ਪੁਲਸ ਨੇ ਭੜਕਾਊ ਭਾਸ਼ਣ ਦੇਣ ਦਾ ਲਾਇਆ ਦੋਸ਼, ਸੁਪਰੀਮ ਕੋਰਟ 'ਚ ਪੇਸ਼ ਕਰੇਗੀ ਸਬੂਤ, ਮੀਡੀਆ 'ਤੇ ਲਾਇਆ ਨਿਸ਼ਾਨਾ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ  ਜਾ ਰਹੀਆਂ ਹਨ। ਕੁਝ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਰੇਲ ਭਵਨ ਦੇ  ਬਾਹਰ  ਧਰਨਾ  ਦੇਣ ਅਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਪੁਲਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨਾਲ ਹੀ ਉਨ੍ਹਾਂ ਦੇ 3 ਹੋਰ ਸਾਥੀ ਮੰਤਰੀਆਂ ਸੋਮਨਾਥ ਭਾਰਤੀ, ਮਨੀਸ਼ ਸਿਸੌਦੀਆ ਅਤੇ ਰਾਖੀ ਬਿਰਲਾ  ਵਿਰੁੱਧ  ਵੀ ਮਾਮਲੇ ਦਰਜ ਕੀਤੇ ਹਨ।  ਪੁਲਸ ਦਾ ਕਹਿਣਾ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਲੋਕਾਂ ਨੂੰ ਭੜਕਾਉਣ ਵਾਲੇ ਬਿਆਨ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਆਉਣ  ਲਈ ਕਿਹਾ। ਕੇਜਰੀਵਾਲ ਐਂਡ ਕੰਪਨੀ  ਧਾਰਾ 144 ਤੋੜਨ ਲਈ ਬਜ਼ਿਦ ਸੀ। ਇਸ ਧਰਨੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਪੁਲਸ ਕੋਲੋਂ ਜੁਆਬ ਮੰਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਐੱਫ. ਆਈ. ਆਰ. ਨੰਬਰ  23  ਵਿਚ ਮਾਮਲਾ ਦਰਜ ਕੀਤਾ ਗਿਆ ਹੈ।  ਸੂਤਰਾਂ ਮੁਤਾਬਕ ਜੇ ਦੋਸ਼ ਸਾਬਤ ਹੋ ਗਏ ਤਾਂ 3 ਸਾਲ ਦੀ ਕੈਦ ਹੋ ਸਕਦੀ ਹੈ।
ਉਨ੍ਹਾਂ ਵਿਰੁੱਧ 7 ਧਾਰਾਵਾਂ ਲਾਈਆਂ ਗਈਆਂ ਹਨ। ਇਨ੍ਹਾਂ ਮੰਤਰੀਆਂ ਵਲੋਂ  ਧਾਰਾ 144 ਤੋੜਨ ਦੇ ਸਬੂਤ ਅਦਾਲਤ ਵਿਚ ਪੇਸ਼ ਕੀਤੇ ਜਾਣਗੇ। ਸੰਵਿਧਾਨਕ ਅਹੁਦੇ 'ਤੇ ਰਹਿੰਦਿਆਂ ਕੇਜਰੀਵਾਲ ਵਲੋਂ ਪ੍ਰਦਰਸ਼ਨ ਦੀ ਅਗਵਾਈ ਕਰਨ ਦਾ ਮਾਮਲਾ  ਸੁਪਰੀਮ ਕੋਰਟ ਦੀ ਜਾਂਚ  ਦੇ ਘੇਰੇ ਵਿਚ ਆ ਗਿਆ ਹੈ।