ਬਠਿੰਡਾ— ਲੋਕ ਸਭਾ ਚੋਣਾਂ ਦੇ ਨੇੜੇ ਪਹੁੰਚਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦਾ ਭਰੋਸਾ ਕੁਝ ਥਿੜਕਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦੇ ਅਕਸਰ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਹੁਣ ਘੱਟੋਂ-ਘੱਟ 11 ਸੀਟਾਂ ਦੀ ਜਿੱਤ 'ਤੇ ਉੱਤਰ ਆਏ ਹਨ। ਸੋਮਵਾਰ ਨੂੰ ਬਠਿੰਡਾ ਵਿਖੇ ਪੱਤਰਕਾਰਾਂ ਨੇ ਜਦੋਂ ਸੁਖਬੀਰ ਤੋਂ ਚੋਣਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਘੱਟੋਂ-ਘੱਟ 11 ਸੀਟਾਂ ਤਾਂ ਜਿੱਤ ਹੀ ਜਾਏਗਾ। 
ਹਾਲਾਂਕਿ ਸੁਖਬੀਰ ਨੇ ਇਹ ਵੀ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ 'ਚੋਂ ਸਾਫ ਹੋ ਜਾਵੇਗੀ। ਹਾਲ ਹੀ 'ਚ ਆਏ ਚੋਣ ਸਰਵੇਖਣਾਂ 'ਚ ਅਕਾਲੀ ਦਲ ਨੂੰ 6 ਸੀਟਾਂ 'ਤੇ ਜਿੱਤਦੇ ਦਿਖਾਇਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਕੁਝ ਸਰਵੇਖਣ ਅਕਾਲੀ ਦਲ ਨੂੰ 9 ਸੀਟਾਂ ਵੀ ਦੇ ਰਹੇ ਹਨ।
ਇਹ ਪਹਿਲਾਂ ਮੌਕਾ ਹੈ ਜਦੋਂ ਸੁਖਬੀਰ ਨੇ ਜਨਤਕ ਤੌਰ 'ਤੇ 13 ਤੋਂ ਘੱਟ ਸੀਟਾਂ ਜਿੱਤਣ ਦੀ ਗੱਲ ਕਹੀ ਹੈ। ਪੰਜਾਬ 'ਚ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ ਅਤੇ ਕਈ ਤਬਕੇ ਸਰਕਾਰ ਨਾਲ ਨਾਰਾਜ਼ ਵੀ ਦੱਸੇ ਜਾ ਰਹੇ ਹਨ। ਇਸ ਨਾਰਾਜ਼ਗੀ ਦੀ ਭਿਣਕ ਸ਼ਾਇਦ ਸੁਖਬੀਰ ਦੇ ਕੰਨਾਂ ਤੱਕ ਪੁੱਜ ਗਈ ਜਾਪਦੀ ਹੈ। ਲਿਹਾਜ਼ਾ ਸੁਖਬੀਰ ਨੂੰ ਲੱਗਦਾ ਹੈ ਕਿ ਜਿੱਤ ਦਾ ਅੰਕੜਾ 13 ਸੀਟਾਂ ਤੋਂ ਹੇਠਾਂ ਡਿੱਗ ਸਕਦਾ ਹੈ।