ਅੰਮ੍ਰਿਤਸਰ - ਪੰਜਾਬ ਸਰਕਾਰ ਨੇ ਲੜਕੀਆਂ ਦੇ ਸਕੂਲ 'ਚ ਹੁਣ ਪੁਰਸ਼ ਅਧਿਆਪਕਾਂ ਨੂੰ ਪੜ੍ਹਾਉਣ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹਨ। ਜਿਸ ਦੇ ਚੱਲਦੇ ਹੁਣ ਲੜਕੀਆਂ ਦੇ ਸਕੂਲ ਵਿਚ ਸਿਰਫ ਮਹਿਲਾ ਅਧਿਆਪਕ ਹੀ ਪੜ੍ਹਾ ਸਕਣਗੇ। ਦਰਅਸਲ ਸਰਕਾਰੀ ਸਕੂਲ ਵਿਚ ਕਈ ਵਾਰ ਸਕੂਲ ਦੀਆਂ ਬੱਚੀਆਂ ਦੇ ਨਾਲ ਪੁਰਸ਼ ਅਧਿਆਪਕਾਂ ਦੇ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਇਸ ਬੁਰਾਈ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈ ਕਿ ਹੁਣ ਲੜਕੀਆਂ ਦੇ ਸਕੂਲ 'ਚ ਸਿਰਫ ਮਹਿਲਾ ਅਧਿਆਪਕ ਹੀ ਪੜ੍ਹਾਉਣਗੇ। ਮਹਿਲਾ ਅਧਿਆਪਕਾਂ ਦਾ ਕਹਿਣਾ ਹੈ ਕਿ ਪੁਰਸ਼ ਅਧਿਆਪਕਾਂ 'ਤੇ ਇਸ ਤਰ੍ਹਾਂ ਦਾ ਵਰਤਾਅ ਗਲਤ ਹੈ ਅਤੇ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਅਤੇ ਨਾਲ ਹੀ ਸਿੱਖਿਆ ਦੇ ਖੇਤਰ ਵਿਚ ਹਰ ਕੋਈ ਇਕ ਦੂਜੇ ਦੇ ਨਾਲ ਮਹਿਲਾ ਅਤੇ ਪੁਰਸ਼ ਅਧਿਆਪਕ ਮਿਲ ਕੇ ਕੰਮ ਕਰਦੇ ਹਨ ਪਰ ਇਸ ਤਰ੍ਹਾਂ ਦੇ ਹੁਕਮ ਨੇ ਇਕ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਵਿਚ ਇਕ ਹੁਕਮ ਦਿੱਤਾ ਹੈ ਕਿ ਉਨ੍ਹਾਂ ਪੁਰਸ਼ ਅਧਿਆਪਕਾਂ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਲੜਕਿਆਂ ਦੇ ਸਕੂਲ ਵਿਚ ਭੇਜਿਆ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਕੂਲ 'ਚ ਵਧ ਰਹੀ ਛੇੜਛਾੜ ਦੀਆਂ ਘਟਨਾਵਾਂ 'ਤੇ ਲਗਾਮ ਲਗਾਉਣ ਲਈ ਕੀਤਾ ਗਿਆ ਹੈ।