ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਤੋਂ ਬਰਖਾਸਤ ਵਿਧਾਇਕ ਵਿਨੋਦ ਕੁਮਾਰ ਬਿੰਨੀ ਦੀ ਭੁੱਖ-ਹੜਤਾਲ 'ਤੇ ਬੈਠਣ ਦੀ ਕੋਈ ਤਵਜੋਂ ਨਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ ਜਿਸ 'ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੀ ਬਿੰਨੀ ਦੇ ਆਪ ਦੇ ਤਿੰਨ-ਚਾਰ ਵਿਧਾਇਕਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤੇ ਜਾਣ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਸਰਕਰਾ ਬਚਾਉਣ ਲਈ ਕੋਈ ਸਿਆਸਤ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਮਹੀਨੇ 'ਚ ਉਨ੍ਹਾਂ ਦੀ ਸਰਕਾਰ ਨੇ ਜਿੰਨਾ ਕੰਮ ਕੀਤਾ ਹੈ ਓਨਾ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ ਅਤੇ ਉਸ ਦੇ ਹੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਔਰਤਾਂ ਲਈ ਹੁਣ ਵੀ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਆਪ ਨੇ ਸ਼੍ਰੀ ਬਿੰਨੀ ਨੂੰ ਐਤਵਾਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀ। ਸ਼੍ਰੀ ਬਿੰਨੀ ਨੇ ਆਪ ਸਰਕਾਰ 'ਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਹੋਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਤੋਂ ਜੰਤਰ-ਮੰਤਰ 'ਤੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਸਰਕਾਰ ਨੂੰ ਸਮਰਥਨ ਦੇ ਰਹੇ ਜਨਤਾ ਦਲ (ਯੂ) ਦੇ ਵਿਧਾਇਕ ਸ਼ੁਏਬ ਇਕਬਾਲ ਨੇ ਕਿਹਾ ਕਿ ਸਰਕਾਰ ਚਲਾਉਣ ਲਈ ਸਾਂਝਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਨੂੰ ਕਾਂਗਰਸ ਅਤੇ ਉਨ੍ਹਾਂ ਨਾਲ ਵਿਚਾਰ ਕਰ ਕੇ ਦਿੱਲੀ ਦੇ ਵਿਕਾਸ ਦਾ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝੇ ਪ੍ਰੋਗਰਾਮ ਦੇ ਬਿਨਾਂ ਸਰਕਾਰ ਚਲਾਉਣ 'ਚ ਮੁਸ਼ਕਲ ਹੋਵੇਗੀ।