www.sabblok.blogspot.com
ਆਧਾਰ ਕਰਾਡ ਨਾਲ ਜੋੜਣ ਦਾ ਅਮਲ ਮੁਲਤਵੀ
ਨਵੀਂ ਦਿੱਲੀ, 30 ਜਨਵਰੀ --ਕੇਂਦਰ ਸਰਕਾਰ ਨੇ ਅੱਜ ਰਸੋਈ ਗੈਸ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਇਕ ਸਾਲ 'ਚ ਸਬਸਿਡੀ 'ਤੇ ਦਿੱਤੇ ਜਾਣ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰ ਦਿੱਤੀ ਹੈ ਅਤੇ ਨਾਲ ਹੀ ਇਸ ਨੂੰ ਆਧਾਰ ਯੋਜਨਾ ਨਾਲ ਜੋੜਨ ਦਾ ਅਮਲ ਵੀ ਮੁਲਤਵੀ ਕਰ ਦਿੱਤਾ ਹੈ। ਕੇਂਦਰੀ ਕੈਬਨਿਟ ਨੇ ਇਹ ਫ਼ੈਸਲਾ ਇਕ ਬੈਠਕ ਦੌਰਾਨ ਕੀਤਾ। ਇਸ ਫ਼ੈਸਲੇ ਤਹਿਤ 2013-14 'ਚ ਸਬਸਿਡੀ ਵਾਲੇ 9 ਸਿਲੰਡਰਾਂ ਤੋਂ ਇਲਾਵਾ ਫਰਵਰੀ ਅਤੇ ਮਾਰਚ 'ਚ ਇਕ-ਇਕ ਸਿਲੰਡਰ ਹੋਰ ਸਬਸਿਡੀ 'ਤੇ ਦਿੱਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਪ੍ਰੈਲ 2014 ਤੋਂ ਸਬਸਿਡੀ 'ਤੇ ਹਰ ਸਾਲ 12 ਸਿਲੰਡਰ ਦਿੱਤੇ ਜਾਣਗੇ, ਮਤਲਬ ਕਿ ਹਰ ਮਹੀਨੇ ਇਕ ਸਿਲੰਡਰ ਦਿੱਤਾ ਜਾਵੇਗਾ। ਸਬਸਿਡੀ ਵਾਲੇ ਸਿਲੰਡਰਾਂ ਦੀ ਹੱਦ 12 ਕਰ ਦੇਣ ਨਾਲ ਦੇਸ਼ ਦੇ 99 ਫੀਸਦੀ ਖਪਤਕਾਰਾਂ ਨੂੰ ਸਾਲਾਨਾ ਰਸੋਈ ਗੈਸ ਦੀ ਜ਼ਰੂਰਤ ਪੂਰੀ ਹੋਵੇਗੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਹੀ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਵਧਾਏ ਜਾਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਰਸੋਈ ਗੈਸ ਸਬਸਿਡੀ ਦੇ ਨਕਦ ਭੁਗਤਾਨ ਦੇ ਲਈ ਆਧਾਰ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਨੂੰ ਜ਼ਰੂਰੀ ਕੀਤੇ ਜਾਣ ਦਾ ਅਮਲ ਵੀ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਬੈਠਕ 'ਚ ਇਹ ਫ਼ੈਸਲੇ ਕੀਤੇ ਗਏ। ਪੈਟਰੋਲੀਅਮ ਮੰਤਰੀ ਐੱਮ. ਵਿਰੱਪਾ ਮੋਇਲੀ ਨੇ ਬੈਠਕ ਤੋਂ ਬਾਅਦ ਕਿਹਾ ਕਿ ਸਸਤੇ ਸਿਲੰਡਰਾਂ ਦਾ ਕੋਟਾ ਵਧਾਏ ਜਾਣ ਨਾਲ ਸਰਕਾਰ 'ਤੇ 5000 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰਾਂ ਨੂੰ ਇਸ ਸਾਲ 9 ਸਿਲੰਡਰਾਂ ਦੇ ਕੋਟੇ ਤੋਂ ਉਪਰ ਫਰਵਰੀ ਅਤੇ ਮਾਰਚ 'ਚ ਸਬਸਿਡੀ ਵਾਲਾ ਇਕ ਇਕ ਸਿਲੰਡਰ ਹੋਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਪ੍ਰੈਲ ਤੋਂ ਸਾਰੇ ਪਰਿਵਾਰਾਂ ਨੂੰ ਸਬਸਿਡੀ ਵਾਲੇ 12 ਸਿਲੰਡਰ ਮੁਹੱਈਆ ਕੀਤੇ ਜਾਣਗੇ।
No comments:
Post a Comment