jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 26 June 2013

ਮਾਮਲਾ ਗੋਬਿੰਦਘਾਟ ਵਿਖੇ ਉਚ ਅਧਿਕਾਰੀ ਨਾਲ ਕੁੱਟਮਾਰ ਦਾ

www.sabblok.blogspot.com

ਆਖਿਰ ਕੌਣ ਸਨ ਕਾਹਨ ਸਿੰਘ ਪਨੂੰ ਦੀ ਦਸਤਾਰ ਲਾਹੁਣ ਵਾਲੇ? 
ਚੰਡੀਗੜ੍ਹ/ਅੰਮ੍ਰਿਤਸਰ/ਲੁਧਿਆਣਾ:ਪੰਜਾਬ ਵਿੱਚ ਸਾਦਗੀ, ਅਨੁਸ਼ਾਸਨ ਅਤੇ ਹਮਦਰਦੀ ਲਈ ਜਾਣੇ ਜਾਂਦੇ ਆਈਏਐਸ ਅਫਸਰ ਕਾਹਨ ਸਿੰਘ ਪੰਨੂ ਨਾਲ ਬਦਸਲੂਕੀ ਦਾ ਮਾਮਲਾ ਆਖਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪੁੱਜ ਗਿਆ ਹੈ। ਇਸਦੇ ਨਾਲ ਹੀ ਪੰਜਾਬ ਪੁਲੀਸ ਨੇ ਵੀ ਇਸ ਅਧਿਕਾਰੀ ਨਾਲ ਗੋਬਿੰਦ ਘਾਟ (ਉੱਤਰਾਖੰਡ) ਵਿੱਚ ਐਤਵਾਰ ਨੂੰ ਹੋਈ ਬਦਸਲੂਕੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹਾ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਕਾਰਵਾਈ ਵੀ ਪੂਰੀ ਗੰਭੀਰਤਾ ਨਾਲ ਆਰੰਭ ਦਿੱਤੀ ਗਈ ਹੈ। ਕਬੀਲੇ ਜ਼ਿਕਰ ਹੈ ਕਿ ਜ਼ਿਆਦਾਤਰ ਹਮਲਾਵਰ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਹਕੀਕਤ ਦਾ ਪਤਾ ਜਾਂਚ ਰਿਪੋਰਟ ਆਉਣ ਤੇ ਹੀ ਲੱਗ ਸਕੇਗਾ। ਪੁਲੀਸ ਸੂਤਰਾਂ ਮੁਤਾਬਕ ਡੀਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਇਸ ਸਾਰੇ ਮਾਮਲੇ ਦੀ ਉਚ ਪਧਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜਾਂਚ ਪੜਤਾਲ ਦੌਰਾਨ ਮੁਢਲੇ ਤੌਰ ’ਤੇ ਇਹੀ ਦੇਖਿਆ ਜਾ ਰਿਹਾ ਹੈ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਸ ਸਮੇਂ ਘਟਨਾ ਦੀ ਵੀਡੀਓ ਫਿਲਮ ਕਿਸ ਵਿਅਕਤੀ ਵੱਲੋਂ ਬਣਾਈ ਗਈ। ਇਸ ਵੀਡੀਓ ਫਿਲਮ ਨੂੰ ਬਣਾਉਣ ਤੋਂ ਬਾਅਦ ਕਿਨ੍ਹਾਂ ਕਿੰਨ੍ਹਾਂ ਵਿਅਕਤੀਆਂ ਵੱਲੋਂ ਸ਼ੋਸ਼ਲ ਸਾਈਟਾਂ ’ਤੇ ਪਾਇਆ ਗਿਆ।  ਇਸ ਸਾਰੀ ਜਾਂਚ ਪੜਤਾਲ ਦੇ ਆਰੰਭਿਕ ਦੌਰ ਵਿੱਚ  ਬਠਿੰਡਾ ਜ਼ਿਲ੍ਹੇ ਦੇ ਇੱਕ ਅਧਿਆਪਕ ਦਾ ਨਾਮ ਸਾਹਮਣੇ ਆਇਆ ਹੈ ਜੋ ਕਿ ਪਿੰਡ ਕਣਕਵਾਲ ਨਾਲ ਸਬੰਧਤ ਹੈ। 

ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਪੜਤਾਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲੀਸ ਅਜਿਹੇ ਵਿਅਕਤੀਆਂ ਵਿਰੁਧ ਸੂਚਨਾ ਤਕਨੀਕ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆ ਸਕਦੀ ਹੈ। ਕੁੱਟਮਾਰ ਦੀ ਕਾਰਵਾਈ ਖ਼ਿਲਾਫ਼ ਉੱਤਰਾਖੰਡ ਪੁਲੀਸ ਕੇਸ ਦਰਜ ਕਰ ਸਕਦੀ ਹੈ। ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਕਰਕੇ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਤੇ ਜੋਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕੀ ਅਜਿਹੀਆਂ ਘਟਨਾਵਾਂ ਨਾਲ ਰਾਹਤ ਕਾਰਜਾਂ ਤੇ ਮਾੜਾ ਅਸਰ ਪੈ ਸਕਦਾ ਹੈ ਇਸ ਲਈ ਅਜਿਹੀਆਂ ਹਰਕਤਾਂ ਬਿਲਕੁਲ ਨਾ ਕੀਤੀਆਂ ਜਾਣ। 
ਉੱਤਰਾਖੰਡ ਵਿੱਚ ਵਾਪਰੀ ਇਸ ਘਟਨਾ ਦੌਰਾਨ ਮੌਕੇ ’ਤੇ ਮੌਜੂਦ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ ਜੋ ਸਾਦਾ ਵਰਦੀ ਵਿੱਚ ਤਾਇਨਾਤ ਸੀ ਅਤੇ ਪੁਲੀਸ ਦੇ ਸਿਪਾਹੀ ਵੱਲੋਂ ਆਈਏਐਸ ਅਧਿਕਾਰੀ ਦੀ ਕੁੱਟ-ਮਾਰ ਦੌਰਾਨ ਮੂਕ ਦਰਸ਼ਕ ਬਣੇ ਰਹਿਣ ਦਾ ਵੀ ਸਰਕਾਰ ਨੇ ਸਖਤ ਨੋਟਿਸ ਲਿਆ ਹੈ।  ਗੋਬਿੰਦ ਘਾਟ ’ਤੇ ਹੋਈ ਘਟਨਾ ਦੀ 7 ਮਿੰਟ ਦੀ ਵੀਡੀਓ ਯੂ ਟਿਊਬ ਸਮੇਤ ਹੋਰਨਾਂ ਸਾਈਟਾਂ ’ਤੇ ਉਸੇ ਦਿਨ ਕਿਸੇ ਵਿਅਕਤੀ ਵੱਲੋਂ ਅਪਲੋਡ ਕਰ ਦਿੱਤੀ ਗਈ ਜਿਸ ਕਾਰਨ ਇਸ ਘਟਨਾ ਦੀ ਚਰਚਾ ਚਾਰ ਚੁਫੇਰੇ ਹੋ ਗਈ। ਇਸ ਵੀਡੀਓ ਵਿੱਚ ਦਸਤਾਰਧਾਰੀ ਵਿਅਕਤੀਆਂ ਦਾ ਇੱਕ ਗਰੁੱਪ ਪਹਿਲਾਂ ਕਾਹਨ ਸਿੰਘ ਪੰਨੂ ਨਾਲ ਹੱਥੋਪਾਈ ਹੋ ਰਿਹਾ ਹੈ,  ਫਿਰ ਪਲਾਂ ਵਿੱਚ ਹੀ ਇਸ ਆਈ.ਏ.ਐਸ. ਅਧਿਕਾਰੀ ਦੀ ਦਸਤਾਰ ਉਤਾਰ ਦਿੱਤੀ ਗਈ। ਸ੍ਰੀ ਪੰਨੂ ਇਨ੍ਹਾਂ ਵਿਅਕਤੀਆਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਵੱਡੀ ਗਿਣਤੀ ਵਿੱਚ ਮੌਜੂਦ ਵਿਅਕਤੀਆਂ ਵਿੱਚੋਂ ਸਿਰਫ਼ ਇੱਕੋ ਵਿਅਕਤੀ ਹੀ ਉਨ੍ਹਾਂ ਨੂੰ ਛੁਡਾਉਣ ਦੀ ਹਿੰਮਤ ਕਰਦਾ ਦਿਖਾਈ ਦਿੰਦਾ ਹੈ। ਹਮਲਾਵਰ ਕਾਹਨ ਸਿੰਘ ਨੂੰ ਬੈਠ ਕੇ ਮੁਆਫ਼ੀ ਮੰਗਣ ਲਈ ਮਜਬੂਰ ਕਰਦੇ ਹਨ। ਅਖੀਰ ਆਈ.ਟੀ.ਬੀ.ਪੀ. ਦੇ ਜਵਾਨ ਇਸ ਆਈ.ਏ.ਐਸ. ਅਧਿਕਾਰੀ ਦੇ ਬਚਾਅ ਲਈ ਅੱਗੇ ਆਉਂਦੇ ਹਨ ਤਾਂ ਕਿਤੇ ਜਾ ਕੇ ਇਸ ਉਚ ਅਧਿਕਾਰੀ ਦੀ ਜਾਨ ਬਚਦੀ ਹੈ। 
ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ ਗੋਬਿੰਦ ਘਾਟ ’ਤੇ ਵਾਪਰੀ ਘਟਨਾ ਦੀ ਹੀ ਚਰਚਾ ਸੀ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ ਨੂੰ ਸਰਕਾਰ ਨੇ ਪਿਛਲੇ ਇੱਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਉਤਰਾਖੰਡ ਵਿੱਚ ਚੱਲ ਰਹੇ ਬਚਾਅ ਕਾਰਜਾਂ ਦੀ ਅਗਵਾਈ ਕਰਨ ਲਈ ਭੇਜਿਆ ਸੀ। ਇਸ ਲਈ ਇਸ ਡਿਊਟੀ ਦੌਰਾਨ ਹੋਈ ਬਦਸਲੂਕੀ ਦੀ ਹਰ ਕੋਈ ਨਿੰਦਾ ਕਰ ਰਿਹਾ ਸੀ। ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਰਵੇਸ਼ ਕੌਸ਼ਲ ਨੇ ਮੁੱਖ ਸਕੱਤਰ ਰਾਕੇਸ਼ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ ਨੂੰ ਲਿਖੇ ਪੱਤਰ ਰਾਹੀਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸ੍ਰੀ ਕੌਸ਼ਲ ਨੇ ਕਿਹਾ ਹੈ ਕਿ ਪੰਜਾਬ ਕਾਡਰ ਦਾ ਇਹ ਆਈ .ਏ.ਐਸ. ਅਫਸਰ ਕਿਸੇ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ ਕਿਉਂਕਿ ਗਿਣੀ ਮਿਥੀ ਸਾਜ਼ਿਸ਼ ਤਹਿਤ ਪਹਿਲਾਂ ਹਮਲਾ ਕੀਤਾ ਗਿਆ ਫਿਰ ਨਾਲੋ ਨਾਲ ਵੀਡੀਓ ਫਿਲਮ ਬਣਾਈ ਗਈ ਤੇ  ਫਿਲਮ ਨੂੰ ਸ਼ੋਸ਼ਲ ਸਾਈਟਾਂ ’ਤੇ ਅਪਲੋਡ ਕਰ ਦਿੱਤਾ ਗਿਆ। ਐਸੋਸੀਏਸ਼ਨ ਨੇ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਜਾਣ। ਮਾਮਲੇ ਦਾ ਇਕ ਪਹਿਲੂ ਇਹ ਹੈ ਕਿ ਐਤਵਾਰ ਨੂੰ ਗੋਬਿੰਦ ਘਾਟ ’ਤੇ ਪੰਜਾਬ ਪੁਲੀਸ ਦਾ ਇੱਕ ਇੰਸਪੈਕਟਰ ਵੀ ਡਿਊਟੀ ’ਤੇ ਤਾਇਨਾਤ ਸੀ। ਪੰਜਾਬ ਪੁਲੀਸ ਦਾ ਇੰਸਪੈਕਟਰ ਸਾਦਾ ਕੱਪੜਿਆਂ ਵਿੱਚ ਸੀ ਜਦੋਂ ਕਿ ਇਸ ਪੁਲੀਸ ਅਫਸਰ ਦਾ ਅੰਗ ਰੱਖਿਅਕ ਪੁਲੀਸ ਵਰਦੀ ਵਿੱਚ ਦਿਖਾਈ ਦੇ ਰਿਹਾ ਹੈ। ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਪੁਲੀਸ ਵਾਲਿਆਂ ਨੇ ਵੀ ਪੰਨੂ ਨੂੰ ਛੁਡਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਇਸ ਨਾਜ਼ੁਕ ਮੌਕੇ ਤੇ ਵੀ ਤਮਾਸ਼ਬੀਨ ਬਣ ਗਏ। ਸ੍ਰੀ ਪੰਨੂ ਦਾ ਕਹਿਣਾ ਹੈ ਕਿ ਇਸ ਇੰਸਪੈਕਟਰ ਨੂੰ ਸਰਕਾਰ ਨੇ ਉੱਤਰਾਖੰਡ ਵਿੱਚ ਰਾਹਤ ਕਾਰਜਾਂ ਲਈ ਹੀ ਤਾਇਨਾਤ ਕੀਤਾ ਹੋਇਆ ਹੈ। ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਇਹ ਆਖ ਰਹੇ ਸਨ ਕਿ ਸਰਕਾਰ ਵੱਲੋਂ ਡਿਊਟੀ ’ਤੇ ਲਗਾਏ ਗਏ ਇੱਕ ਸੀਨੀਅਰ ਅਧਿਕਾਰੀ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣ ’ਤੇ ਸਰਕਾਰ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਹੈ।  ਸੀਨੀਅਰ ਆਈ.ਏ.ਐਸ. ਅਧਿਕਾਰੀ ਤੇ ਰਾਜ ਦੇ ਵਿੱਤ ਕਮਿਸ਼ਨਰ (ਮਾਲ) ਨਵਰੀਤ ਸਿੰਘ ਕੰਗ ਨੇ ਕਿਹਾ ਕਿ ਕਾਹਨ ਸਿੰਘ ਪੰਨੂ ਦੀ ਮਾਰ ਕੁੱਟ ਹੋਣ ਦਾ ਮਾਮਲਾ ਬਹੁਤ ਗੰਭੀਰ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਫਸਰਸ਼ਾਹੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨਾਲ ਗੱਲ ਕਰਕੇ ਪੰਜਾਬ ਦੇ ਅਧਿਕਾਰੀ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਗੱਲ ਕਰਨੀ ਚਾਹੀਦੀ ਹੈ। ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਨਾਲ ਹੋਈ ਬਦਸਲੂਕੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂ ਹੋਈ ਹੈ ਜਿਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਦਾ।
ਇਸੇ ਦੌਰਾਨ ਮੁੱਖ ਮੰਤਰੀ ਬਾਦਲ ਵੱਲੋਂ ਪੰਨੂ ’ਤੇ ਹਮਲਾ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਤਰਾਖੰਡ ਵਿਖੇ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ’ਤੇ ਹਮਲੇ ਨੂੰ ਅਫਸੋਸਨਾਕ ਦੱਸਦਿਆਂ ਇਸ ਨੂੰ ਗਿਣ-ਮਿਥ ਕੇ ਕੀਤੀ ਕਾਰਵਾਈ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿੱਚ 25 ਜੂਨ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਰਾਹਤ ਅਤੇ ਮੁੜ-ਵਸੇਬੇ ਦੇ ਕਾਰਜਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ ਜਦੋਂ ਕਿ ਇਕ ਅਧਿਕਾਰੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਅ ਰਿਹਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਕੁਦਰਤੀ ਕਰੋਪੀ ਮੌਕੇ ਸ਼ਾਂਤੀ ਤੋਂ ਕੰਮ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਦੁੱਖ ਅਤੇ ਸੰਕਟ ਦੀ ਇਸ ਨਾਜ਼ੁਕ ਘੜੀ ਦੌਰਾਨ ਕਿਸੇ ਨੂੰ ਵੀ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਰਾਹਤ ਕਾਰਜਾਂ ਵਿੱਚ ਰੁਕਾਵਟ ਆਵੇ ਅਤੇ ਸੰਕਟ ਵਿੱਚ ਫਸੇ ਵਿਅਕਤੀਆਂ ਦੀਆਂ ਅਨਮੋਲ ਜਾਨਾਂ ਬਚਾਉਣ ਵਿੱਚ ਰੁਕਾਵਟ ਪਵੇ। 
ਜਾਂਚ ਪੜਤਾਲ ਦੇ ਕੰਮ ਨੂੰ ਪੂਰਾ ਕਰਨ ਅਤੇ ਸੰਕਟ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਉੱਤਰਾਖੰਡ ਵਿੱਚ ਰਾਹਤ ਕਾਰਜਾਂ ਲਈ ਤਾਇਨਾਤ ਆਈ.ਏ.ਐਸ. ਅਫਸਰ ਕਾਹਨ ਸਿੰਘ ਪੰਨੂ ਨੂੰ ਵਾਪਸ ਬੁਲਾ ਲਿਆ ਹੈ। ਮੁੱਖ ਸਕੱਤਰ ਰਾਕੇਸ਼ ਸਿੰਘ ਨੇ ਦੱਸਿਆ ਕਿ ਸ੍ਰੀ ਪੰਨੂ ਦੀ ਥਾਂ ’ਤੇ ਕਾਰਤਿਕ ਅੜਪਾ ਨੂੰ ਉਤਰਾਖੰਡ ਵਿੱਚ ਭੇਜਿਆ ਗਿਆ ਹੈ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਐਤਵਾਰ ਨੂੰ ਗੋਬਿੰਦ ਘਾਟ ’ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਜਾਂਚ ਪੜਤਾਲ ਲਈ ਸ੍ਰੀ ਪੰਨੂ ਦਾ ਪੱਖ ਵੀ ਜਾਣਨਾ ਬੇਹੱਦ ਜ਼ਰੂਰੀ ਹੈ ਜਿਸ ਕਰਕੇ ਇਸ ਅਧਿਕਾਰੀ ਨੂੰ ਉੱਤਰਾਖੰਡ ਤੋਂ ਵਾਪਸ ਬੁਲਾਇਆ ਜਾ ਰਿਹਾ ਹੈ। ਸ੍ਰੀ ਪੰਨੂ ਦੇ ਬਿਆਨ ਤੋਂ ਬਾਅਦ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਵੀ ਕੀਤੀ ਜਾਵੇਗੀ ਅਗਲੇ ਕਦਮ ਵੀ ਚੁੱਕੇ ਜਾਣਗੇ। 

No comments: