ਚੰਡੀਗੜ੍ਹ, 17 ਜਨਵਰੀ (ਪੀ. ਟੀ. ਆਈ.)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਵੀ ਸੰਘਣੀ ਧੁੰਦ ਛਾਈ ਰਹੀ ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਪਰ ਇਸ ਖੇਤਰ ਦਾ ਘੱਟੋ ਘੱਟ ਤਾਪਮਾਨ ਸਧਾਰਨ ਤੋਂ ਵੱਧ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਸੰਘਣੀ ਧੁੰਦ ਛਾਈ ਰਹੀ ਜਿਸ ਨਾਲ ਸਮੁੱਚੇ ਖੇਤਰ ਵਿਚ ਆਮ ਜਨਜੀਵਨ 'ਤੇ ਅਸਰ ਪੈਣ ਦੇ ਨਾਲ-ਨਾਲ ਹਵਾਈ, ਰੇਲ ਅਤੇ ਸੜਕੀ ਆਵਾਜਾਈ ਵਿਚ ਵਿਘਨ ਪਿਆ। ਘੱਟ ਦਿਖਾਈ ਦੇਣ ਕਾਰਨ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਪਛੜਕੇ ਚਲਦੀਆਂ ਰਹੀਆਂ ਹਨ ਜਦਕਿ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਮੋਟਰਗੱਡੀਆਂ ਦੇ ਚਾਲਕਾਂ ਨੂੰ ਧੁੰਦ ਕਾਰਨ ਹੌਲੀ ਰਫਤਾਰ ਨਾਲ ਚੱਲਣ ਲਈ ਮਜਬੂਰ ਹੋਣਾ ਪਿਆ। ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ 'ਚ 4.5 ਡਿਗਰੀ ਸੈਲਸੀਅਸ ਨਾਲ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ। ਭਿਵਾਨੀ ਦਾ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਅਤੇ ਹਿਸਾਰ ਦਾ 6.4 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਜਦਕਿ ਅੰਬਾਲਾ ਦਾ 8.3 ਡਿਗਰੀ ਰਿਹਾ। ਚੰਡੀਗੜ੍ਹ ਦਾ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ ਜੋ ਸਧਾਰਨ ਨਾਲੋਂ ਦੋ ਡਿਗਰੀ ਵੱਧ ਸੀ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਪੱਛਮੀ ਦੇਸ਼ਾਂ ਤੋਂ ਆਉਣ ਵਾਲੀਆਂ ਪੌਣਾਂ ਦੀ ਗੜਬੜੀ ਕਾਰਨ ਮੀਂਹ ਪੈਣ ਜਾਂ ਗਰਜ ਚਮਕ ਨਾਲ ਛਿੱਟੇ ਪੈਣ ਦੀ ਪੇਸ਼ਨਗੋਈ ਕੀਤੀ ਹੈ ਜਦਕਿ ਘੱਟੋ ਘੱਟ ਤਾਪਮਾਨ ਹੋਰ ਵਧ ਸਕਦਾ ਹੈ।
ਕਸ਼ਮੀਰ ਵਾਦੀ 'ਚ ਸੀਤ ਲਹਿਰ ਹੋਰ ਤੇਜ਼
ਕਸ਼ਮੀਰ ਵਾਦੀ ਵਿਚ ਸੀਤ ਲਹਿਰ ਹੋਰ ਤੇਜ਼ ਹੋ ਗਈ ਹੈ ਘੱਟੋ ਘੱਟ ਤਾਪਮਾਨ ਕਈ ਥਾਵਾਂ 'ਤੇ ਸਿਫਰ ਦਰਜੇ ਤੋਂ ਵੀ ਹੇਠਾਂ ਚਲਾ ਗਿਆ ਹੈ। ਜੰਮੂ ਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ 2.4 ਡਿਗਰੀ ਸੈਲਸੀਅਸ ਰਿਹਾ। ਕਾਜ਼ੀਗੁੰਡ ਦਾ ਤਾਪਮਾਨ ਮਨਫ਼ੀ 5.5 ਅਤੇ ਕੋਕਰਨਾਗ ਦਾ ਮਨਫ਼ੀ 2.6 ਡਿਗਰੀ ਸੈਲਸੀਅਸ ਰਿਹਾ। ਦੱਖਣੀ ਕਸ਼ਮੀਰ ਦੇ ਹਿਲ ਰਿਜ਼ਾਰਟ ਪਹਿਲਗਾਮ ਦਾ ਮਨਫੀ 10.4 ਜਦਕਿ ਗੁਲਮਾਰਗ ਦਾ ਮਨਫ਼ੀ 7.2 ਡਿਗਰੀ ਸੈਲਸੀਅਸ ਰਿਹਾ। ਲਦਾਖ ਦੇ ਸਰਹੱਦੀ ਖੇਤਰ ਲੇਹ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ 11.1 ਡਿਗਰੀ ਰਿਹਾ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਇੱਕਾ ਦੁਕਾ ਥਾਵਾਂ 'ਤੇ ਮੀਂਹ ਪੈਣ ਜਾਂ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ।
No comments:
Post a Comment