www.sabblok.blogspot.com
ਮਨਦੀਪ ਖੁਰਮੀ ਹਿੰਮਤਪੁਰਾ
ਜਿਸ ਦਿਨ ਤੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਫੜ੍ਹੇ ਪਹਿਲਵਾਨ ਜਗਦੀਸ਼ ਭੋਲਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਮੀਡੀਆ ਸਾਹਮਣੇ ਲਿਆ ਹੈ, ਉਸ ਦਿਨ ਤੋਂ ਪੰਜਾਬ ਭਰ ਵਿੱਚ ਅਕਾਲੀ ਅਤੇ ਕਾਂਗਰਸ ਪਾਰਟੀ ਵੱਲੋਂ ਇੱਕ ਦੂਜੇ ਵਿਰੁੱਧ 'ਪੁਤਲੇ ਫੂਕ ਮੁਹਿੰਮ' ਆਰੰਭੀ ਹੋਈ ਹੈ। ਮਾਘ ਮਹੀਨੇ ਦੀ ਠੰਡ ਵਿੱਚ ਪੁਤਲਿਆਂ ਨੂੰ ਲਗਦੀ ਅੱਗ ਕਾਰਨ ਲੋਕਾਂ ਨੂੰ ਤਰੇਲੀਆਂ ਲਿਆਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਜਿਸ ਤਰ੍ਹਾਂ ਇੱਕ ਬੱਸ ਦਾ ਕੰਡਕਟਰ ਸਾਰਾ ਦਿਨ ਬੱਸ ਦੇ ਅੰਦਰ ਹੀ ਕਦੇ ਅੱਗੇ ਕਦੇ ਪਿੱਛੇ ਆਉਂਦਾ ਜਾਂਦਾ ਰਹਿੰਦਾ ਹੈ ਪਰ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਦਾ, ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਵੀ ਇਸ ਭੋਲਾ ਕਾਂਡ ਬਾਰੇ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਰਹੇ ਕਿ ਅਸਲ ਦੋਸ਼ੀ ਹੈ ਕੌਣ?
ਪਿੰਡ ਪਿੰਡ ਫੂਕੇ ਜਾ ਰਹੇ ਪੁਤਲੇ ਲੋਕਾਂ ਦਾ ਧਿਆਨ ਵਾਲੀਬਾਲ ਮੈਚ ਦੇਖਦੇ ਦਰਸ਼ਕ ਵਾਂਗ ਕਦੇ ਉਸ ਪਾਲੇ ਵੱਲ ਕਦੇ ਉਸ ਪਾਲੇ ਵੱਲ ਲਿਜਾ ਰਹੇ ਹਨ। ਬੀਤੇ ਦਿਨੀਂ ਅਕਾਲੀ ਦਲ ਦੇ ਮੁਹਰੈਲ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਭੋਲਾ ਦਾ ਸਾਥੀ ਦਿਖਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ ਪਰ ਦੂਸਰੇ ਦਿਨ ਹੀ ਕਾਂਗਰਸੀਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਦਾਊਦ ਇਬਰਾਹੀਮ ਦਾ ਸਾਥੀ ਦੱਸੇ ਜਾਂਦੇ ਇੱਕ ਹੋਰ 'ਪਹਿਲਵਾਨ' ਦਾ ਕੁੜਮ ਹੋਣ ਦਾ ਦੋਸ਼ ਲਗਾ ਧਰਿਆ। ਕਾਂਗਰਸੀਆਂ ਨੇ ਤਾਂ ਢੀਂਡਸਾ ਉੱਪਰ ਉਸ ਪਹਿਲਵਾਨ ਦੀ ਵੱਖ ਵੱਖ ਸਮਿਆਂ 'ਤੇ ਰਿਹਾਈ 'ਚ ਮਦਦ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਦਿਨੋ ਦਿਨ ਸਿਆਸਤ ਆਪਣੇ ਰੰਗ ਦਿਖਾ ਰਹੀ ਹੈ। ਸਿਆਸਤੀ ਲੋਕ ਨਵੇਂ ਤੋਂ ਨਵਾਂ 'ਸੱਪ' ਕੱਢ ਰਹੇ ਹਨ। ਪਰ ਵਿਚਾਰੇ ਸਿਰਫ ਵੋਟਾਂ ਪਾਉਣ ਵਾਲਾ 'ਸੰਦ' ਬਣਕੇ ਰਹਿ ਗਏ ਜਾਪਦੇ ਹਨ ਅਤੇ ਇਹਨਾਂ ਦੋਨਾਂ ਧਿਰਾਂ ਵੱਲੋਂ ਉਡਾਈ ਜਾ ਰਹੀ ਖੇਹ ਨੂੰ ਇਹਨਾਂ ਦੇ ਸਿਰ ਪੈਂਦੀ ਵੀ ਦੇਖੀ ਜਾ ਰਹੇ ਹਨ ਅਤੇ ਭਲੇਮਾਣਸ ਬਣਕੇ ਆਪਣੇ ਸਿਰਾਂ 'ਚ ਵੀ 'ਸੱਤਬਚਨ' ਆਖ ਕੇ ਪੁਆਈ ਜਾ ਰਹੇ ਹਨ।
ਇਹ ਗੱਲ ਕਹਿਣ ਲਈ ਘੁੰਢ ਕੱਢਣ ਦੀ ਲੋੜ ਨਹੀਂ ਕਿ ਪੰਜਾਬ ਦੀਆਂ ਦੋਵੇਂ ਰਾਜਨੀਤਕ ਧਿਰਾਂ ਆਪਣੇ ਫ਼ਰਜ਼ਾਂ ਤੋਂ ਮੁਨਕਰ ਹੋ ਕੇ ਲੋਕਾਂ ਨੂੰ ਸਿਰਫ 'ਤੇ ਸਿਰਫ ਬੇਵਕੂਫ ਬਨਾਉਣ ਦੀ ਰਾਹ 'ਤੇ ਹਨ। ਇਸ 'ਚ ਵੀ ਦੋ ਰਾਵਾਂ ਨਹੀਂ ਹਨ ਕਿ ਉਹ ਆਪਣੇ ਮਕਸਦ 'ਚ ਕਾਮਯਾਬ ਵੀ ਹਨ। ਸ੍ਰ: ਮਜੀਠੀਆ ਦਾ ਨਵਾਂ ਨਕੋਰ ਬਿਆਨ ਆਇਐ ਕਿ "ਜੇ ਮੈਂ ਦੋਸ਼ੀ ਹੋਵਾਂ ਤਾਂ ਮੇਰਾ ਟੱਬਰ ਮਰਜੇ।" ਭੋਲਾ ਕਾਂਡ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਮਜੀਠੀਆ ਦੇ ਬਿਆਨ ਨੂੰ ਦੇਖਕੇ ਹੀ ਇਉਂ ਅਹਿਸਾਸ ਹੋਣ ਲਗਦੈ ਕਿ ਜਿਸ ਸੂਬੇ ਦੇ ਕਾਨੂੰਨ ਦਾ ਸਹਾਰਾ ਲੈ ਕੇ ਮੰਤਰੀ ਬਣੇ ਸ਼ਖਸ਼ ਹੀ ਸਭ ਕੁਝ ਰੱਬ ਆਸਰੇ ਛੱਡਣ ਦੀ ਗੱਲ ਕਹਿ ਰਹੇ ਹੋਣ ਉੱਥੇ ਸਚਮੁੱਚ ਹੀ ਮੰਨ ਲੈਣਾ ਚਾਹੀਦੈ ਕਿ "ਪੰਜਾਬ ਸਿਆਂ, ਸੱਚੀਂ ਹੁਣ ਤੇਰਾ ਰੱਬ ਈ ਰਾਖੈ।" ਇਸ ਬਿਆਨ ਨੂੰ ਪੜ੍ਹ ਸੁਣ ਕੇ ਬਚਪਨ ਦੇ ਦਿਨਾਂ ਵੱਲ ਫੇਰਾ ਪੈ ਗਿਆ ਜਦੋਂ ਨਿੱਕੇ ਨਿੱਕੇ ਹੁੰਦੇ ਕਿਸੇ ਨਾਲ ਲੜ੍ਹ ਪੈਂਦੇ ਸਾਂ ਤਾਂ ਓਹੀ ਜੁਆਕਾਂ ਵਾਲੀਆਂ ਗਾਲਾਂ.....ਤੇਰੀ ਮਾਂ ਮਰਜੇ, ਥੋਡਾ ਟੱਬਰ ਮਰਜੇ, ਲੰਘੀ ਬਾਰ ਮੂਹਰਦੀ ਕੁੱਤਾ ਮਗਰ ਪਾਉਂਗਾ ਵਗੈਰਾ ਵਗੈਰਾ.............ਜੇ ਅੱਜ ਸੂਬੇ ਦਾ ਇੱਕ ਜਿੰਮੇਵਾਰ ਮੰਤਰੀ ਅਜਿਹਾ ਅੰਧਵਿਸ਼ਵਾਸ਼ ਨੂੰ ਸ਼ਹਿ ਦੇਣ ਵਾਲਾ ਅਤੇ ਬਚਕਾਨਾ ਬਿਆਨ ਦੇ ਰਿਹਾ ਹੈ ਤਾਂ ਕੀ ਭਵਿੱਖ 'ਚ ਇਸ ਗੱਲ ਦੀ ਆਸ ਨਹੀਂ ਪ੍ਰਗਟਾਈ ਜਾ ਸਕਦੀ ਕਿ ਜਦ ਦੇਸ਼ ਦੀ ਸਮੁੱਚੀ ਨਿਆਂਪਾਲਕਾ ਦਾ ਮਜ਼ਾਕ ਉਡਾਉਂਦਿਆ "ਆਪੇ ਤੈਨੂੰ ਰੱਬ ਨਿੱਬੜੂ" ਆਖ ਕੇ ਹੀ ਗੱਲ ਮੁਕਾ ਦਿੱਤੀ ਜਾਣ ਲੱਗੀ। ਜੇ ਅਜਿਹੇ ਅਣਹੋਣੇ ਬਿਆਨ ਹੀ ਦੇਣੇ ਹਨ ਤਾਂ ਕੀ ਕਰਨਾ ਹੈ ਸੂਬੇ 'ਚ ਅਦਾਲਤਾਂ ਦਾ ਜਮਘਟ? ਕੀ ਕਰਨੀਆਂ ਹਨ ਜੱਜਾਂ, ਵਕੀਲਾਂ, ਵਿਜੀਲੈਂਸ ਟੀਮਾਂ, ਵੱਖ ਵੱਖ ਪੁਲਿਸ ਫੋਰਸਾਂ? ਕਿਉਂ ਨਹੀਂ ਸਭ ਨੂੰ ਘਰੋਘਰੀ ਤੋਰ ਕੇ ਸਿਰਫ 'ਤੇ ਸਿਰਫ ਰੱਬ 'ਤੇ ਡੋਰੀਆਂ ਛੱਡ ਦਿੱਤੀਆਂ ਜਾਂਦੀਆਂ? ਮਜੀਠੀਆ ਸਾਹਿਬ ਦੇ ਇਸ ਗੈਰਜਿੰਮੇਵਾਰਾਨਾ ਬਿਆਨ ਨਾਲੋਂ ਉਹਨਾਂ ਕੋਲੋਂ ਉਮੀਦ ਤਾਂ ਇਹ ਕਰਨੀ ਬਣਦੀ ਹੈ ਕਿ ਉਹ ਖੁਸ਼ੀ ਖੁਸ਼ੀ ਨਿਰਪੱਖ ਜਾਂਚ ਲਈ ਖੁਦ ਸੱਦਾ ਦੇਣ। ਜੇਕਰ ਉਹ ਸੱਚੇ ਹਨ ਤਾਂ ਸੀ.ਬੀ.ਆਈ. ਟੀਮ ਕਿਹੜਾ ਉਹਨਾਂ ਸਿਰ ਧੱਕੇ ਨਾਲ ਦੋਸ਼ ਮੜ੍ਹ ਦੇਵੇਗੀ ਜਦੋਂਕਿ ਸਰਕਾਰ ਤਾਂ ਉਹਨਾਂ ਦੀ ਆਪਣੀ ਹੈ?
ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹਨਾਂ ਦੇ ਸਿਆਸੀ ਕੱਦ ਦੇ ਮੇਚ ਦਾ ਆਗੂ ਪੰਜਾਬ ਦੀ ਨੇੜ ਭਵਿੱਖ ਸਿਆਸਤ 'ਚੋਂ ਲੱਭਣਾ ਮੁਸ਼ਕਿਲ ਹੋਵੇਗਾ। ਪਰ ਜੇਕਰ ਉਹਨਾਂ ਦੇ ਇਸ ਬਿਆਨ ਨੂੰ ਹੀ ਅੰਤਿਮ ਸੱਚ ਮੰਨ ਲਿਆ ਗਿਆ ਤਾਂ ਕੱਲ੍ਹ ਨੂੰ ਜਗਦੀਸ਼ ਭੋਲਾ ਉਹਨਾਂ ਤੋਂ ਵੀ ਵੱਧ ਵਜਨ ਵਾਲਾ ਇਹ ਬਿਆਨ ਦੇ ਸਕਦੈ ਕਿ "ਜੇ ਮੈਂ ਦੋਸ਼ੀ ਹੋਵਾਂ ਤਾਂ ਮੇਰੇ ਟੱਬਰ ਦੇ ਨਾਲ ਨਾਲ ਮੇਰੇ ਟੱਬਰ ਦੀਆਂ ਮੱਝਾਂ, ਕੱਟੇ ਕੱਟੀਆਂ ਵੀ ਮਰ ਜਾਣ।"...ਕੀ ਭੋਲੇ ਜਿਆਦਾ ਵਜ਼ਨ ਵਾਲੇ ਬਿਆਨ ਨੂੰ ਵੀ ਇਸੇ ਸ੍ਰੇਣੀ 'ਚ ਮੰਨਿਆ ਜਾਵੇਗਾ?
No comments:
Post a Comment