jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 15 January 2014

ਨੌਜਵਾਨ ਨੂੰ ਅਗਵਾ ਕਰਕੇ ਮਾਰ ਖਪਾਉਣ ਵਾਲੇ ਪੁਲਸੀਆਂ ਨੂੰ ਉਮਰ ਕੈਦ

www.sabblok.blogspot.com

21 ਸਾਲ ਬਾਅਦ ਮਿਲਿਆ ਇਨਸਾਫ, ਪੀੜ੍ਹਤਾਂ ਦੀਆਂ ਆਂਦਰਾਂ ਹੋਈਆਂ ਠੰਢੀਆਂ :: ਇੱਕ ਇੰਸਪੈਕਟਰ, ਇੱਕ ਏ ਐਸ ਆਈ, ਤਿੰਨ ਹੌਲਦਾਰ, ਇੱਕ ਸਿਪਾਹੀ ਤੇ ਦੋ ਹੋਮਗਾਰਡ ਸਾਮਲ, ਡੀ ਐਸ ਪੀ ਭਗੌੜਾ ਕਰਾਰ

ਬਠਿੰਡਾ/14 ਜਨਵਰੀ/ ਬੀ ਐਸ ਭੁੱਲਰ


       
24 ਸਾਲਾ ਪਰਮਜੀਤ ਸਿੰਘ ਨੂੰ ਅਗਵਾ ਕਰਕੇ ਖਪਾਉਣ ਵਾਲੇ ਅੱਠ ਪੁਲਿਸ ਵਾਲਿਆਂ ਨੂੰ ਸਥਾਨਕ ਸੈਸਨ ਅਦਾਲਤ ਵੱਲੋਂ ਅੱਜ ਸੁਣਾਈ ਉਮਰ ਕੈਦ ਨੇ 21 ਸਾਲਾਂ ਤੋਂ ਲਗਾਤਾਰ ਜੱਦੋਜਹਿਦ ਕਰ ਰਹੇ ਉਸਦੇ ਵਾਰਸਾਂ ਦੀਆਂ ਕਿਸੇ ਹੱਦ ਤੱਕ ਆਂਦਰਾਂ ਹੀ ਠੰਢੀਆਂ ਨਹੀਂ ਕੀਤੀਆਂ, ਬਲਕਿ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਅਗਰ ਮਨੁੱਖ ’ਚ ਲੜਣ ਦਾ ਜਜ਼ਬਾ ਬਰਕਰਾਰ ਰਹੇ ਤਾਂ ਅਸੰਭਵ ਨੂੰ ਸੰਭਵ ਵਿੱਚ ਤਬਦੀਲ ਕਰਨਾ ਮੁਸਕਿਲ ਨਹੀਂ।

       ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 17 ਜੁਲਾਈ 1992 ਨੂੰ ਥਾਨਾ ਸਦਰ ਬਠਿੰਡਾ ਦੀ ਪੁਲਿਸ ਨੇ ਸਥਾਨਕ ਬੀਬੀਵਾਲਾ ਚੌਂਕ ’ਚ ਸਥਿਤ ਇੱਕ ਆਟਾ ਚੱਕੀ ਤੋਂ ਕਮਿਊਨਿਸਟ ਪਰਿਵਾਰ ਨਾਲ ਸਬੰਧਤ 24 ਸਾਲਾ ਨੌਜਵਾਨ ਪਰਮਜੀਤ ਸਿੰਘ ਨੂੰ ਅੱਤਵਾਦੀ ਹੋਣ ਦਾ ਦੋਸ ਲਾ ਕੇ ਚੁੱਕ ਲਿਆ ਸੀ। 19 ਜੁਲਾਈ ਦੀਆਂ ਅਖ਼ਬਾਰਾਂ ਵਿੱਚ ਪੁਲਿਸ ਦਾ ਇਹ ਬਿਆਨ ਪ੍ਰਕਾਸਿਤ ਹੋ ਗਿਆ, ਕਿ ਹਥਿਆਰਾਂ ਦੀ ਬਰਾਮਦਗੀ ਲਈ ਜਦ ਉਸਨੂੰ ਪਿੰਡ ਝੁੰਬਾ ਦੀ ਹਦੂਦ ਵਿੱਚ ਲਿਜਾਇਆ ਜਾ ਰਿਹਾ ਸੀ, ਤਾਂ ਕੁਝ ਦਹਿਸਤਗਰਦਾਂ ਨੇ ਹਮਲਾ ਕਰਕੇ ਉਸਨੂੰ ਹੱਥਕੜੀ ਸਮੇਤ ਛੁਡਵਾ ਲਿਆ। ਜਿਕਰਯੋਗ ਹੈ ਕਿ ਇਸ ਹਮਲੇ ’ਚ ਕਿਸੇ ਵੀ ਪੁਲਸੀਏ ਦੇ ਝਰੀਟ ਤੱਕ ਨਹੀਂ ਸੀ ਆਈ।

       ਭਾਵੇਂ ਪਰਮਜੀਤ ਸਿੰਘ ਦੇ ਬੁੱਢੇ ਬਾਪ ਨੇ ਢਿੱਡ ਪੇਟ ਬੰਨ੍ਹ ਕੇ ਦੇਸ ਦੀ ਸੁਪਰੀਮ ਕੋਰਟ ਤੱਕ ਕੀਤੀ ਪਹੁੰਚ ਰਾਹੀਂ ਗਿਆਰਾਂ ਪੁਲਿਸ ਵਾਲਿਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 364, 302, 201 ਅਤੇ 34 ਅਧੀਨ 23 ਮਾਰਚ 1999 ਨੂੰ ਮੁਕੱਦਮਾ ਤਾਂ ਦਰਜ ਕਰਵਾ ਲਿਆ, ਲੇਕਿਨ ਰਾਜਤੰਤਰ ਅਤੇ ਪੁਲਿਸ ਨੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਆਪਣੇ ਕਰਿੰਦਿਆਂ ਨੂੰ ਬਚਾਉਣ ਲਈ ਅਜਿਹਾ ਚੱਕਰਵਿਊ ਰਚਿਆ ਕਿ ਆਮ ਆਦਮੀ ਲਈ ਉਸਨੂੰ ਤੋੜਣਾ ਅਸੰਭਵ ਨਹੀਂ ਸੀ।

       ਇਸ ਚੱਕਰਵਿਊ ਦੀ ਰਚਨਾ ਰਾਹੀਂ ਸੁਪਰੀਮ ਕੋਰਟ ਵੱਲੋਂ ਦਰਜ ਕਰਵਾਏ ਮੁਕੱਦਮੇ ਦੇ ਬਾਵਜੂਦ ਵੀ ਜਦ ਪੁਲਿਸ ਨੇ ਆਪਣੇ ਪੇਟੀਬੰਦ ਭਰਾਵਾਂ ਨੂੰ ਗਿਰਫਤਾਰ ਨਾ ਕੀਤਾ ਤਾਂ ਬਜੁਰਗ ਗੁਰਦਿੱਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ 23742 ਆਫ 1999 ਨੰਬਰ ਪਟੀਸਨ ਦਾਇਰ ਕਰ ਦਿੱਤੀ, ਜਿਸਦੇ ਅਧਾਰ ਤੇ ਮਾਮਲਾ ਡੀ ਆਈ ਜੀ ਫਰੀਦਕੋਟ ਨੂੰ ਸੌਂਪਦਿਆਂ ਜੱਜ ਸਾਹਿਬ ਨੇ ਸਮਾਂ ਸੀਮਾ ਤਹਿ ਕਰਕੇ ਜਵਾਬ ਤਲਬੀ ਕਰ ਲਈ। ਅੱਗੋਂ ਡੀ ਆਈ ਜੀ ਨੇ ਪੜਤਾਲ ਐਸ ਪੀ ਡੀ ਫਰੀਦਕੋਟ ਦੇ ਹਵਾਲੇ ਕਰ ਦਿੱਤੀ।

       ਕਿਤਾਬੀ ਕਾਨੂੰਨ ਨੂੰ ਮਾਤਰ ਕਾਗਜ ਦਾ ਇੱਕ ਟੁਕੜਾ ਬਣਾਉਣ ਲਈ ਪੁਲਸੀਆ ਤਫ਼ਤੀਸ ਦੇ ਮਾਧਿਅਮ ਰਾਹੀਂ ਐਸ ਪੀ ਡੀ ਨੇ ਸੀ ਆਰ ਪੀ ਸੀ ਦੀ ਧਾਰਾ 161 ਤਹਿਤ ਪਹਿਲਾ ਬਿਆਨ ਪਿੰਡ ਜੋਧਪੁਰ ਦੇ ਲੁਹਾਰੇ ਤਰਖਾਣੇ ਦਾ ਕੰਮ ਕਰਨ ਵਾਲੇ ਮਿਸਤਰੀ ਜਗਮੇਲ ਸਿੰਘ ਦਾ ਇਹ ਦਰਜ ਕੀਤਾ ਕਿ ਰਾਤ ਸਮੇਂ ਕੁਝ ਹਥਿਆਬੰਦ ਵਿਅਕਤੀਆਂ ਨੇ ਬੰਦੂਕ ਦੀ ਨੋਕ ਤੇ ਇੱਕ ਅਜਿਹੇ ਸਖ਼ਸ ਦੀ ਹੱਥਕੜੀ ਵੱਢਵਾਈ ਸੀ, ਜਿਸਨੂੰ ਉਸਦੇ ਸਾਥੀ ਪਰਮਜੀਤ ਦੇ ਨਾਂ ਨਾਲ ਪੁਕਾਰਦੇ ਸਨ।

       ਦੂਜਾ ਬਿਆਨ ਪਿੰਡ ਮਹਿਰਾਜ ਦੇ ਸਾਬਕਾ ਪੰਚ ਘੁੱਦਰ ਸਿੰਘ ਦਾ ਇਹ ਲਿਖਿਆ ਕਿ ਉ¤ਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਚਰਨ ਸਿੰਘ ਵੱਲੋਂ ਜਥੇਬੰਦ ਕੀਤੀ ਇੱਕ ਧਾਰਮਿਕ ਯਾਤਰਾ ਦੌਰਾਨ ਜਦ ਉਹ ਪੰਜਾਬ ਤੋਂ ਬਾਹਰਲੇ ਕਿਸੇ ਗੁਰਦੁਆਰੇ ਵਿੱਚ ਪੁੱਜੇ ਤਾਂ ਉ¤ਥੇ ਕਾਰਸੇਵਾ ਕਰ ਰਹੇ ਇੱਕ ਨੌਜਵਾਨ ਨੇ ਉਹਨਾਂ ਨੂੰ ਦੱਸਿਆ ਕਿ ਉਹ ਬਠਿੰਡਾ ਦਾ ਵਸਨੀਕ ਉਹੀ ਪਰਮਜੀਤ ਸਿੰਘ ਹੈ, ਜੋ ਹੱਥਕੜੀ ਸਮੇਤ ਪੁਲਿਸ ਦੀ ਹਿਰਾਸਤ ਚੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਇਹਨਾਂ ਬਿਆਨਾਂ ਦੇ ਅਧਾਰ ਤੇ ਕੀਤੀ ਤਫ਼ਤੀਸ ਜਰੀਏ ਸੁਪਰੀਮ ਕੋਰਟ ਵੱਲੋਂ ਭਾਰਤੀ ਦੰਡਾਵਲੀ ਤਹਿਤ ਲਗਵਾਈਆਂ 364, 302, 201 ਤੇ 34 ਵਰਗੀਆਂ ਖਤਰਨਾਕ ਧਰਾਵਾਂ ਤਬਦੀਲ ਕਰਕੇ ਪੁਲਿਸ ਨੇ ਦੋਸੀਆਂ ਦੀ ਗੈਰਮੌਜੂਦਗੀ ਵਿੱਚ ਸੀ ਜੇ ਐਮ ਬਠਿੰਡਾ ਦੀ ਅਦਾਲਤ ਵਿਖੇ ਉਹਨਾਂ ਖਿਲਾਫ 365, 342, 223, 220, 193 ਅਤੇ 120 ਬੀ ਅਜਿਹੀਆਂ ਧਰਾਵਾਂ ਅਧੀਨ 15 ਫਰਵਰੀ 2001 ਨੂੰ ਚਲਾਨ ਪੇਸ ਕਰ ਦਿੱਤਾ, ਜਿਹਨਾਂ ਰਾਹੀਂ ਦੋਸੀਆਂ ਨੂੰ ਸਧਾਰਨ ਜਿਹੀ ਸਜਾ ਮਿਲਣੀ ਸੀ। ਸੀ ਜੇ ਐਮ ਨੇ ਦੋਸੀਆਂ ਵਿਰੁੱਧ ਉਕਤ ਧਰਾਵਾਂ ਤਹਿਤ ਫਰਦ ਜੁਰਮ ਆਇਦ ਕਰ ਦਿੱਤਾ।

       ਜਾਣਕਾਰੀ ਮਿਲਣ ਤੇ ਪਰਮਜੀਤ ਦੇ ਪਰਿਵਾਰ ਨੇ ਇਹਨਾਂ ਸਤਰਾਂ ਦੇ ਲੇਖਕ ਸਮੇਤ ਜਦ ਕੁਝ ਪੱਤਰਕਾਰਾਂ ਕੋਲ ਪਹੁੰਚ ਕੀਤੀ ਤਾਂ ਉਹਨਾਂ ਨੇ ਪੁਲਿਸ ਵੱਲੋਂ ਖੜੇ ਕੀਤੇ ਉਕਤ ਤਿੰਨਾਂ ਗਵਾਹਾਂ ਨੂੰ ਅਜਿਹੇ ਤਫ਼ਤੀਸੀ ਢੰਗ ਨਾਲ ਕੁਰੇਦਿਆ ਕਿ ਜਗਮੇਲ ਸਿੰਘ ਤੇ ਚਰਨ ਸਿੰਘ ਨੇ ਨਾ ਸਿਰਫ ਇਹ ਸਪਸਟ ਕਰ ਦਿੱਤਾ ਕਿ ਉਹਨਾਂ ਕਿਸੇ ਕਿਸਮ ਦਾ ਪੁਲਿਸ ਕੋਲ ਬਿਆਨ ਲਿਖਵਾਇਆ ਹੀ ਨਹੀਂ, ਬਲਕਿ ਹਲਫੀਆ ਬਿਆਨ ਵੀ ਦੇ ਦਿੱਤੇ। ਇਹਨਾਂ ਹਲਫੀਆ ਬਿਆਨਾਂ ਨੂੰ ਨੱਥੀ ਕਰਕੇ ਗੁਰਦਿੱਤ ਸਿੰਘ ਵੱਲੋਂ ਪਾਈ ਰਵੀਜਨ ਨੂੰ ਪ੍ਰਵਾਨ ਕਰਦਿਆਂ ਅਡੀਸਨਲ ਸੈਸਨ ਜੱਜ ਸ੍ਰੀ ਡੀ ਐਸ ਮਲਵਈ ਨੇ ਸੀ ਜੇ ਐਮ ਵੱਲੋਂ ਲਾਏ ਫਰਦ ਜੁਰਮ ਨੂੰ ਰੱਦ ਕਰਕੇ ਮੁਕੱਦਮਾ ਸੁਪਰੀਮ ਕੋਰਟ ਵੱਲੋਂ ਲਗਵਾਈਆਂ ਧਰਾਵਾਂ ਤਹਿਤ ਹੀ ਚਲਾਉਣ ਦਾ ਹੁਕਮ ਦੇ ਦਿੱਤਾ।

       ਚਲਦੇ ਮੁਕੱਦਮੇ ਦੌਰਾਨ ਹੀ ਕਿਸੇ ਹੋਰ ਕੇਸ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਿਹਾ ਪੈਰੋਲ ਤੇ ਆਇਆ ਮੁੱਖ ਦੋਸੀ ਡੀ ਐਸ ਪੀ ਗੁਰਜੀਤ ਸਿੰਘ ਭਗੌੜਾ ਹੋ ਗਿਆ, ਜਦ ਕਿ ਏ ਐਸ ਆਈ ਲਖਵੀਰ ਸਿੰਘ ਤੇ ਸਿਪਾਹੀ ਪਾਲ ਸਿੰਘ ਦੀ ਮੌਤ ਹੋ ਗਈ। ਸਿੱਟੇ ਵਜੋਂ ਇਹ ਮਾਮਲਾ ਇੱਕ ਵਾਰ ਫਿਰ ਲਮਕ ਗਿਆ। ਕਾਨੂੰਨੀ ਰਸਮਾਂ ਦੀ ਪੂਰਤੀ ਉਪਰੰਤ ਸੁਣਵਾਈ ਇੱਕ ਵਾਰ ਮੁੜ ਸੁਰੂ ਤਾਂ ਹੋ ਗਈ, ਲੇਕਿਨ ਫੈਸਲਾ ਆਉਣ ਤੋਂ ਪਹਿਲਾਂ ਹੀ ਪੈਰਵੀ ਕਰਦਾ ਕਰਦਾ ਹੱਡੀਆਂ ਦੀ ਮੁੱਠ ’ਚ ਤਬਦੀਲ ਹੋਇਆ ਬਾਪੂ ਗੁਰਦਿੱਤ ਸਿੰਘ ਪਿਛਲੇ ਵਰ੍ਹੇ ਦੀ 27 ਮਈ ਨੂੰ ਸਦਾ ਦੀ ਨੀਂਦ ਸੌਂ ਗਿਆ।

       ਉਸਦੀ ਮੌਤ ਤੋਂ ਬਾਅਦ ਸਰਕਾਰੀ ਦਬਾਅ ਤੇ ਨੋਟਾਂ ਦੇ ਥੱਬਿਆਂ ਰਾਹੀਂ ਦੋਸੀਆਂ ਨੇ ਪਰਿਵਾਰ ਨੂੰ ਇੱਕ ਵਾਰ ਫਿਰ ਪਰਚਾਉਣ ਦਾ ਯਤਨ ਕੀਤਾ, ਲੇਕਿਨ ਰਗਾਂ ਵਿੱਚ ਕਮਿਊਨਿਸਟ ਖੂਨ ਵਾਲੇ ਉਸਦੇ ਵਾਰਸਾਂ ਨੇ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤਾ। ਆਖਰ 10 ਜਨਵਰੀ ਨੂੰ ਅਡੀਸਨਲ ਸੈਸਨ ਜੱਜ ਸ੍ਰੀ ਐਮ ਪੀ ਐਸ ਪਾਹਵਾ ਨੇ ਭਗੌੜੇ ਡੀ ਐਸ ਪੀ ਤੇ ਮਰ ਚੁੱਕੇ ਦੋ ਜਣਿਆਂ ਤੋਂ ਇਲਾਵਾ ਇੰਸਪੈਕਟਰ ਬਲਜਿੰਦਰ ਕੁਮਾਰ, ਏ ਐਸ ਆਈ ਗੁਰਬਚਨ ਸਿੰਘ, ਹੌਲਦਾਰਾਂ ਮੱਲ ਸਿੰਘ ਕੰਵਲਜੀਤ ਸਿੰਘ ਹਰਿੰਦਰ ਸਿੰਘ, ਸਿਪਾਹੀ ਤਰਲੋਕ ਸਿੰਘ, ਹੋਮਗਾਰਡ ਜਵਾਨਾਂ ਜਗਸੀਰ ਸਿੰਘ ਤੇ ਜਰਨੈਲ ਸਿੰਘ ਨੂੰ ਧਾਰਾ 302 ਤਹਿਤ ਉਮਰ ਕੈਦ ਤੇ ਦਸ ਦਸ ਹਜਾਰ ਰੁਪਏ ਜੁਰਮਾਨਾ, ਜਦ ਕਿ 201 ਤਹਿਤ ਤਿੰਨ ਤਿੰਨ ਸਾਲ ਕੈਦ ਤੇ ਪੰਜ ਪੰਜ ਹਜਾਰ ਰੁਪਏ ਜੁਰਮਾਨਾ ਦੀ ਸਜਾ ਸੁਣਾ ਦਿੱਤੀ।

       ਪਰਮਜੀਤ ਨੂੰ ਅਗਵਾ ਕਰਨ ਬਦਲੇ ਇੰਸਪੈਕਟਰ ਬਲਜਿੰਦਰ ਕੁਮਾਰ ਨੂੰ ਧਾਰਾ 364 ਅਧੀਨ ਸੱਤ ਸਾਲ ਦੀ ਕੈਦ ਤੇ ਦਸ ਹਜਾਰ ਰੁਪਏ ਦਾ ਜੁਰਮਾਨਾ ਵੱਖਰੇ ਤੌਰ ਤੇ ਠੋਕ ਦਿੱਤਾ।

No comments: