ਖੰਨਾ ਜਾਂ ਕਾਲੀਆ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ 'ਤੇ ਚੱਲ ਰਹੀ ਚਰਚਾ
ਜਲੰਧਰ,— ਅੰਮ੍ਰਿਤਸਰ ਸੰਸਦੀ ਸੀਟ ਨੂੰ ਲੈ ਕੇ ਪਿਛਲੇ ਲਗਭਗ 1 ਸਾਲ ਤੋਂ ਸੂਬਾ ਪ੍ਰਧਾਨ ਕਮਲ ਨਾਥ ਸ਼ਰਮਾ ਆਪਣੇ ਗਾਰਡਫਾਦਰ ਅਰੁਣ ਜੇਤਲੀ ਲਈ ਸਜਾ ਰਹੇ ਹਨ ਪਰ ਇਸ ਸੀਟ 'ਤੇ  ਉਮੀਦਵਾਰਾਂ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਹੈ। ਅੰਮ੍ਰਿਤਸਰ ਸੀਟ ਅਕਾਲੀ ਦਲ ਦੇ ਕੋਲ ਜਾਣ ਦੀ ਸੰਭਾਵਨਾ ਭਾਵੇਂ ਖਾਰਜ ਹੋ ਗਈ ਹੈ ਪਰ  ਪਾਰਟੀ ਲਈ ਸਭ ਤੋਂ ਵੱਡੀ ਸਮੱਸਿਆ ਇਹੀ ਸੀਟ ਬਣ ਗਈ ਹੈ।
ਹੁਣ ਇਸ ਸੀਟ ਨੂੰ ਲੈ ਕੇ ਇਕ ਨਵੀਂ ਚਰਚਾ ਸ਼ੁਰੂ ਹੋ ਗਈ ਜਿਸ ਨੂੰ ਲੈ ਕੇ ਹਾਈਕਮਾਨ ਦੇ ਕੋਲ ਵੀ ਸੰਦੇਸ਼ ਭੇਜੇ ਜਾ ਰਹੇ ਹਨ। ਨਵੀਂ ਯੋਜਨਾ ਦੇ ਤਹਿਤ ਜੇਕਰ ਨਵਜੋਤ ਸਿੰਘ ਸਿੱਧੂ  ਜਾਂ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਲੜਨ ਤੋਂ ਨਾਂਹ ਕਰ ਦਿੰਦੇ ਹਨ ਤਾਂ ਖੁਦ ਕਮਲ ਸ਼ਰਮਾ ਨੂੰ ਇਸ ਸੀਟ ਤੋਂ ਟਿਕਟ ਦੇ ਦਿੱਤੀ ਜਾਵੇ। ਉਂਝ ਸ਼ਰਮਾ ਵੀ ਅੰਦਰਖਾਤੇ ਇਹੀ ਰੀਝ ਰੱਖਦੇ ਹਨ।
ਉਂਝ ਵੀ ਦਿੱਲੀ ਹਾਈਕਮਾਨ 'ਚ ਕਮਲ ਸ਼ਰਮਾ ਦੀ ਅਗਵਾਈ ਨੂੰ ਲੈ ਕੇ ਕਿੰਤੂ ਪ੍ਰੰਤੂ ਹੋਣ ਲੱਗੀ ਹੈ। ਸੂਬੇ ਦੇ ਕਈ ਜ਼ਿਲਿਆਂ 'ਚ ਭਾਜਪਾ ਟੀਮਾਂ 'ਚ ਭਾਰੀ ਵਿਰੋਧ ਹੈ। ਆਪਣੀ ਖਹਿਬਾਜ਼ੀ ਕਾਰਨ ਕਈ ਥਾਵਾਂ 'ਤੇ ਭਾਜਪਾ ਵਰਕਰ ਲੜ ਰਹੇ ਹਨ, ਜਦ ਕਿ ਕੁਝ ਥਾਵਾਂ 'ਤੇ ਪਾਰਟੀ ਨੇ ਪੁਰਾਣੀ ਇਕਾਈ ਭੰਗ ਕਰਕੇ ਨਵੀਂ ਦੀ ਸਥਾਪਨਾ ਕਰ ਦਿੱਤੀ ਹੈ।
ਅਜਿਹੇ 'ਚ ਕਮਲ ਸ਼ਰਮਾ ਨੂੰ ਟਿਕਟ ਦੇ ਕੇ ੁਉਨ੍ਹਾਂ ਦੀ ਥਾਂ ਅਵਿਨਾਸ਼ ਰਾਏ ਖੰਨਾ ਜਾਂ ਫਿਰ ਮਨੋਰੰਜਨ ਕਾਲੀਆ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤੇ ਜਾਣ 'ਤੇ ਵਿਚਾਰ ਚੱਲ ਰਹੀ ਹੈ। ਇਸ ਗੱਲ ਨੂੰ ਲੈ ਕੇ ਪਾਰਟੀ ਦੇ ਅੰਦਰ ਤਾਂ ਪੂਰਾ ਵਿਚਾਰ ਹੋ ਰਿਹਾ ਹੈ ਪਰ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ। ਉਂਝ ਸਪੱਸ਼ਟ ਸੂਤਰਾਂ ਦਾ ਇਹ ਦਾਅਵਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਇਕ ਤਬਦੀਲੀ ਪੰਜਾਬ 'ਚ ਹੋ ਸਕਦੀ ਹੈ।