ਮਾਲਵੇ 'ਚ ਹੈ ਵੱਡਾ ਆਧਾਰ ਪੂਜਾ ਦਾ 
ਸੰਗਰੂਰ --- ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਭਾਜਪਾ ਆਗੂ ਮਿਸ ਪੂਜਾ ਵੱਲੋਂ ਹੁਸ਼ਿਆਰਪੁਰ ਹਲਕੇ ਤੋਂ ਚੋਣ ਨਾ ਲੜਨ ਦੇ ਕੀਤੇ ਗਏ ਐਲਾਨ ਤੋ ਬਾਅਦ ਜਿੱਥੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੇ ਹੁਸ਼ਿਆਰਪੁਰ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਉੱਥੇ ਹੀ ਲੋਕ ਸਭਾ ਹਲਕਾਂ ਸੰਗਰੂਰ ਤੋ ਮਿਸ ਪੂਜਾ ਨੂੰ ਚੋਣ ਲੜਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪੂਜਾ ਦੇ ਹਜਾਰਾਂ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜੇਕਰ ਮਿਸ ਪੂਜਾ ਨੂੰ ਅਕਾਲੀ ਭਾਜਪਾ ਸਰਕਾਰ ਇਸ ਵਾਰੀ ਲੋਕ ਸਭਾ ਸੰਗਰੂਰ ਤੋਂ ਸੀਟ ਦੇ ਕੇ ਚੋਣ ਮੈਦਾਨ ਵਿਚ ਲਿਆਉਂਦੀ ਹੈ ਤਾਂ ਅਕਾਲੀ ਦਲ ਵੱਡੇ ਫਰਕ ਨਾਲ ਇਹ ਸੀਟ ਜਿੱਤ ਸਕਦਾ ਹੈ ਅਤੇ ਇਸ ਨਾਲ ਪਾਰਟੀ ਅੰਦਰ ਖਾਤੇ ਪੈਦਾ ਹੋ ਰਹੀ ਅੰਦਰੂਨੀ ਫੁੱਟ ਵੀ ਖਤਮ ਹੋ ਜਾਵੇਗੀ। ਮਿਸ ਪੂਜਾ ਦੀ ਜਿੱਤ ਦਾ ਵੱਡਾ ਕਾਰਨ ਜਿੱਥੇ ਇਸ ਹਲਕੇ ਅੰਦਰ ਪੂਜਾ ਦੇ ਜ਼ਿਆਦਾ ਫੈਂਨ ਹੋਣੇ ਦੱਸੇ ਜਾ ਰਹੇ ਹਨ। ਉੱਥੇ ਹੀ ਮਿਸ ਪੂਜਾ ਮਾਲਵਾ ਖੇਤਰ ਨਾਲ ਸੰਬੰਧਤ ਹੋਣ ਕਰਕੇ ਵੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋ ਸਕਦੀ ਹੈ ਭਾਵ ਅਕਾਲੀ ਦਲ ਨੂੰ ਇਹ ਸੀਟ ਆਪਣੇ ਆਪ ਥਾਲੀ ਵਿਚ ਪਰੋਸੇ ਹੀ ਮਿਲ ਸਕਦੀ ਹੈ। ਸੈਂਕੜੇ ਹੀ ਪ੍ਰਸ਼ੰਸਕਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਪੂਜਾ ਨੂੰ ਟਿਕਟ ਮਿਲਦੀ ਹੈ ਤਾਂ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਮਿਸ ਪੂਜਾ ਨੂੰ ਜਿਤਾਉਣ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦੇਣਗੇ। ਇੱਥੇ ਜ਼ਿਕਰਯੋਗ ਹੈ ਕਿ ਹਲਕਾ ਸੰਗਰੂਰ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਜੇਕਰ ਭਾਜਪਾ ਇਸ ਹਲਕੇ ਤੋ ਟਿਕਟ ਪੂਜਾ ਨੂੰ ਦੇਣ ਵਿਚ ਸਫਲ ਹੁੰਦੀ ਹੈ ਤਾਂ ਕਾਗਰਸ ਦੇ ਗੜ੍ਹ ਨੂੰ ਟੁੱਟਣ ਤੋ ਕੋਈ ਵੀ ਨਹੀ ਰੋਕ ਸਕਦਾ। ਫਿਲਹਾਲ ਟਿਕਟ ਕਿਸ ਦੇ ਸਿਰ ਦਾ ਤਾਜ ਬਣੇਗੀ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।