ਚੰਡੀਗੜ੍ਹ, 23 ਜਨਵਰੀ---ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਿੱਖਿਆ ਮੰਤਰੀ ਨੂੰ ਜੁਬਾਨੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਤੁਰੰਤ ਪੱਤਰ ਜਾਰੀ ਕਰਕੇ ਪੰਜਾਬ ਦੇ ਸਾਰੇ ਹੀ ਨਿੱਜੀ ਸਕੂਲਾਂ 'ਚ ਵਿਦਿਆਰਥੀਆਂ ਦੇ ਪੰਜਾਬੀ ਬੋਲਣ 'ਤੇ ਲਗਾਈ ਗਈ ਪਾਬੰਦੀ ਤੁਰੰਤ ਖ਼ਤਮ ਕੀਤੀ ਜਾਵੇ। ਮੁੱਖ ਮੰਤਰੀ ਵੱਲੋਂ ਇਹ ਹੁਕਮ ਉਨ੍ਹਾਂ ਨੂੰ ਮਿਲੇ ਪੰਜਾਬ ਜਾਗ੍ਰਿਤੀ ਮੰਚ ਦੇ ਵਫ਼ਦ ਵੱਲੋਂ ਦਿੱਤੇ ਗਏ ਮੰਗ ਪੱਤਰ ਪਿੱਛੋਂ ਜਾਰੀ ਕੀਤੇ ਗਏ। ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ ਅਤੇ ਸਕੱਤਰ ਸ੍ਰੀ ਦੀਪਕ ਬਾਲੀ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਉਕਤ ਮਸਲੇ 'ਤੇ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਸੀ ਕਿ ਅਕਾਲੀ-ਭਾਜਪਾ ਸਰਕਾਰ ਨੇ ਸਾਲ 2008 ਵਿਚ ਪੰਜਾਬੀ ਸਬੰਧੀ ਐਕਟ ਬਣਾਇਆ ਸੀ ਕਿ ਪੰਜਾਬ ਦੇ ਸਾਰੇ ਹੀ ਸਰਕਾਰੀ ਜਾਂ ਗੈਰ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਲਾਜ਼ਮੀ ਤੌਰ 'ਤੇ ਪੜ੍ਹਾਇਆ ਜਾਵੇ। ਪਰ ਕੁਝ ਇਕ ਮਹਿੰਗੇ ਨਿੱਜੀ ਸਕੂਲ ਇਸ ਐਕਟ ਨੂੰ ਲਾਗੂ ਨਹੀਂ ਕਰ ਰਹੇ ਅਤੇ ਸਿਰਫ਼ ਤੀਜੀ ਜਾਂ ਚੌਥੀ ਜਮਾਤ ਤੱਕ ਪੰਜਾਬੀ ਪੜ੍ਹਾਉਣ ਪਿੱਛੋਂ ਵਿਦਿਆਰਥੀਆਂ ਨੂੰ ਫਰੈਂਚ, ਸਪੈਨਿਸ਼ ਆਦਿ ਵਰਗੀਆਂ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁਝ ਸਕੂਲਾਂ ਵੱਲੋਂ ਸਕੂਲ ਦੀ ਹਦੂਦ ਅੰਦਰ ਵਿਦਿਆਰਥੀਆਂ ਦੇ ਪੰਜਾਬੀ ਬੋਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਤੇ ਜੇ ਕੋਈ ਵਿਦਿਆਰਥੀ ਗਲਤੀ ਨਾਲ ਵੀ ਪੰਜਾਬੀ ਦਾ ਕੋਈ ਅੱਖਰ ਬੋਲ ਜਾਵੇ ਤਾਂ ਉਸ ਨੂੰ ਜੁਰਮਾਨਾ ਜਾਂ ਜਿਸਮਾਨੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਮੰਚ ਆਗੂਆਂ ਨੇ ਕਿਹਾ ਕਿ ਇਸ ਨਾਲ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ 'ਚ ਹੀਣ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਭਾਸ਼ਾ ਨੂੰ ਪੜ੍ਹਾਉਣ ਦੇ ਵਿਰੁੱਧ ਨਹੀਂ ਹਨ ਪਰ ਪੰਜਾਬੀ ਨਾਲ ਵਿਤਕਰਾ ਨਾ ਕੀਤਾ ਜਾਵੇ। ਸਗੋਂ ਰਾਜ ਦੇ ਸਕੂਲਾਂ ਅੰਦਰ ਪੰਜਾਬੀ ਨੂੰ ਬਣਦਾ ਸਨਮਾਨ ਦੇ ਕੇ ਵਿਦਿਆਰਥੀਆਂ ਨੂੰ ਪੰਜਾਬੀ ਤਹਿਜ਼ੀਬ ਸਿਖਾਈ ਜਾਵੇ। ਇਸ ਮੌਕੇ ਪੰਜਾਬ ਦੀ ਸਾਬਕਾ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ ਵੀ ਮੌਜੂਦ ਸਨ।
No comments:
Post a Comment