www.sabblok.blogspot.com
ਡਾ. ਮਜੂਮਦਾਰ ਨੂੰ ਬੰਗਲੌਰ ‘ਚ ਮਿਲੇ, ਮੈਡੀਸਿਟੀ ‘ਚ ਨਿਵੇਸ਼ ਦਾ ਵੀ ਸੱਦਾ
ਚੰਡੀਗੜ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਾਇਓਕਾਨ ਲਿਮਟਿਡ ਨੂੰ ਪੰਜਾਬ ਵਿਚ ਕੈਂਸਰ ਅਤੇ ਸ਼ੂਗਰ ਦੇ ਇਲਾਜ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। ਅੱਜ ਇਥੇ ਬਾਇਓਕਾਨ ਲਿਮਟਿਡ ਦੀ ਮੁਖੀ ਡਾ. ਕਿਰਨ ਮਜੂਮਦਾਰ ਸ਼ਾਅ ਨਾਲ ਇਕ ਮੁਲਾਕਾਤ ਦੌਰਾਨ ਡਾ. ਸ਼ਾਅ ਵਲੋਂ ਪੰਜਾਬ ਵਿਚ ਜ਼ਮੀਨੀ ਪੱਧਰ ‘ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਦਿਖਾਈ ਗੰਭੀਰਤਾ ਪਿੱਛੋਂ ਬਾਦਲ ਵਲੋਂ ਇਹ ਪੇਸ਼ਕਸ਼ ਕੀਤੀ ਗਈ। ਬਾਦਲ ਵਲੋਂ ਬਾਇਓਕਾਨ ਦੀ ਮੁਖੀ ਨੂੰ ਮੁੱਲਾਂਪੁਰ ਵਿਖੇ ਸਥਾਪਿਤ ਕੀਤੀ ਜਾ ਰਹੀ ਮੈਡੀਸਿਟੀ ਵਿਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਹੈ। ਡਾ. ਸ਼ਾਅ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿਚ ਮੋਹਾਲੀ ਵਿਖੇ ਉਤਪਾਦਨ ਖੇਤਰ ਵਿਚ ਨਿਵੇਸ਼ ਕਰਨ ਦੀ ਇੱਛੁਕ ਹੈ। ਇਸ ਮੌਕੇ ਉਦਯੋਗ ਵਪਾਰ ਦੇ ਸਕੱਤਰ ਕਰਨ ਅਵਤਾਰ ਸਿੰਘ ਨੇ ਡਾ. ਸ਼ਾਅ ਨੂੰ ਦੱਸਿਆ ਕਿ ਪੰਜਾਬ ਸਰਕਾਰ ਨਾਮਵਰ ਕੰਪਨੀਆਂ ਨੂੰ ਮੋਹਾਲੀ ਵਿਖੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਜ਼ਮੀਨ ਅਲਾਟ ਕਰਨ ਲਈ ਤਿਆਰ ਹੈ। ਮੀਟਿੰਗ ਦੌਰਾਨ ਪੰਜਾਬ ਵਿਚ ਬਾਇਓਟਾਇਲਟ (ਪਖਾਨੇ) ਉਸਾਰੇ ਜਾਣ ਲਈ ਬਾਇਓਕਾਨ ਦੇ ਸਹਿਯੋਗ ਬਾਰੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਕੰਪਨੀ ਵਲੋਂ ਦਿੱਤੀ ਗਈ ਪੇਸ਼ਕਾਰੀ ਦੌਰਾਨ ਡਾ. ਸ਼ਾਅ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਸ਼ੂਗਰ ਦੇ ਇਲਾਜ ਲਈ ‘ਇੰਸੂਜੈਨ’ ਨੂੰ ਵਿਕਸਿਤ ਕੀਤਾ ਗਿਆ ਸੀ ਅਤੇ ਬਾਇਓਕਾਨ ਵਲੋਂ ਇਸ ਖੇਤਰ ਵਿਚ ਦਾਖਲੇ ਨਾਲ ਇਸ ਦਵਾਈ ਦੀ ਕੀਮਤ ਚਾਰ ਗੁਣਾ ਘੱਟ ਗਈ। ਉਨ੍ਹਾਂ ਨਾਲ ਹੀ ਦੱਸਿਆ ਕਿ ਕੰਪਨੀ ‘ਇਮੂਨੋਸਪਰੀਸੈਂਟਸ’ ਦੇ ਉਤਪਾਦਨ ਵਿਚ ਵਿਸ਼ਵ ਦੀ ਸਭ ਤੋਂ ਮੋਹਰੀ ਕੰਪਨੀ ਹੈ। ਸੁਖਬੀਰ ਨਾਲ ਉਦਯੋਗ ਵਿਭਾਗ ਦੇ ਸੰਸਦੀ ਸਕੱਤਰ ਐੱਨ. ਕੇ. ਸ਼ਰਮਾ ਵੀ ਬੰਗਲੌਰ ਵਿਖੇ ਮੌਜੂਦ ਹਨ।
No comments:
Post a Comment