾਂ ਚੌਕਸ ਕੀਤਾ ਕਿ ਮੌਸਮ
ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਵੱਡੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ ਅਤੇ ਆਪਣਾ ਕਿਸੇ
ਤਰ੍ਹਾਂ ਬਚਾਓ ਕਰਨ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੈਨਾ ਦੇ ਅਧਿਕਾਰੀਆਂ
ਨੇ ਉਨ੍ਹਾਂ ਨੂੰ ਕਿਹਾ ਅਸੀਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਢ ਲੈਂਦੇ ਹਾਂ ਪਰ ਨੌਜਵਾਨ
ਲੋਕ ਪੈਦਲ ਚੱਲ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਣ। ਪ੍ਰੰਤੂ ਪੁਲ ਅਤੇ ਸੜਕ ਖਤਮ ਹੋ ਜਾਣ
ਦੇ ਕਾਰਨ ਜੰਗਲਾਂ 'ਚ ਉਨ੍ਹਾਂ ਕੋਈ ਰਸਤਾ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਏ
ਕਿ ਜਦੋਂ ਤੱਕ ਸਾਡੇ ਕੋਲ ਪੈਸੇ ਸਨ ਉਦੋਂ ਤੱਕ ਪ੍ਰਬੰਧਕਾਂ ਨੇ ਲੰਗਰ ਚਲਾਇਆ ਜਦੋਂ ਸਾਡੇ
ਕੋਲ ਪੈਸੇ ਖਤਮ ਹੋ ਗਏ ਤਾਂ ਗੁਰਦੁਆਰਾ ਪ੍ਰਬੰਧਕ ਗੁਰਦੁਆਰੇ ਨੂੰ ਤਾਲਾ ਲਾ ਕੇ ਭੱਜ
ਨਿਕਲੇ। ਜਿਸਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਸਰਕਾਰ 'ਚ ਆਪਣੇ ਪ੍ਰਭਾਵ ਦਾ ਇਸਤੇਮਾਲ
ਕਰਦੇ ਹੋਏ ਉਨ੍ਹਾਂ ਨੂੰ ਭੁੱਖੇ ਪਿਆਸੇ ਛੱਡ ਕੇ ਬੜੇ ਹੀ ਬੇਰਹਿਮ ਤਰੀਕੇ ਨਾਲ ਭੱਜ ਗਏ।
No comments:
Post a Comment