ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਤੋਂ ਬਰਖਾਸਤ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਦਿੱਲੀ ਸਰਕਾਰ 'ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਤੋਂ ਜੰਤਰ-ਮੰਤਰ 'ਤੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਸ਼੍ਰੀ ਬਿੰਨੀ ਨੇ ਭੁੱਖ-ਹੜਤਾਲ ਸ਼ੁਰੂ ਕਰਨ ਤੋਂ ਬਾਅਦ ਕੀਤਾ ਕਿ ਦਿੱਲੀ ਸਰਕਾਰ ਦੇ ਖਿਲਾਫ ਉਨ੍ਹਾਂ ਦੇ ਅੰਦੋਲਨ ਨੂੰ ਆਪ ਦੇ ਤਿੰਨ ਚਾਰ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਆਪ ਅਤੇ ਸਰਕਾਰ ਦੇ ਕੰਮਕਾਰ ਦੇ ਤਰੀਕਿਆਂ 'ਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਉਹ ਚੋਣ ਐਲਾਨ ਪੱਤਰ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ।
ਉੁਨ੍ਹਾਂ ਨੇ ਕਿਹਾ ਕਿ ਨਾ ਸਿਰਫ ਉਹ ਸਗੋਂ ਪਾਰਟੀ ਦੇ ਕਈ ਵਰਕਰ ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ ਅਤੇ ਕੰਮਕਾਰ ਨੂੰ ਲੈ ਕੇ ਪਰੇਸ਼ਾਨ ਹਨ। ਇਸ ਤੋਂ ਪਹਿਲਾਂ ਸ਼੍ਰੀ ਬਿੰਨੀ ਨੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰ ਕੇ ਪਿਛਲੇ ਦਿਨੀਂ ਖਿੜਕੀ ਖੇਤਰ 'ਚ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਵੱਲੋਂ ਯੂਗਾਂਡਾ ਦੀ ਔਰਤ ਨਾਲ ਕੀਤੇ ਗਏ ਗਲਤ ਵਤੀਰੇ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਜੰਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਕੋਈ ਵੀ ਕਾਨੂੰਨ ਦੀ ਉਲੰਘਣ ਕਰੇਗਾ ਉਸ ਦੇ ਖਿਲਾਫ ਉੱਚਿਤ ਕਾਰਵਾਈ ਕੀਤੀ ਜਾਵੇਗੀ।
ਇਸ ਦਰਮਿਆਨ ਆਪ ਦੇ ਬੁਲਾਰੇ ਸੰਜੇ ਸਿੰਘ ਸ਼੍ਰੀ ਬਿੰਨੀ ਦੇ ਪਾਰਟੀ ਅਤੇ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਅਤੇ ਜਨਤਾ ਨਾਲ ਜੋ 18 ਸੂਤਰੀ ਵਾਅਦਾ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਪ੍ਰਤੀ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਅਗਲੇ ਸੈਸ਼ਨ 'ਚ ਲੋਕਪਾਲ ਬਿੱਲ ਪਾਸ ਕਰਵਾਇਆ ਜਾਵੇਗਾ।