ਨਵੀਂ ਦਿੱਲੀ - ਬੀ.ਜੇ.ਪੀ. ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਤਮਾਮ ਅਟਕਲਾਂ 'ਤੇ ਵਿਰਾਮ ਚਿੰਨ੍ਹ ਲਗਾਉਂਦੇ ਹੋਏ ਸਾਫ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਲੜਨਗੇ। ਇਸ ਤੋਂ ਪਹਿਲਾ ਅਡਵਾਨੀ ਦੇ ਰਾਜ ਸਭਾ ਵਿਚ ਜਾਣ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਗਣਤੰਤਰ ਦਿਵਸ ਦੇ ਮੌਕੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ। ਰਾਜ ਸਭਾ 'ਚ ਜਾਣ ਦੀਆਂ ਖਬਰਾਂ 'ਤੇ ਅਡਵਾਨੀ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਹੈ। ਮੈਨੂੰ ਕੋਈ ਸੁਝਾਅ ਦੇਵੇਗਾ ਤਾਂ ਮੈਂ ਸੋਚਾਂਗਾ ਪਰ ਸੱਚ ਵਿਚ ਮੈਂ ਮੰਨਦਾ ਹਾਂ ਕਿ ਜੇਕਰ ਇਸ 'ਤੇ ਵਿਚਾਰ ਕਰਨਾ ਹੁੰਦਾ ਤਾਂ ਇਸ ਤੋਂ ਪਹਿਲਾ ਕਰ ਲੈਂਦਾ। ਮੇਰੀ ਅਜੇ ਤੱਕ ਲੋਕ ਸਭਾ ਚੋਣਾਂ ਲੜਨ ਦੀ ਇੱਛਾ ਹੈ। ਅਡਵਾਨੀ ਨੇ ਕਿਹਾ ਕਿ ਅਜੇ ਤੱਕ ਇਸ ਮੁੱਦੇ 'ਤੇ ਸਾਡੇ ਵਿਚ ਚਰਚਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਸਮਾਚਾਰ ਪੱਤਰ 'ਚ ਹੀ ਇਸ ਬਾਰੇ ਵਿਚ ਪੜ੍ਹਿਆ ਹੈ। ਉਨ੍ਹਾਂ ਨੇ ਮਜ਼ਾਕੀਆਂ ਲਹਿਜ਼ੇ 'ਚ ਕਿਹਾ ਕਿ ਜੇਕਰ ਪਾਰਟੀ ਨੇ ਇਸ 'ਤੇ ਕੋਈ ਫੈਸਲਾ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।